ਚੰਡੀਗੜ੍ਹ : ਸੀ ਪੀ ਆਈ ਪੰਜਾਬ ਦੇ ਪ੍ਰਧਾਨ ਬੰਤ ਸਿੰਘ ਬਰਾੜ ਅਤੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਸੰਗਰੂਰ ਵਿਚ ਪੰਜਾਬ ਦੀਆਂ ਫੂਡ ਏਜੰਸੀਆਂ, ਜਿਹੜੀਆਂ ਪਨਗਰੇਨ ਹੇਠ ਫੂਡ ਕਾਰਪੋਰੇਸ਼ਨ ਆਫ ਇੰਡੀਆਂ ਦੀ ਦੇਖ-ਰੇਖ ਹੇਠਾਂ ਚੱਲ ਰਹੀਆਂ ਹਨ, ਦੇ ਵਰਕਰਾਂ ਵੱਲੋਂ ਚਲਾਏ ਜਾ ਰਹੇ ਸੰਘਰਸ਼ ਦੀ ਸੰਪੂਰਨ ਹਮਾਇਤ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹਨਾਂ ਏਜੰਸੀਆਂ ਵਿਚੋਂ ਠੇਕੇਦਾਰੀ ਪ੍ਰਣਾਲੀ ਦਾ ਖਾਤਮਾ ਕਰਕੇ ਮਜ਼ਦੂਰਾਂ ਨੂੰ ਸਿੱਧੀਆਂ ਉਜਰਤਾਂ ਪ੍ਰਦਾਨ ਕੀਤੀਆਂ ਜਾਣ। ਦੋਵਾਂ ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਠੇਕੇਦਾਰਾਂ ਦੇ ਦਬਾਅ ਹੇਠਾਂ ਮਜ਼ਦੂਰ ਆਗੂਆਂ ਨੂੰ ਵਾਰ-ਵਾਰ ਮੀਟਿੰਗਾਂ ਦਾ ਟਾਈਮ ਦੇ ਕੇ ਟਾਲ-ਮਟੋਲ ਕਰ ਰਹੀ ਹੈ, ਜਦੋਂਕਿ ਠੇਕੇਦਾਰ ਕਾਨੂੰਨ ਅਨੁਸਾਰ ਨਾ ਤਾਂ ਪੂਰੀਆਂ ਉਜਰਤਾਂ ਦੇ ਰਹੇ ਹਨ ਅਤੇ ਨਾ ਹੀ ਸਕਿਉਰਿਟੀ ਪ੍ਰਦਾਨ ਕਰ ਰਹੇ ਹਨ। ਜਦੋਂ ਮਰਜ਼ੀ ਮਜ਼ਦੂਰਾਂ ਦੀ ਨਵੀਂ ਭਰਤੀ ਕਰਨ ਅਤੇ ਮਰਜ਼ੀ ਅਨੁਸਾਰ ਮਜ਼ਦੂਰਾਂ ਨੂੰ ਹਟਾ ਦਿੰਦੇ ਹਨ। ਏਟਕ ਆਗੂਆਂ ਨੇ ਕਿਹਾ ਕਿ ਈ ਪੀ ਐੱਫ ਦਾ ਆਪਣਾ ਹਿੱਸਾ ਠੇਕੇਦਾਰ ਨਹੀਂ ਦਿੰਦੇ ਅਤੇ ਨਾ ਹੀ ਵਰਕਰਾਂ ਨੂੰ ਈ ਐੱਸ ਆਈ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਯਾਦ ਰਹੇ ਏਟਕ ਅਤੇ ਇੰਟਕ ਦੀ ਅਗਵਾਈ ਵਿਚ ਪੰਜਾਬ ਦੇ 35 ਹਜ਼ਾਰ ਮਜ਼ਦੂਰ ਪਿਛਲੇ 35 ਦਿਨਾਂ ਤੋਂ ਸੰਘਰਸ਼ ’ਤੇ ਚੱਲ ਰਹੇ ਹਨ। ਉਹ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਕੋਠੀ ਮੂਹਰੇ ਪੱਕਾ ਧਰਨਾ ਲਗਾ ਕੇ ਬੈਠੇ ਹਨ। ਮਜ਼ਦੂਰਾਂ ਦੀ ਅਗਵਾਈ ਏਟਕ ਦੇ ਆਗੂ ਅਮਰ ਸਿੰਘ ਭੱਟੀਆਂ, ਬਖਤਾਵਰ ਸਿੰਘ ਅਤੇ ਅਵਤਾਰ ਸਿੰਘ ਅਤੇ ਇੰਟਕ ਆਗੂ ਛਿੰਦਰਪਾਲ ਸਿੰਘ ਤੇ ਛਿੰਦਰ ਸਿੰਘ ਕਰ ਰਹੇ ਹਨ। ਦੋਵਾਂ ਆਗੂਆਂ ਨੇ ਆਖਿਆ ਕਿ ਜੇਕਰ ਸਰਕਾਰ ਨੇ ਇਹਨਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਾ ਦਿਤਾ ਤਾਂ ਪੰਜਾਬ ਏਟਕ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਮਜਬੂਰ ਹੋਵੇਗੀ।