32.1 C
Jalandhar
Friday, March 29, 2024
spot_img

ਹੱਟੇ-ਕੱਟੇ ਬਣਾਏ ਲੰਗੜੇ-ਲੂਲੇ

ਬਠਿੰਡਾ (ਬਖਤੌਰ ਸਿੰਘ ਢਿੱਲੋਂ) : ਪ੍ਰਕਾਸ਼ ਸਿੰਘ ਬਾਦਲ ਦੀ ਮੁੱਖ ਮੰਤਰੀ ਵਜੋਂ ਤੀਜੀ ਪਾਰੀ ਦੌਰਾਨ ਅੰਗਹੀਣ ਕੋਟੇ ਅਧੀਨ ਹੋਈ ਸਪੈਸ਼ਲ ਭਰਤੀ ਦਾ ਇੱਕ ਅਜਿਹਾ ਸਕੈਂਡਲ ਵਾਪਰਿਆ ਹੈ, ਜਿਸ ਦੀ ਨਿਰਪੱਖ ਪੜਤਾਲ ਕਰਵਾਈ ਜਾਵੇ ਤਾਂ ਆਗੂਆਂ ਅਤੇ ਅਧਿਕਾਰੀਆਂ ਦੇ ਬੀਬੇ ਚਿਹਰਿਆਂ ਦੀ ਅਸਲੀਅਤ ਬੇਨਕਾਬ ਹੋ ਜਾਵੇਗੀ | ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਸਿਵਲ ਰਿੱਟ ਪਟੀਸ਼ਨ ਨੰਬਰ 14167/ 1997 ਹਰਚਰਨ ਸਿੰਘ ਬਨਾਮ ਪੰਜਾਬ ਸਰਕਾਰ ਦਾ ਨਿਪਟਾਰਾ ਕਰਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹਦਾਇਤ ਕੀਤੀ ਸੀ ਕਿ ਅੰਗਹੀਣ ਬੈਕਲਾਗ ਪੂਰਾ ਕਰਨ ਲਈ ਭਰਤੀ ਵਾਸਤੇ ਵਿਸ਼ੇਸ ਮੁਹਿੰਮ ਚਲਾਈ ਜਾਵੇ | ਇਸ ਸੰਬੰਧੀ ਪੰਜਾਬ ਸਰਕਾਰ ਦੇ ਸਮਾਜਕ ਸੁਰੱਖਿਆ ਵਿਭਾਗ ਨੇ ਵੱਖ-ਵੱਖ ਪੱਤਰ ਜਾਰੀ ਕਰਦਿਆਂ ਸਾਰੇ ਹੀ ਮਹਿਕਮਿਆਂ ‘ਚ ਅੰਗਹੀਣਾਂ ਦੀਆਂ ਖਾਲੀ ਪੋਸਟਾਂ ਭਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਸਨ | ਇਨ੍ਹਾਂ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਸੀ ਕਿ ਇਸ ਵਿਸ਼ੇਸ਼ ਭਰਤੀ ਲਈ ਰਾਜ ਦੇ ਸਾਰੇ ਰੁਜ਼ਗਾਰ ਦਫਤਰਾਂ ਅਤੇ ਲੁਧਿਆਣਾ ਸਥਿਤ ਅੰਗਹੀਣਾਂ ਲਈ ਬਣੇ ਖਾਸ ਰੁਜ਼ਗਾਰ ਦਫਤਰ ਤੋਂ ਉਮੀਦਵਾਰ ਪ੍ਰਾਪਤ ਕੀਤੇ ਜਾਣ | ਇਸ ਵਿਸ਼ੇਸ਼ ਭਰਤੀ ਦੌਰਾਨ ਹੋਈ ਹੇਰਾਫੇਰੀ ਦੇ ਸ਼ਿਕਾਰ ਕਈ ਅੰਗਹੀਣ ਵਿਅਕਤੀਆਂ ਦੇ ਇੱਕ ਗਰੁੱਪ ਨੇ ਹਰ ਤਰ੍ਹਾਂ ਦੇ ਦਸਤਾਵੇਜ਼ ਮੁਹੱਈਆ ਕਰਵਾਉਂਦਿਆਂ ਇਸ ਪੱਤਰਕਾਰ ਨੂੰ ਦੱਸਿਆ ਕਿ ਭਰਤੀ ਦੇ ਨਾਂਅ ਹੇਠ ਇੱਕ ਅਜਿਹਾ ਸਕੈਂਡਲ ਵਾਪਰਿਆ ਹੈ ਕਿ ਜੇ ਮਾਨ ਸਰਕਾਰ ਉਸ ਦੀ ਵਿਜੀਲੈਂਸ ਜਾਂਚ ਕਰਵਾਏ ਤਾਂ ਬੀਬੇ ਚਿਹਰਿਆਂ ਵਜੋਂ ਜਾਣੇ ਜਾਂਦੇ ਕਈ ਸੀਨੀਅਰ ਆਗੂ ਅਤੇ ਅਧਿਕਾਰੀ ਬੇਨਕਾਬ ਹੋ ਜਾਣਗੇ | ਪੀੜਤਾਂ ਮੁਤਾਬਕ ਹਾਕਮ ਸਿਆਸਤਦਾਨਾਂ ਨੇ ਆਪਣੇ ਕਰੀਬੀਆਂ ਦੇ ਪਹਿਲਾਂ ਵੱਖ-ਵੱਖ ਹਸਪਤਾਲਾਂ ਦੇ ਡਾਕਟਰਾਂ ਤੋਂ ਉਨ੍ਹਾਂ ਲਈ ਅੰਗਹੀਣਾਂ ਦੇ ਜਾਲ੍ਹੀ ਮੈਡੀਕਲ ਸਰਟੀਫਿਕੇਟ ਤਿਆਰ ਕਰਵਾਏ, ਫਿਰ ਸੂਬੇ ਦੇ ਵੱਖ-ਵੱਖ ਰੁਜ਼ਗਾਰ ਦਫਤਰਾਂ ਵਿੱਚ ਨਾਂਅ ਦਰਜ ਕਰਵਾ ਦਿੱਤੇ | ਆਪਣੇ ਅਸਰ-ਰਸੂਖ ਦੀ ਵਰਤੋਂ ਕਰਦਿਆਂ ਰੁਜ਼ਗਾਰ ਦਫਤਰਾਂ ਰਾਹੀਂ ਆਪਣੇ ਚਹੇਤਿਆਂ ਦੇ ਨਾਂਅ ਵੱਖ-ਵੱਖ ਵਿਭਾਗਾਂ ਵਿੱਚ ਤਾਇਨਾਤ ਅਧਿਕਾਰੀਆਂ ਤੋਂ ਭਿਜਵਾ ਦਿੱਤੇ | ਬਾਅਦ ਵਿੱਚ ਉਨ੍ਹਾਂ ਨੂੰ ਅਧਿਆਪਕ, ਕਾਨੂੰਗੋ, ਪੰਚਾਇਤ ਅਫਸਰ, ਜੂਨੀਅਰ ਇੰਜੀਨੀਅਰ, ਗੱਲ ਕੀ ਹਰ ਤਰ੍ਹਾਂ ਦੀ ਪੋਸਟ ‘ਤੇ ਭਰਤੀ ਕਰਵਾ ਦਿੱਤਾ | ਇਸ ਸਕੈਂਡਲ ਦਾ ਦਿਲਚਸਪ ਪਹਿਲੂ ਇਹ ਹੈ ਕਿ ਇਨ੍ਹਾਂ ਨੂੰ ਲੰਗੜੇ-ਲੂਲੇ ਅਤੇ ਕੰਨਾਂ ਤੋਂ ਬੋਲੇ ਦਰਸਾਇਆ ਗਿਆ ਹੈ, ਜਦਕਿ ਉਹ ਪੂਰੀ ਤਰ੍ਹਾਂ ਹੱਟੇ-ਕੱਟੇ ਹੀ ਨਹੀਂ, ਅੱਜਕੱਲ੍ਹ ਤਰੱਕੀਆਂ ਪਾ ਕੇ ਤਹਿਸੀਲਦਾਰ, ਐੱਸ ਡੀ ਓ, ਸੀਨੀਅਰ ਇੰਜੀਨੀਅਰ ਅਤੇ ਮੁੱਖ ਅਧਿਆਪਕ ਤੱਕ ਬਣ ਚੁੱਕੇ ਹਨ | ਪੀੜਤਾਂ ਮੁਤਾਬਕ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਜਿਹੀਆਂ ਆਸਾਮੀਆਂ ‘ਤੇ ਉਨ੍ਹਾਂ ਵਿਅਕਤੀਆਂ ਨੂੰ ਹੀ ਭਰਤੀ ਕੀਤਾ ਜਾ ਸਕਦਾ ਹੈ, ਜੋ ਸਰੀਰਕ ਤੌਰ ‘ਤੇ 40 ਫ਼ੀਸਦੀ ਜਾਂ ਉਸ ਤੋਂ ਜ਼ਿਆਦਾ ਅਪੰਗ ਹੋਣ, ਪਰ 1999 ਤੋਂ 2001 ਦੇ ਅਰਸੇ ਦਰਮਿਆਨ ਜਿਨ੍ਹਾਂ ਵਿਅਕਤੀਆਂ ਨੂੰ ਅੰਗਹੀਣਾਂ ਦੀਆਂ ਰਾਖਵੀਆਂ ਪੋਸਟਾਂ ‘ਤੇ ਭਰਤੀ ਕੀਤਾ ਗਿਆ ਹੈ, ਉਨ੍ਹਾਂ ‘ਚ ਉਹ ਜਿਸਮਾਨੀ ਤੌਰ ‘ਤੇ 5 ਫ਼ੀਸਦੀ ਵੀ ਅਪੰਗ ਨਹੀਂ ਸਨ |ਇੱਕ ਸਵਾਲ ਦੇ ਜਵਾਬ ਵਿੱਚ ਪੀੜਤਾਂ ਨੇ ਦੱਸਿਆ ਕਿ ਇਨ੍ਹਾਂ ਦੀਆਂ ਸ਼ਿਕਾਇਤਾਂ ਦੀ ਪੜਤਾਲ ਦੌਰਾਨ ਕਈ ਜਾਲ੍ਹੀ ਸਰਟੀਫਿਕੇਟਾਂ ਦੀ ਪੁਸ਼ਟੀ ਵੀ ਹੋ ਚੁੱਕੀ ਹੈ, ਪਰ ਆਪਣੀ ਸਿਆਸੀ ਪਹੁੰਚ ਦੀ ਬਦੌਲਤ ਉਹ ਅੱਜ ਵੀ ਆਪਣੇ ਅਹੁਦਿਆਂ ‘ਤੇ ਬਿਰਾਜਮਾਨ ਹਨ | ਇੱਕ ਵਿਅਕਤੀ ਤਾਂ ਅਜਿਹਾ ਵੀ ਹੈ, ਜਿਸ ਨੂੰ ਮੌਜੂਦਾ ਮੁੱਖ ਮੰਤਰੀ ਦੇ ਪਿ੍ੰਸੀਪਲ ਸਕੱਤਰ ਵੇਣੂਪ੍ਰਸ਼ਾਦ ਨੇ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਹੁੰਦਿਆਂ ਨੌਕਰੀ ਤੋਂ ਬਰਖਾਸਤ ਵੀ ਕਰ ਦਿੱਤਾ ਸੀ, ਪਰ ਆਪਣੀ ਤਾਕਤ ਦੇ ਬਲਬੂਤੇ ਉਹ ਨਾ ਸਿਰਫ਼ ਬਹਾਲ ਹੋ ਗਿਆ, ਬਲਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਹਦਾਇਤ ਦੇ ਬਾਵਜੂਦ ਆਪਣਾ ਡਾਕਟਰੀ ਮੁਆਇਨਾ ਕਰਵਾਉਣ ਲਈ ਪੀ ਜੀ ਆਈ ਵੱਲੋਂ ਗਠਿਤ ਕੀਤੇ ਸਪੈਸ਼ਲ ਬੋਰਡ ਸਾਹਮਣੇ ਪੇਸ਼ ਹੋਣ ਤੋਂ ਵੀ ਕੰਨੀ ਕਤਰਾ ਰਿਹਾ ਹੈ |

Related Articles

LEAVE A REPLY

Please enter your comment!
Please enter your name here

Latest Articles