ਜੈਪੁਰ : ਕਾਂਗਰਸ ਨੇਤਾ ਸੋਨੀਆ ਗਾਂਧੀ ਨੇ ਰਾਜਸਥਾਨ ਤੋਂ ਰਾਜਸਭਾ ਲਈ ਨਾਮਜ਼ਦਗੀ ਦਾਖ਼ਲ ਕੀਤੀ। ਪ੍ਰਕਿਰਿਆ ਪੂਰੀ ਕਰਨ ਲਈ ਉਹ ਬੁੱਧਵਾਰ ਰਾਜਸਥਾਨ ਦੀ ਰਾਜਧਾਨੀ ਜੈਪੁਰ ਪਹੁੰਚੀ ਸੀ। ਉਨ੍ਹਾ ਦੇ ਨਾਲ ਰਾਹੁਲ ਗਾਂਧੀ ਅਤੇ ਪਿ੍ਰਅੰਕਾ ਗਾਂਧੀ ਵੀ ਮੌਜੂਦ ਰਹੇ। ਇਸ ਤੋਂ ਇਲਾਵਾ ਕਾਂਗਰਸ ਨੇਤਾ ਅਤੇ ਸਮਰਥਕ ਵੱਡੀ ਗਿਣਤੀ ’ਚ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ’ਚ ਉਹ ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਤੋਂ ਲੋਕਸਭਾ ਸਾਂਸਦ ਹਨ। ਸੋਨੀਆ ਦੇ ਨਾਮਜ਼ਦਗੀ ਤੋਂ ਬਾਅਦ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ, ‘ਪ੍ਰਧਾਨ ਮੰਤਰੀ ਦੇ ਅਹੁਦਾ ਤਿਆਗ ਕਰਨ ਵਾਲੀ ਸੋਨੀਆ ਗਾਧੀ ਨੂੰ ਕਾਂਗਰਸ ਪਾਰਟੀ ਤੋਂ ਰਾਜਸਭਾ ਉਮੀਦਵਾਰ ਐਲਾਨੇ ਜਾਣ ਦਾ ਹਾਰਦਿਕ ਸਵਾਗਤ ਹੈ। ਸੋਨੀਆ ਗਾਂਧੀ ਦਾ ਰਾਜਸਥਾਨ ਨਾਲ ਦਿਲ ਨਾਲ ਜੁੜਿਆ ਰਿਸ਼ਤਾ ਹੈ। 1998 ਤੋਂ 2022 ਵਿਚਾਲੇ ਲੱਗਭੱਗ 22 ਸਾਲਾਂ ਤੱਕ ਕਾਂਗਰਸ ਪ੍ਰਧਾਨ ਰਹੀ ਸੋਨੀਆ ਗਾਂਧੀ ਪੰਜ ਵਾਰ ਲੋਕਸਭਾ ਸਾਂਸਦ ਹੈ। ਸੋਨੀਆ ਗਾਂਧੀ 1999 ’ਚ ਉੱਤਰ ਪ੍ਰਦੇਸ਼ ਦੇ ਅਮੇਠੀ ਅਤੇ ਕਰਨਾਟਕ ਦੇ ਬੇਲਾਰੀ ਤੋਂ ਚੁਣੀ ਗਈ ਅਤੇ ਉਨ੍ਹਾ ਨੇ ਦੋਵਾਂ ’ਚੋਂ ਅਮੇਠੀ ਨੂੰ ਬਰਕਰਾਰ ਰੱਖਿਆ। 2004 ’ਚ ਸੋਨੀਆਂ ਗਾਂਧੀ ਨੇ ਰਾਹੁਲ ਗਾਂਧੀ ਲਈ ਅਮੇਠੀ ਛੱਡ ਕੇ ਰਾਏਬਰੇਲੀ ਤੋਂ ਚੋਣ ਲੜੀ ਸੀ। ਖ਼ਬਰਾਂ ਮੁਤਾਬਿਕ ਸੋਨੀਆ ਗਾਂਧੀ ਦਾ ਰਾਜਸਭਾ ’ਚ ਜਾਣ ਦਾ ਫੈਸਲਾ ਸਿਹਤ ਕਾਰਨਾਂ ਕਰਕੇ ਕੀਤਾ ਗਿਆ ਹੈ। ਉਹ ਲੰਮੇ ਸਮੇਂ ਤੋਂ ਆਪਣੇ ਚੋਣ ਖੇਤਰ ਅਮੇਠੀ ਦਾ ਵੀ ਦੌਰਾ ਨਹੀਂ ਕਰ ਪਾ ਰਹੀ ਸੀ। ਜਾਣਕਾਰੀ ਅਨੁਸਾਰ ਰਾਜਸਥਾਨ ਤੋਂ ਇਲਾਵਾ ਪਾਰਟੀ ਕੋਲ ਸੋਨੀਆ ਗਾਂਧੀ ਲਈ ਵਿਕਲਪ ਦੇ ਰੂਪ ’ਚ ਹਿਮਾਚਲ ਪ੍ਰਦੇਸ਼ ਸੀ, ਪਰ ਸੋਨੀਆ ਗਾਂਧੀ ਨੇ ਹਿਮਾਚਲ ਦੀ ਬਜਾਏ ਰਾਜਸਥਾਨ ਨੂੰ ਚੁਣਿਆ। ਜ਼ਿਕਰਯੋਗ ਹੈ ਕਿ ਕਾਂਗਰਸ ਨੇ ਸੋਨੀਆ ਗਾਂਧੀ ਤੋਂ ਇਲਾਵਾ ਚਾਰ ਹੋਰ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ’ਚ ਬਿਹਾਰ ਤੋਂ ਅਖਿਲੇਸ਼ ਪ੍ਰਸਾਦ, ਹਿਮਾਚਲ ਪ੍ਰਦੇਸ਼ ਤੋਂ ਅਭਿਸ਼ੇਕ ਮਨੂ ਸੰਘਵੀ ਅਤੇ ਮਹਾਰਾਸ਼ਟਰ ਤੋਂ ਚੰਦਰਕਾਂਤ ਹੰਡੋਰੇ ਦਾ ਨਾਂਅ ਸ਼ਾਮਲ ਹੈ। ਇਸੇ ਦੌਰਾਨ ਕਾਂਗਰਸ ਨੇ ਕਰਨਾਟਕ, ਮੱਧ ਪ੍ਰਦੇਸ਼ ਅਤੇ ਤੇਲੰਗਾਨਾ ਤੋਂ ਆਪਣੇ ਰਾਜਸਭਾ ਦੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਪਾਰਟੀ ਨੇ ਕਰਨਾਟਕ ਤੋਂ ਅਜੈ ਮਾਕਨ, ਡਾ. ਸੈਯਦ ਨਸੀਰ ਹੁਸੈਨ ਅਤੇ ਜੀ ਸੀ ਚੰਦਰਸ਼ੇਖਰ ਨੂੰ ਉਮੀਦਵਾਰ ਬਣਾਇਆ ਹੈ। ਮੱਧ ਪ੍ਰਦੇਸ਼ ਤੋਂ ਅਸ਼ੋਕ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ। ਤੇਲੰਗਾਨਾ ਤੋਂ ਰੇਣੂਕਾ ਚੌਧਰੀ ਅਤੇ ਐੱਮ ਅਨਿਲ ਕੁਮਾਰ ਯਾਦਵ ਨੂੰ ਰਾਜਸਭਾ ਦਾ ਉਮੀਦਵਾਰ ਬਣਾਇਆ ਗਿਆ ਹੈ।