ਦਿੱਲੀ ਕੂਚ ਲਈ ਅੜੇ ਕਿਸਾਨ, ਪੁਲਸ ਨੇ ਦਾਗੇ ਅੱਥਰੂ ਗੈਸ ਦੇ ਗੋਲੇ

0
242

ਨਵੀਂ ਦਿੱਲੀ : ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੇ ਘੱਟੋ-ਘੱਟ ਸਮਰਥਨ ਮੁੱਲ (ਐੱਮ ਐੱਸ ਪੀ) ਦੀ ਗਾਰੰਟੀ ਸੰਬੰਧੀ ਕਾਨੂੰਨ ਬਣਾਉਣ ਸਮੇਤ ਵੱਖ-ਵੱਖ ਮੰਗਾਂ ਨੂੰ ਲੈ ਕੇ ਦੇਸ਼ ਵਿਆਪੀ ਪ੍ਰਦਰਸ਼ਨਾਂ ਦੀ ਪੂਰੀ ਤਿਆਰੀ ਕਰ ਲਈ ਹੈ।ਹਰਿਆਣਾ ਪੁਲਸ ਨੇ ਸ਼ੰਭੂ ਬਾਰਡਰ ’ਤੇ ਸ਼ਾਂਤੀਪੂਰਨ ਇਕੱਠੇ ਹੋਏ ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲੇ ਦਾਗੇ। ਪੁਲਸ ਨੇ ਬਿਨਾਂ ਕਿਸੇ ਉਕਸਾਵੇ ਦੇ ਅੱਥਰੂ ਗੈਸ ਦੇ ਗੋਲੇ ਦਾਗੇ। ਇਸ ਤੋਂ ਪਿੱਛੇ ਸਥਿਤੀ ਤਣਾਅਪੂਰਨ ਹੋ ਗਈ।
ਹਰਿਆਣਾ ਦੇ ਜੀਂਦ ’ਚ ਪੰਜਾਬ ਬਾਰਡਰ ’ਤੇ ਪੁਲਸ ਦਾ ਕਿਸਾਨਾਂ ’ਤੇ ਐਕਸ਼ਨ ਹੋਇਆ। ਪੁਲਸ ਨੇ ਮਿਰਚਾਂ ਨਾਲ ਭਰੇ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਅਤੇ ਅੱਥਰੂ ਗੈਸ ਦੇ ਗੋਲੇ ਵੀ ਦਾਗੇ। ਅੱਥਰੂ ਗੈਸ ਦੇ ਗੋਲੇ ਦਾਗਣ ਲਈ ਪੁਲਸ ਨੇ ਡਰੋਨ ਦਾ ਇਸਤੇਮਾਲ ਕੀਤਾ। ਪੁਲਸ ਕਾਰਵਾਈ ਵਿੱਚ 13 ਲੋਕ ਜ਼ਖ਼ਮੀ ਹੋ ਗਏ। ਕਿਸਾਨ ਸ਼ੰਭੂ ਬਾਰਡਰ ਨੂੰ ਪਾਰ ਕਰਨ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਪੁਲ ਦੇ ਥੱਲਿਓ ਹਰਿਆਣਾ ਵੱਲ ਜਾਣ ਦੀ ਕੋਸ਼ਿਸ਼ ਕੀਤੀ, ਖੇਤਾਂ ’ਚੋਂ ਹੁੰਦੇ ਹੋਏ ਕਿਸਾਨ ਪੈਦਲ ਅੱਗੇ ਵਧੇ, ਪਰ ਇਨ੍ਹਾਂ ’ਤੇ ਅੱਥਰੂ ਗੈਸ ਦੇ ਗੋਲੇ ਛੱਡੇ ਗਏ। ਬਾਰਡਰ ਦੇ ਨਾਲ ਦੇ ਪਿੰਡਾਂ ਦੇ ਲੋਕਾਂ ਨੇ ਕਿਸਾਨਾਂ ਲਈ ਲੰਗਰ ਪਹੁੰਚਾਇਆ।
ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸਾਡੇ ਸਾਰੇ ਲੋਕ ਕੰਟਰੋਲ ’ਚ ਹਨ। ਹਰਿਆਣਾ ਪੁਲਸ ਹੀ ਅੱਥਰੂ ਗੈਸ ਦੇ ਗੋਲੇ ਛੱਡ ਰਹੀ ਹੈ। ਅਸੀਂ ਇਸ ਦੀ ਸਖ਼ਤ ਨਿੰਦਾ ਕਰਦੇ ਹਾਂ। ਕਿਸਾਨਾਂ ਦੇ ਦਿੱਲੀ ਕੂਚ ਨੂੰ ਰੋਕਣ ਲਈ ਪਟਿਆਲਾ ਜ਼ਿਲ੍ਹੇ ਦੇ ਸ਼ੰਭੂ ਬੈਰੀਅਰ ’ਤੇ ਹਰਿਆਣਾ ਪੁਲਸ ਤੇ ਕਿਸਾਨਾਂ ਵਿਚਾਲੇ ਝੜਪ ਹੋ ਗਈ।ਇਸ ਦੌਰਾਨ ਸ਼ੰਭੂ ਬਾਰਡਰ ’ਤੇ ਹਾਲਾਤ ਤਣਾਅਪੂਰਨ ਬਣ ਗਏ।ਹਜ਼ਾਰਾਂ ਦੀ ਗਿਣਤੀ ’ਚ ਕਿਸਾਨਾਂ ਉਪਰ ਹਰਿਆਣਾ ਪੁਲਸ ਅਤੇ ਫੋਰਸ ਵੱਲੋਂ ਡਰੋਨ ਦੀ ਮਦਦ ਨਾਲ ਅੱਥਰੂ ਗੈਸ ਦੇ ਗੋਲੇ ਦਾਗੇ ਗਏ।ਇਸ ਕਾਰਨ ਅਚਾਨਕ ਭਗਦੜ ਮਚ ਗਈ। ਹਾਲਾਂਕਿ ਕਿਸਾਨ ਸ਼ਾਂਤੀ ਨਾਲ ਇੱਕ ਲਾਈਨ ’ਚ ਅੱਗੇ ਵਧ ਰਹੇ ਸਨ।ਜੋ ਅੱਥਰੂ ਗੈਸ ਦੇ ਗੋਲੇ ਕਿਸਾਨਾਂ ’ਤੇ ਦਾਗੇ ਗਏ, ਉਹ 2022 ’ਚ ਐਕਸਪਾਇਰ ਹੋ ਚੁੱਕੇ ਹਨ, ਜੋ ਕਾਫੀ ਨੁਕਸਾਨਦਾਇਕ ਹੋ ਸਕਦੇ ਹਨ।ਕਈ ਕਿਸਾਨਾਂ ਨੂੰ ਪੁਲਸ ਨੇ ਹਿਰਾਸਤ ’ਚ ਵੀ ਲੈ ਲਿਆ।ਇਸੇ ਦੌਰਾਨ ਇਹ ਮਾਮਲਾ ਹਾਈ ਕੋਰਟ ਵੀ ਪਹੁੰਚ ਗਿਆ। ਹਾਈ ਕੋਰਟ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਨਸੀਹਤ ਦਿੱਤੀ ਹੈ ਕਿ ਤਾਕਤ ਦੀ ਵਰਤੋਂ ਆਖਰੀ ਵਿਕਲਪ ਹੋਣਾ ਚਾਹੀਦਾ ਹੈ ਅਤੇ ਕਿਸਾਨਾਂ ਦੇ ਨਾਲ ਬੈਠ ਕੇ ਮਾਮਲੇ ਦਾ ਹੱਲ ਕੱਢਣਾ ਚਾਹੀਦਾ ਹੈ। ਇਸ ਤੋਂ ਇਲਾਵਾ ਅੰਦੋਲਨ ਨਾਲ ਆਮ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ।
ਕਿਸਾਨ ਸੰਗਠਨਾਂ ਦਾ ਕਹਿਣਾ ਹੈ ਕਿ ਸਰਕਾਰਾਂ ਕਮੇਟੀਆਂ ਬਣਾ ਕੇ ਮਾਮਲੇ ਨੂੰ ਟਾਲਣਾ ਚਾਹੁੰਦੀਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਗੱਲਬਾਤ ਨਾਲ ਮੁੱਦਾ ਸੁਲਝਾਉਣਾ ਚਾਹੁੰਦੇ ਹਾਂ। ਕਿਸਾਨ ਨੇਤਾਵਾਂ ਨੇ ਕਿਹਾ ਕਿ ਅਸੀਂ ਕੋਈ ਰਸਤਾ ਜਾਮ ਨਹੀਂ ਕੀਤਾ। ਸਰਕਾਰ ਨੇ ਰਸਤੇ ਰੋਕੇ ਹਨ। ਕਿਸਾਨਾਂ ਨੇ ਕਿਹਾ ਕਿ ਸਰਕਾਰ ਨੇ ਸੜਕਾਂ ’ਚ ਕਿੱਲ ਠੋਕ ਰੱਖੇ ਹਨ। ਕਿਸਾਨ ਸੰਗਠਨਾਂ ਦੇ ਟਵਿੱਟਰ ਬੰਦ ਕਰ ਦਿੱਤੇ ਹਨ, ਉਨ੍ਹਾਂ ਦੇ ਪਾਸਪੋਰਟ ਰੱਦ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾ ਕਿਹਾ ਕਿ ਸਰਕਾਰ ਕਿਸਾਨਾਂ ਅਤੇ ਮਜ਼ਦੂਰਾਂ ਦਾ ਕਰਜ਼ ਖ਼ਤਮ ਕਰਨ ’ਤੇ ਵੀ ਕੋਈ ਭਰੋਸਾ ਨਹੀਂ ਦੇ ਰਹੀ। ਕਿਸਾਨ ਸੰਗਠਨਾਂ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਸ਼ਾਤੀਪੂਰਨ ਤਰੀਕੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨ ਸੰਗਠਨਾਂ ਦੇ ‘ਦਿੱਲੀ ਚੱਲੋ’ ਮਾਰਚ ’ਤੇ ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾਮੋਦੀ ਸਰਕਾਰ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸਾਨ ਦਿੱਲੀ ’ਚ ਦਾਖ਼ਲ ਨਾ ਹੋਣ। ਇਹ ਮੋਦੀ ਸਰਕਾਰ ਦੀ ਨਿਅਤ ਨੂੰ ਦਰਸਾਉਂਦਾ ਹੈ ਕਿ ਕਿਸ ਤਰ੍ਹਾਂ ਗੈਰ-ਲੋਕਤੰਤਰਿਕ ਤਰੀਕੇ ਨਾਲ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਜਦ ਪ੍ਰਧਾਨ ਮੰਤਰੀ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲਿਆ ਸੀ ਤਾਂ ਮੋਦੀ ਨੇ ਕਿਸਾਨ ਸੰਗਠਨਾਂ ਨਾਲ ਕੁਝ ਵਾਅਦੇ ਕੀਤੇ ਸਨ, ਜੋ ਪੂਰੇ ਨਹੀਂ ਕੀਤੇ। ਕਿਸਾਨ ਅੰਦੋਲਨ ਨੂੰ ਦੇਖਦੇ ਹੋਏ ਸੁਰੱਖਿਆ ਕਾਰਨਾਂ ਕਰਕੇ ਦਿੱਲੀ ਦਾ ਪ੍ਰਸਿੱਧ ਲਾਲ ਕਿਲ੍ਹਾ ਸੈਲਾਨੀਆਂ ਲਈ ਬੰਦ ਕਰ ਦਿੱਤਾ ਗਿਆ ਹੈ। ਕੇਂਦਰ ਸਰਕਾਰ ਖਿਲਾਫ ਦਿੱਲੀ ਤੱਕ ਮਾਰਚ ਕਰਨ ਵਾਲੇ ਪੰਜਾਬ ਦੇ ਕਿਸਾਨਾਂ ਦੇ ਸਮਰਥਨ ’ਚ ਪੰਜਾਬ ਕਾਂਗਰਸ ਅੱਗੇ ਆਈ ਹੈ।ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕਾਨੂੰਨੀ ਟੀਮ ਦੇ ਮੁਖੀ ਵਿਪਨ ਘਈ ਨੇ ਇੱਕ ਪ੍ਰੈੱਸ ਕਾਨਫਰੰਸ ’ਚ ਇਹ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਭਾਵੇਂ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸਿਆਸੀ ਪਾਰਟੀਆਂ ਉਨ੍ਹਾਂ ਦੇ ਅੰਦੋਲਨ ’ਚ ਸ਼ਾਮਲ ਨਹੀਂ ਹੋਣਗੀਆਂ, ਅਜਿਹੀ ਸਥਿਤੀ ’ਚ ਭਾਵੇਂ ਅਸੀਂ ਅੰਦੋਲਨ ’ਚ ਨਹੀਂ ਜਾਵਾਂਗੇ, ਪਰ ਉਨ੍ਹਾਂ ਦਾ ਨੈਤਿਕ ਸਮਰਥਨ ਕਿਸਾਨਾਂ ਦੇ ਨਾਲ ਰਹੇਗਾ।ਉਨ੍ਹਾਂ ਕਿਸਾਨਾਂ ਨੂੰ 24 ਘੰਟੇ ਕਾਨੂੰਨੀ ਸਹਾਇਤਾ ਪੂਰੀ ਤਰ੍ਹਾਂ ਮੁਫਤ ਦੇਣ ਦਾ ਫੈਸਲਾ ਕੀਤਾ ਹੈ।

LEAVE A REPLY

Please enter your comment!
Please enter your name here