34.1 C
Jalandhar
Friday, October 18, 2024
spot_img

ਤਾਨਾਸ਼ਾਹੀ ਵਿਰੁੱਧ ਜਨਤਾ ਮੈਦਾਨ ’ਚ

ਅੱਧ ਫਰਵਰੀ ਬੀਤ ਚੁੱਕੀ ਹੈ। ਠੰਢ ਜਾ ਰਹੀ ਹੈ ਤੇ ਬਸੰਤ ਦਾ ਆਗਮਨ ਹੋ ਗਿਆ ਹੈ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਦੇਸ਼ ਦਾ ਸਿਆਸੀ ਅਸਮਾਨ ਵੀ ਹਰ ਆਏ ਦਿਨ ਨਿੱਖਰ ਰਿਹਾ ਹੈ। 22 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਮ ਲੱਲਾ ਦੀ ਮੂਰਤੀ ਵਿੱਚ ਪ੍ਰਾਣਾਂ ਦਾ ਸੰਚਾਰ ਕਰਕੇ ਰਾਮ ਦੇ ਸ਼ਰਧਾਲੂਆਂ ਵਿੱਚ ਆਸਥਾ ਦੀ ਜੋ ਖੁਮਾਰੀ ਚਾੜ੍ਹੀ ਗਈ ਸੀ, ਉਸ ਦਾ ਕਾਫ਼ੀ ਹੱਦ ਤੱਕ ਨਸ਼ਾ ਉੱਤਰ ਚੁੱਕਾ ਹੈ। ਉਹ ਸ਼ਰਧਾਲੂ, ਜਿਹੜੇ ਹਾਲੇ ਵੀ ਹਵਾ ਵਿੱਚ ਉਡ ਰਹੇ ਹਨ, ਅਗਲੇ ਦੋ ਮਹੀਨਿਆਂ ਦੌਰਾਨ ਉਹ ਵੀ ਪਦਾਰਥਕ ਲੋੜਾਂ ਦੀ ਧਰਤੀ ਉੱਤੇ ਉੱਤਰ ਆਉਣਗੇ।
ਪਿਛਲੇ ਦਿਨੀਂ ‘ਇੰਡੀਆ ਟੂਡੇ’ ਤੇ ‘ਸੀ ਵੋਟਰ’ ਨੇ ਲੋਕ ਸਭਾ ਚੋਣਾਂ ਬਾਰੇ ਲੋਕਾਂ ਦੀ ਰਾਇ ਜਾਣਨ ਲਈ ‘ਮੂਡ ਆਫ਼ ਨੇਸ਼ਨ’ ਦੇ ਨਾਂਅ ਹੇਠ ਇੱਕ ਚੋਣ ਸਰਵੇ ਕੀਤਾ ਸੀ। ਏਜੰਸੀਆਂ ਮੁਤਾਬਕ ਉਨ੍ਹਾਂ ਵੱਲੋਂ ਹਰ ਲੋਕ ਸਭਾ ਹਲਕੇ ਵਿੱਚ ਜਾ ਕੇ ਔਸਤਨ 35801 ਵੋਟਰਾਂ ਦੀ ਰਾਇ ਲੈ ਕੇ ਆਪਣਾ ਨਤੀਜਾ ਕੱਢਿਆ ਗਿਆ ਹੈ। ਆਮ ਤੌਰ ’ਤੇ ਚੋਣਾਂ ਤੋਂ ਪਹਿਲਾਂ ਕੀਤੇ ਜਾਂਦੇ ਅਜਿਹੇ ਸਰਵੇਖਣ ਸੱਤਾਧਾਰੀ ਧਿਰ ਦੇ ਹੱਕ ਵਿੱਚ ਹਵਾ ਬੰਨ੍ਹਣ ਲਈ ਹੀ ਕੀਤੇ ਜਾਂਦੇ ਹਨ, ਪਰ ਨਤੀਜਾ ਕੱਢਣ ਸਮੇਂ ਏਜੰਸੀਆਂ ਨੂੰ ਆਪਣੀ ਸਾਖ ਬਚਾਉਣ ਦੀ ਵੀ ਫਿਕਰ ਹੁੰਦੀ ਹੈ। ਏਜੰਸੀਆਂ ਵੱਲੋਂ ਜਾਰੀ ਸਰਵੇਖਣ ਬਾਰੇ ਗੱਲ ਕਰਨ ਤੋਂ ਪਹਿਲਾਂ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਾਅਵੇ ਬਾਰੇ ਜਾਣਦੇ ਹਾਂ। ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦ ਮਤੇ ਬਾਰੇ ਬੋਲਦਿਆਂ ਉਨ੍ਹਾ ਦਾਅਵਾ ਕੀਤਾ ਸੀ ਕਿ ਇਸ ਵਾਰ ਐੱਨ ਡੀ ਏ 400 ਪਾਰ ਤੇ ਭਾਜਪਾ ਇਕੱਲਪ 370 ਸੀਟਾਂ ਜਿੱਤੇਗੀ।
ਹੁਣ ਏਜੰਸੀਆਂ ਦੇ ਸਰਵੇ ਦੇ ਨਤੀਜੇ ਦੀ ਸਚਾਈ ਜਾਣਦੇ ਹਾਂ। ਏਜੰਸੀਆਂ ਦਾ ਸਰਵੇ ਕਹਿੰਦਾ ਹੈ ਕਿ ਇਸ ਵਾਰ ਭਾਜਪਾ 300 ਤੋਂ 304 ਸੀਟਾਂ ਜਿੱਤ ਸਕਦੀ ਹੈ। ਇਸ ਦਾ ਮਤਲਬ ਹੈ ਬਹੁਮਤ ਤੋਂ ਸਿਰਫ਼ 30-32 ਕੁ ਸੀਟਾਂ ਵੱਧ। ਗੋਦੀ ਮੀਡੀਆ ਨੇ ਇਸ ਅੰਕੜੇ ਨੂੰ ਖੂਬ ਉਛਾਲਿਆ ਹੈ, ਪਰ ਇਸ ਸਰਵੇਖਣ ਵਿੱਚ ਪੇਸ਼ ਕੀਤੇ ਗਏ ਹੋਰ ਅੰਕੜਿਆਂ ਤੋਂ ਉਨ੍ਹਾਂ ਅੱਖਾਂ ਮੀਟ ਰੱਖੀਆਂ ਹਨ। ਇਹ ਅੰਕੜੇ ਦੱਸਦੇ ਹਨ ਕਿ ਦੇਸ਼ ਦੀ ਬਹੁਗਿਣਤੀ ਅਬਾਦੀ ਮੋਦੀ ਸਰਕਾਰ ਦੇ ਕੰਮਕਾਜ ਤੋਂ ਸੰਤੁਸ਼ਟ ਨਹੀਂ। ਦੇਸ਼ ਦੇ 54 ਫ਼ੀਸਦੀ ਲੋਕਾਂ ਦਾ ਕਹਿਣਾ ਹੈ ਕਿ ਬੇਰੁਜ਼ਗਾਰੀ ਦਾ ਸੰਕਟ ਗੰਭੀਰ ਹੈ, 17 ਫ਼ੀਸਦੀ ਕਹਿੰਦੇ ਹਨ ਕਿ ਇਹ ਕੋਈ ਸਮੱਸਿਆ ਨਹੀਂ। ਇਸ ਦੇ ਨਾਲ ਹੀ 56 ਫ਼ੀਸਦੀ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਰੁਜ਼ਗਾਰ ਪੈਦਾ ਕਰਨ ਵਿੱਚ ਨਾਕਾਮ ਰਹੀ ਹੈ।
ਇਸ ਸਰਵੇ ਵਿੱਚ 52 ਫ਼ੀਸਦੀ ਲੋਕਾਂ ਦਾ ਕਹਿਣਾ ਹੈ ਕਿ ਮੋਦੀ ਰਾਜ ਦੌਰਾਨ ਸਭ ਤੋਂ ਵੱਧ ਫਾਇਦਾ ਵੱਡੇ ਕਾਰੋਬਾਰੀਆਂ ਨੂੰ ਹੋਇਆ ਹੈ, ਜਦੋਂ ਕਿ 9 ਫੀਸਦੀ ਦਾ ਕਹਿਣਾ ਹੈ ਕਿਸਾਨਾਂ ਦਾ ਫਾਇਦਾ ਹੋਇਆ ਹੈ, 8 ਫ਼ੀਸਦੀ ਦਾ ਕਹਿਣਾ ਹੈ ਮੁਲਾਜ਼ਮਾਂ ਦਾ ਫਾਇਦਾ ਹੋਇਆ ਹੈ ਤੇ 11 ਫ਼ੀਸਦੀ ਦਾ ਕਹਿਣਾ ਹੈ ਛੋਟੇ ਵਪਾਰੀਆਂ ਦਾ ਫਾਇਦਾ ਹੋਇਆ ਹੈ। ਮੋਦੀ ਰਾਜ ਦੌਰਾਨ ਬੇਕਾਰੀ ਤੇ ਮਹਿੰਗਾਈ ਨੇ ਆਮ ਲੋਕਾਂ ਦਾ ਜਿਸ ਤਰ੍ਹਾਂ ਧੂੰਆਂ ਕੱਢਿਆ ਹੈ, ਉਸ ਬਾਰੇ 62 ਫ਼ੀਸਦੀ ਲੋਕਾਂ ਦਾ ਕਹਿਣਾ ਹੈ ਕਿ ਘਰ ਚਲਾਉਣਾ ਮੁਸ਼ਕਲ ਹੋ ਗਿਆ ਹੈ, ਜਦੋਂ ਕਿ 33 ਫ਼ੀਸਦੀ ਦਾ ਕਹਿਣਾ ਹੈ ਕਿ ਖਰਚ ਵਧ ਗਿਆ ਹੈ, ਪ੍ਰੰਤੂ ਹਾਲੇ ਗੁਜ਼ਾਰਾ ਚੱਲ ਰਿਹਾ ਹੈ। ਭਵਿੱਖ ਨੂੰ ਲੈ ਕੇ ਵੀ ਲੋਕਾਂ ਵਿੱਚ ਨਿਰਾਸ਼ਤਾ ਵਧੀ ਹੈ। 30 ਫ਼ੀਸਦੀ ਲੋਕ ਮੰਨਦੇ ਹਨ ਕਿ ਅੱਗੇ ਹਾਲਤ ਹੋਰ ਬਦਤਰ ਹੋਣਗੇ, 33 ਫ਼ੀਸਦੀ ਨੂੰ ਲਗਦਾ ਹੈ ਕਿ ਹਾਲਤ ਜਿਉਂ ਦੀ ਤਿਉਂ ਰਹੇਗੀ, ਜਦੋਂ ਕਿ 25 ਫ਼ੀਸਦੀ ਨੂੰ ਲੱਗਦੈ ਕਿ ਹਾਲਤ ਸੁਧਰੇਗੀ।
ਵਿਕਸਤ ਭਾਰਤ ਦੇ ਦਾਅਵੇ ਬਾਰੇ 34 ਫ਼ੀਸਦੀ ਨੂੰ ਲਗਦਾ ਹੈ ਕਿ ਅਗਲੇ 6 ਮਹੀਨਿਆਂ ਵਿੱਚ ਅਰਥ ਵਿਵਸਥਾ ਸੁਧਰੇਗੀ, ਜਦੋਂ ਕਿ 56 ਫ਼ੀਸਦੀ ਦਾ ਕਹਿਣਾ ਹੈ ਕਿ ਨਹੀਂ ਸੁਧਰੇਗੀ। 33 ਫ਼ੀਸਦੀ ਲੋਕਾਂ ਨੂੰ ਲਗਦਾ ਹੈ ਕਿ ਮੋਦੀ ਰਾਜ ਦੌਰਾਨ ਦੇਸ਼ ਦੀ ਆਰਥਕ ਹੈਸੀਅਤ ਵਧੀ ਹੈ, ਜਦੋਂ ਕਿ 64 ਫ਼ੀਸਦੀ ਦਾ ਕਹਿਣਾ ਹੈ ਕਿ ਨਹੀਂ ਵਧੀ। ਮੋਦੀ ਸਰਕਾਰ ਭਿ੍ਰਸ਼ਟਾਚਾਰ ਵਿਰੁੱਧ ਲੜਾਈ ਨੂੰ ਆਪਣੀ ਸਭ ਤੋਂ ਵੱਡੀ ਕਾਮਯਾਬੀ ਦੱਸਦੀ ਹੈ, ਪਰ ਇਸ ਸਵਾਲ ਉਤੇ ਵੀ 47 ਫ਼ੀਸਦੀ ਦਾ ਕਹਿਣਾ ਹੈ ਕਿ ਭਿ੍ਰਸ਼ਟਾਚਾਰ ਵਧਿਆ ਹੈ, ਜਦੋਂ 46 ਫ਼ੀਸਦੀ ਮੰਨਦੇ ਹਨ ਕਿ ਘੱਟ ਹੋਇਆ ਹੈ।
ਲੋਕਾਂ ਦੀਆਂ ਮੁਸੀਬਤਾਂ ਦਾ ਅਕਸ ਇਸ ਸਮੇਂ ਵੱਖ-ਵੱਖ ਵਰਗਾਂ ਦੇ ਫੁੱਟ ਰਹੇ ਗੁੱਸੇ ਤੋਂ ਵੀ ਦੇਖਿਆ ਜਾ ਸਕਦਾ ਹੈ। ਕਿਸਾਨ, ਮਜ਼ਦੂਰ, ਨੌਜਵਾਨ, ਵਿਦਿਆਰਥੀ, ਔਰਤਾਂ ਤੇ ਨਾਗਰਿਕ ਸਮਾਜ ਦੇ ਸੰਗਠਨ ਲਗਾਤਾਰ ਸੰਘਰਸ਼ ਕਰ ਰਹੇ ਹਨ। ਦੇਸ਼ ਦੇ ਕਿਸਾਨਾਂ ਵੱਲੋਂ 16 ਫਰਵਰੀ ਨੂੰ ‘ਪੇਂਡੂ ਭਾਰਤ ਬੰਦ’ ਕੀਤਾ ਜਾ ਰਿਹਾ ਹੈ। ਆਰ ਐੱਸ ਐੱਸ ਦੀ ਯੂਨੀਅਨ ਨੂੰ ਛੱਡ ਕੇ ਦੇਸ਼ ਭਰ ਦੀਆਂ ਸਨਅਤੀ ਮਜ਼ਦੂਰਾਂ ਦੀਆਂ ਜਥੇਬੰਦੀਆਂ, ਮੁਲਾਜ਼ਮ ਸੰਗਠਨ ਤੇ ਕਈ ਥਾਈਂ ਵਪਾਰੀਆਂ ਦੀਆਂ ਯੂਨੀਅਨਾਂ ਨੇ ਵੀ ਆਪਣੇ ਕਾਰੋਬਾਰ ਤੇ ਕੰਮ ਬੰਦ ਕਰਕੇ ਲੋਕਤੰਤਰ ਨੂੰ ਬਚਾਉਣ ਲਈ ਇਸ ਮਹਾਨ ਸੰਗਰਾਮ ਵਿੱਚ ਸ਼ਾਮਲ ਹੋਣ ਦਾ ਫੈਸਲਾ ਲਿਆ ਹੈ। 28 ਫ਼ਰਵਰੀ ਨੂੰ ਆਇਸ਼ ਦੀ ਅਗਵਾਈ ਵਿੱਚ ਨੌਜਵਾਨ ਤੇ ਵਿਦਿਅਰਥੀ ਦਿੱਲੀ ਵਿੱਚ ਮੁਜ਼ਾਹਰਾ ਕਰਨਗੇ। ਪੰਜਾਬ ਇਸਤਰੀ ਸਭਾ ਪੰਜਾਬ ਭਰ ਵਿੱਚ ਪਿੰਡ-ਪਿੰਡ ਪਹੁੰਚ ਕੇ ‘ਔਰਤਾਂ ਦੇ ਸਨਮਾਨ ਵਿੱਚ ਇਸਤਰੀ ਸਭਾ ਮੈਦਾਨ’ ਦੇ ਨਾਅਰੇ ਹੇਠ ਔਰਤਾਂ ਨੂੰ ਜਥੇਬੰਦ ਕਰ ਰਹੀ ਹੈ। ਸਰਬ ਭਾਰਤ ਨੌਜਵਾਨ ਸਭਾ ਤੇ ਕੁਲ ਹਿੰਦ ਵਿਦਿਆਰਥੀ ਫੈਡਰੇਸ਼ਨ ਰੁਜ਼ਗਾਰ ਗਰੰਟੀ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਪੂਰੇ ਭਾਰਤ ਵਿੱਚ ਮੁਹਿੰਮ ਚਲਾ ਰਹੇ ਹਨ। ਮੋਦੀ ਜੇਕਰ ਸਮਝਦੇ ਹੋਣ ਕਿ ਉਹ ਆਪਣੇ ਸਿਆਸੀ ਵਿਰੋਧੀਆਂ ਨੂੰ ਡਰਾ, ਧਮਕਾ ਕੇ ਤੇ ਖਰੀਦ ਕੇ ਜੇਤੂ ਹੋ ਜਾਣਗੇ ਤਾਂ ਇਹ ਉਨ੍ਹਾ ਦਾ ਭਰਮ ਹੈ। ਇਤਿਹਾਸ ਗਵਾਹ ਹੈ ਕਿ ਜਦੋਂ ਸਿਆਸੀ ਪਾਰਟੀਆਂ ਵਿਰੋਧ ਦੀ ਜ਼ਿੰਮੇਵਾਰੀ ਤੋਂ ਭੱਜ ਜਾਣ ਤਾਂ ਜਨਤਾ ਖੁਦ ਆਪੋਜ਼ੀਸ਼ਨ ਦਾ ਰੂਪ ਧਾਰਨ ਕਰਕੇ ਵੱਡੇ-ਵੱਡੇ ਤਾਨਾਸ਼ਾਹਾਂ ਨੂੰ ਧੂੜ ਚਟਾ ਦਿੰਦੀ ਹੈ। ਇੰਦਰਾ ਗਾਂਧੀ ਨੇ 1975 ਵਿੱਚ ਐਮਰਜੈਂਸੀ ਲਾ ਕੇ ਜਦੋਂ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ ਸੀ ਤਾਂ ਜਨਤਾ ਨੇ ਮੈਦਾਨ ਵਿੱਚ ਨਿੱਤਰ ਕੇ ਅਗਲੀ ਚੋਣ ਵਿੱਚ ਇੰਦਰਾ ਗਾਂਧੀ ਨੂੰ ਅਣਕਿਆਸੀ ਹਾਰ ਦੇ ਦਿੱਤੀ ਸੀ। ਅੱਜ ਜ਼ਰੂਰਤ ਹੈ ਕਿ ਵਿਰੋਧੀ ਧਿਰਾਂ ਅਗਲੇ ਦੋ ਮਹੀਨੇ ਜਨਤਾ ਦੇ ਗੁੱਸੇ ਨੂੰ ਲੋਕ-ਪੱਖੀ ਪ੍ਰੋਗਰਾਮ ਤੇ ਉਸਾਰੂ ਵਾਅਦਿਆਂ ਵਿੱਚ ਤਬਦੀਲ ਕਰਕੇ ਲੋਕ ਉਭਾਰ ਨੂੰ ਰਾਜਨੀਤਕ ਬਦਲ ਦਾ ਰੂਪ ਦੇਣ, ਤਾਂ ਜੋ ਤਾਨਾਸ਼ਾਹ ਹਾਕਮਾਂ ਤੋਂ ਦੇਸ਼ ਨੂੰ ਨਿਜਾਤ ਦਿਵਾਈ ਜਾ ਸਕੇ।
-ਚੰਦ ਫਤਿਹਪੁਰੀ

Related Articles

LEAVE A REPLY

Please enter your comment!
Please enter your name here

Latest Articles