ਕੁਝ ਸਮਾਂ ਪਹਿਲਾਂ ਤੱਕ ਸਾਡੇ ਸਮੇਤ ਤਾਨਾਸ਼ਾਹੀ ਦਾ ਵਿਰੋਧ ਕਰਨ ਵਾਲਿਆਂ ਨੂੰ ਲਗਦਾ ਸੀ ਕਿ ‘ਇੰਡੀਆ’ ਗਠਜੋੜ ਨੂੰ ਅੱਗੇ ਵਧਾਉਣ ਵਿੱਚ ਕਾਂਗਰਸ ਪਾਰਟੀ ਦੀ ਜੱਕੋਤੱਕੀ ਵਾਲੀ ਨੀਤੀ ਮੁੱਖ ਅੜਿੱਕਾ ਬਣੀ ਹੋਈ ਹੈ। ਸਮੇਂ ਨੇ ਸਾਬਤ ਕਰ ਦਿੱਤਾ ਹੈ ਕਿ ਇਹ ਸੋਚ ਗਲਤ ਸੀ। ਅਸਲ ਵਿੱਚ ਲੜਾਈ 2024 ਦੀਆਂ ਲੋਕ ਸਭਾ ਚੋਣਾਂ ਦੀ ਨਹੀਂ, ਦੋ ਵਿਚਾਰਧਾਰਾਵਾਂ ਵਿਚਕਾਰ ਹੈ। ਇੱਕ ਪਾਸੇ ਤਾਨਾਸ਼ਾਹੀ ਹੈ ਦੂਜੇ ਪਾਸੇ ਜਮਹੂਰੀਅਤ ਪਸੰਦ ਤਾਕਤਾਂ। ਇੰਡੀਆ ਗਠਜੋੜ ਵਿੱਚ ਕਾਂਗਰਸ ਪਾਰਟੀ ਮੁੱਖ ਧਿਰ ਹੈ, ਜਿਹੜੀ ਵਿਚਾਰਧਾਰਕ ਲੜਾਈ ਦਾ ਦਾਅਵਾ ਹੀ ਨਹੀਂ ਕਰਦੀ, ਇਸ ਦੇ ਆਗੂ ਰਾਹੁਲ ਗਾਂਧੀ ਲੋਕਾਂ ਵਿੱਚ ਜਾ ਕੇ ਇਹ ਲੜਾਈ ਲੜ ਵੀ ਰਹੇ ਹਨ। ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕਾਂਗਰਸ ਪਾਰਟੀ ਵਿਚਲੇ ਅਵਸਰਵਾਦੀ ਲੋਕ ਮੌਕਾ ਮਿਲਦਿਆਂ ਹੀ ਇਸ ਨੂੰ ਦਗਾ ਦੇ ਜਾਣਗੇ। ਪਿਛਲੇ 10 ਸਾਲਾਂ ਦਾ ਇਤਿਹਾਸ ਇਸ ਦਾ ਗਵਾਹ ਹੈ। ‘ਇੰਡੀਆ’ ਗਠਜੋੜ ਵਿੱਚ ਤਾਨਾਸ਼ਾਹੀ ਵਿਰੁੱਧ ਲੜਾਈ ਵਿੱਚ ਸਭ ਤੋਂ ਪਰਪੱਕ ਧਿਰ ਸਿਰਫ਼ ਖੱਬੀਆਂ ਪਾਰਟੀਆਂ ਹਨ। ਭਾਵੇਂ ਇਸ ਸਮੇਂ ਇਹ ਸਿਆਸੀ ਤੌਰ ਉੱਤੇ ਕਮਜ਼ੋਰ ਹਨ, ਪਰ ਇਰਾਦੇ ਦੀ ਦਿ੍ਰੜ੍ਹਤਾ ਵਜੋਂ ਸਭ ਤੋਂ ਮਜ਼ਬੂਤ ਧਿਰ ਹਨ।
ਉਪਰੋਕਤ ਦੋ ਧਿਰਾਂ ਤੋਂ ਇਲਾਵਾ ਇਸ ਗੱਠਜੋੜ ਵਿੱਚ ਇਲਾਕਾਈ ਪਾਰਟੀਆਂ ਹਨ, ਜਿਨ੍ਹਾਂ ਦੀ ਕੋਈ ਵਿਚਾਰਧਾਰਾ ਨਹੀਂ ਹੈ। ਇਨ੍ਹਾਂ ਦਾ ਇੱਕੋ-ਇੱਕ ਮਕਸਦ ਸੱਤਾ ਵਿੱਚ ਭਾਗੀਦਾਰੀ ਹੈ। ਲਾਲੂ ਪ੍ਰਸਾਦ ਦਾ ਰਾਸ਼ਟਰੀ ਜਨਤਾ ਦਲ ਕੁਝ ਹੱਦ ਤੱਕ ਤਾਨਾਸ਼ਾਹੀ ਦੇ ਵਿਰੋਧ ਵਿੱਚ ਡਟਿਆ ਰਿਹਾ ਹੈ, ਪਰ ਬਾਕੀਆਂ ਉੱਤੇ ਭਰੋਸਾ ਕਰਨਾ ਮੁਸ਼ਕਲ ਹੈ। ਗਠਜੋੜ ਵਿੱਚ ਕੁਝ ਸੀਟਾਂ ਹਾਸਲ ਕਰਕੇ ਇਨ੍ਹਾਂ ਪਾਰਟੀਆਂ ਦੇ ਆਗੂ ਮਲਾਈਦਾਰ ਅਹੁਦੇ ਦੀ ਝਾਕ ਵਿੱਚ ਦੂਜੇ ਪਾਸੇ ਵੀ ਛੜੱਪਾ ਮਾਰ ਸਕਦੇ ਹਨ।
ਇਸ ਦੀ ਸਭ ਤੋਂ ਵੱਡੀ ਉਦਾਹਰਣ ਰਾਸ਼ਟਰੀ ਲੋਕ ਦਲ ਦੇ ਮੁਖੀ ਜੈਅੰਤ ਚੌਧਰੀ ਦੀ ਹਾਲੀਆ ਉਲਟਬਾਜ਼ੀ ਹੈ। ਹਰ ਕਿੱਤਾ ਆਪਣਾ ਸੱਭਿਆਚਾਰ ਵਿਕਸਤ ਕਰਦਾ ਹੈ। ਖੇਤੀ ਕਿੱਤਾ ਕਰਨ ਵਾਲੇ ਜੱਟ ਜਾਂ ਜਾਟ ਬਾਰੇ ਕਿਹਾ ਜਾਂਦਾ ਹੈ ਕਿ ਉਹ ਆਪਣੇ ਸਨਮਾਨ ਦੀ ਰਾਖੀ ਲਈ ਆਪਣੀ ਜਾਨ ਵੀ ਦੇ ਦਿੰਦਾ ਹੈ। ਇਸੇ ਕਾਰਨ ਜਦੋਂ ਸਰਹੱਦਾਂ ਦੀ ਰਾਖੀ ਲਈ ਸਿਰ ਕਟਵਾਉਣ ਦੀ ਵਾਰੀ ਆਉਂਦੀ ਹੈ ਤਾਂ ਇਹ ਸਭ ਤੋਂ ਮੂਹਰੇ ਹੁੰਦੇ ਹਨ। ਚੌਧਰੀ ਚਰਨ ਸਿੰਘ ਨੂੰ ਭਾਰਤ ਰਤਨ ਮਿਲਣ ਉੱਤੇ ‘ਦਿਲ ਜਿੱਤ ਲਿਆ’ ਦਾ ਬਿਆਨ ਦੇਣ ਵਾਲੇ ਜੈਅੰਤ ਚੌਧਰੀ ਇਹ ਵੀ ਭੁੱਲ ਗਏ ਕਿ ਦਿੱਲੀ ਦੇ ਜਿਸ ਬੰਗਲੇ ਵਿੱਚ ਚੌਧਰੀ ਚਰਨ ਸਿੰਘ ਰਿਹਾ ਕਰਦੇ ਸਨ, ਉਸ ਵਿੱਚੋਂ ਉਸ ਦੇ ਪਿਤਾ ਚੌਧਰੀ ਅਜੀਤ ਸਿੰਘ ਨੂੰ ਇਸੇ ਮੋਦੀ ਸਰਕਾਰ ਨੇ ਧੱਕੇ ਮਾਰ ਕੇ ਕੱਢਿਆ ਸੀ। ਚੌਧਰੀ ਅਜੀਤ ਸਿੰਘ ਨੇ ਇਹ ਵੀ ਬੇਨਤੀ ਕੀਤੀ ਸੀ ਕਿ ਇਸ ਬੰਗਲੇ ਨੂੰ ਚੌਧਰੀ ਚਰਨ ਸਿੰਘ ਦੀ ਯਾਦਗਾਰ ਬਣਾ ਦਿੱਤਾ ਜਾਵੇ, ਪਰ ਮੋਦੀ ਸਰਕਾਰ ਨੇ ਨਾਂਹ ਕਰ ਦਿੱਤੀ ਸੀ। ਜਦੋਂ ਚੌਧਰੀ ਅਜੀਤ ਸਿੰਘ ਨੂੰ ਬੰਗਲੇ ਵਿੱਚੋਂ ਕੱਢਿਆ ਗਿਆ ਸੀ, ਉਸ ਸਮੇਂ ਜੈਅੰਤ ਚੌਧਰੀ ਸਾਂਸਦ ਬਣ ਚੁੱਕੇ ਸਨ।
ਇਸ ਸਰਕਾਰ ਨੇ ਖੁਦ ਜੈਅੰਤ ਚੌਧਰੀ ਦਾ ਸਨਮਾਨ ਕਿਵੇਂ ਕੀਤਾ ਸੀ, ਇਸ ਦੀ ਕਹਾਣੀ ਸੁਣੋ। ਹਾਥਰਸ ਵਿੱਚ ਇੱਕ ਦਲਿਤ ਬੱਚੀ ਨੂੰ ਪਿੰਡ ਦੇ ਚੌਧਰੀਆਂ ਨੇ ਬਲਾਤਕਾਰ ਕਰਕੇ ਮਾਰ ਦਿੱਤਾ ਸੀ। ਜੈਅੰਤ ਚੌਧਰੀ ਮੌਕੇ ’ਤੇ ਜਾਣਾ ਚਾਹੁੰਦੇ ਸਨ। ਉਸ ਸਮੇਂ ਯੋਗੀ ਸਰਕਾਰ ਦੀ ਪੁਲਸ ਨੇ ਜੈਅੰਤ ਚੌਧਰੀ ਦਾ ਲਾਠੀਆਂ ਨਾਲ ਸਤਿਕਾਰ ਕੀਤਾ ਸੀ। ਪੁਲਸ ਨੇ ਜੈਅੰਤ ਚੌਧਰੀ ਦਾ ਲਾਠੀਆਂ ਨਾਲ ਏਨਾ ਸਵਾਗਤ ਕੀਤਾ ਸੀ ਕਿ ਜੇਕਰ ਪਾਰਟੀ ਵਰਕਰ ਉਸ ਨੂੰ ਨਾ ਬਚਾਉਂਦੇ ਤਾਂ ਪਤਾ ਨਹੀਂ ਕੀ ਭਾਣਾ ਵਾਪਰ ਜਾਣਾ ਸੀ। ਜੈਅੰਤ ਚੌਧਰੀ ਦੀ ਜ਼ਮੀਰ ਅੰਦਰ ਜੇਕਰ ਜ਼ਰਾ ਵੀ ਸਵੈਮਾਣ ਹੁੰਦਾ ਤਾਂ ਉਹ ਉਸੇ ਵੇਲੇ ਇਸ ਸਰਕਾਰ ਨੂੰ ਉਖਾੜਨ ਦਾ ਪ੍ਰਣ ਲੈਂਦਾ, ਪਰ ਜਿਨ੍ਹਾਂ ਆਗੂਆਂ ਦੀ ਸੱਤਾ ਦੀ ਭੁੱਖ ਨੇ ਜ਼ਮੀਰ ਮਾਰ ਦਿੱਤੀ ਹੈ, ਉਨ੍ਹਾਂ ਤੋਂ ਇਹ ਆਸ ਨਹੀਂ ਕੀਤੀ ਜਾ ਸਕਦੀ।
ਚੌਧਰੀ ਚਰਨ ਸਿੰਘ ਕਿਸਾਨਾਂ ਦੇ ਆਗੂ ਸਨ। ਉਨ੍ਹਾ ਦੇ ਜਿਉਂਦੇ-ਜੀਅ ਪੱਛਮੀ ਯੂ ਪੀ ਦੀ ਬੈੱਲਟ ਵਿੱਚ ਜਾਟਾਂ ਤੇ ਮੁਸਲਮਾਨਾਂ ਦੇ ਭਾਈਚਾਰੇ ਵਿੱਚ ਕਦੇ ਵੀ ਤਰੇੜ ਨਹੀਂ ਆਈ ਸੀ। ਫਿਰਕੂਪੁਣੇ ਅਧੀਨ ਭਾਈਚਾਰੇ ਵਿੱਚ ਫੁੱਟ ਪਾਉਣ ਵਾਲੀ ਭਾਜਪਾ ਨਾਲ ਉਹ ਕਦੇ ਵੀ ਖੜ੍ਹੇ ਨਾ ਹੁੰਦੇ। ਉਨ੍ਹਾ ਆਪਣੇ ਸਾਰੇ ਜੀਵਨ ਦੌਰਾਨ ਕਦੇ ਵੀ ਆਪਣੀ ਵਿਚਾਰਧਾਰਾ ਨਾਲ ਸਮਝੌਤਾ ਨਹੀਂ ਕੀਤਾ।
ਇਹ ਭੁੱਲਣਾ ਨਹੀਂ ਚਾਹੀਦਾ ਕਿ ਦਿੱਲੀ ਦੀਆਂ ਸਰਹੱਦਾਂ ਉੱਤੇ ਇੱਕ ਸਾਲ ਲੰਮੇ ਕਿਸਾਨ ਮੋਰਚੇ ਦੌਰਾਨ ਸੈਂਕੜੇ ਕਿਸਾਨ ਸ਼ਹੀਦ ਹੋਏ ਸਨ। ਇਸ ਕਿਸਾਨ ਸੰਘਰਸ਼ ਦਾ ਹੀ ਨਤੀਜਾ ਸੀ ਕਿ ਯੂ ਪੀ ਦੀ ਇਸ ਬੈੱਲਟ ਦੇ ਬੁਰੀ ਤਰ੍ਹਾਂ ਵੰਡੇ ਜਾ ਚੁੱਕੇ ਜਾਟ ਤੇ ਮੁਸਲਿਮ ਕਿਸਾਨਾਂ ਦੀਆਂ ਮੁੜ ਜੱਫੀਆਂ ਪੈ ਗਈਆਂ ਸਨ। ਜੈਅੰਤ ਚੌਧਰੀ ਦੇ ਭਾਜਪਾ ਨਾਲ ਗਠਜੋੜ ਕਰ ਲੈਣ ਨੇ ਕਿਸਾਨ ਏਕਤਾ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਚੌਧਰੀ ਚਰਨ ਸਿੰਘ ਤਾਨਾਸ਼ਾਹੀ ਦਾ ਕੱਟੜ ਵਿਰੋਧੀ ਸੀ। ਉਸ ਨੇ ਐਮਰਜੈਂਸੀ ਦਾ ਵਿਰੋਧ ਕਰਦਿਆਂ ਜੇਲ੍ਹ ਕੱਟੀ ਸੀ। ਜੇਕਰ ਅੱਜ ਉਹ ਜ਼ਿੰਦਾ ਹੁੰਦੇ ਤਾਂ ਉਹ ਸਨਮਾਨ ਲੈਣ ਦੀ ਥਾਂ ਤਾਨਾਸ਼ਾਹੀ ਨਾਲ ਲੋਹਾ ਲੈ ਰਹੇ ਹੁੰਦੇ।
ਇਸ ਘਟਨਾ ਤੋਂ ਬਾਅਦ ਜ਼ਰੂਰੀ ਹੈ ਕਿ ‘ਇੰਡੀਆ’ ਗਠਜੋੜ ਵਿੱਚ ਸ਼ਾਮਲ ਮੁੱਖ ਧਿਰਾਂ ਨੂੰ ਬੋਚ-ਬੋਚ ਕੇ ਕਦਮ ਪੁੱਟਣੇ ਚਾਹੀਦੇ ਹਨ। ਆਪਣੀ ਟੇਕ ਮੁੱਖ ਤੌਰ ਉੱਤੇ ਗਰੀਬ, ਦਲਿਤ ਤੇ ਆਦਿਵਾਸੀ ਲੋਕਾਂ ਤੇ ਇਨ੍ਹਾਂ ਦੀ ਪ੍ਰਤੀਨਿਧਤਾ ਕਰਦੀਆਂ ਧਿਰਾਂ ਉੱਤੇ ਰੱਖਣੀ ਚਾਹੀਦੀ ਹੈ। ਲੜਾਈ ਲੰਮੀ ਹੈ, ਇਹ ਉਨ੍ਹਾਂ ਧਿਰਾਂ ਨੂੰ ਨਾਲ ਲੈ ਕੇ ਹੀ ਲੜੀ ਜਾ ਸਕਦੀ ਹੈ, ਜਿਹੜੀਆਂ ਵਿਚਾਰਧਾਰਕ ਸੰਘਰਸ਼ ਨੂੰ ਪ੍ਰਣਾਈਆਂ ਹੋਈਆਂ ਹਨ। ਅੱਜ ਕਿਸਾਨ ਲੜ ਰਹੇ ਹਨ, ਬੇਰੁਜ਼ਗਾਰੀ ਵਿਰੁੱਧ ਨੌਜਵਾਨ ਮੈਦਾਨ ’ਚ ਹਨ, ਔਰਤਾਂ ਸਨਮਾਨ ਦੀ ਜ਼ਿੰਦਗੀ ਲਈ ਲੜ ਰਹੀਆਂ ਹਨ ਅਤੇ ਮੁਲਾਜ਼ਮ, ਮਜ਼ਦੂਰ ਤੇ ਮੱਧ ਵਰਗੀ ਲੋਕ ਵੀ ਮੈਦਾਨ ਮੱਲ ਰਹੇ ਹਨ। ਇਹੋ ਲੋਕ ਹਨ, ਜੋ ਤਾਨਾਸ਼ਾਹੀ ਨਾਲ ਮੱਥਾ ਲਾ ਸਕਦੇ ਹਨ।
-ਚੰਦ ਫਤਿਹਪੁਰੀ