20.9 C
Jalandhar
Saturday, October 19, 2024
spot_img

ਸ਼ੰਭੂ ਬਾਰਡਰ ’ਤੇ ਕਿਸਾਨ ਤੇ ਪੁਲਸ ਆਹਮੋ-ਸਾਹਮਣੇ

ਪਾਤੜਾਂ/ ਖਨੌਰੀ (ਨਿਸ਼ਾਨ ਸਿੰਘ ਬਣਵਾਲਾ)-ਐੱਮ ਐੱਸ ਪੀ (ਘੱਟੋ-ਘੱਟ ਸਮਰਥਨ ਮੁੱਲ) ਅਤੇ ਕਰਜ਼ ਮੁਆਫ਼ੀ ਦੀ ਕਾਨੂੰਨੀ ਗਰੰਟੀ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਸਮੇਤ ਕਈ ਮੰਗਾਂ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦੇ ਦਿੱਲੀ ਕੂਚ ਦਾ ਦੂਜਾ ਦਿਨ ਹੈ। ਦਿੱਲੀ ਦੀਆਂ ਸਰਹੱਦਾਂ ’ਤੇ ਕਈ ਲੇਅਰ ਦੀ ਸੁਰੱਖਿਆ ਬੈਰੀਕੇਡਿੰਗ ਕੀਤੀ ਗਈ ਹੈ। ਉਥੇ ਹਰਿਆਣਾ ਦੇ ਸੱਤ ਜ਼ਿਲ੍ਹਿਆਂ ’ਚ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਗਈ ਹੈ। ਰੋਸ ਪ੍ਰਦਰਸ਼ਨ ਦੇ ਦੂਜੇ ਦਿਨ ਵੀ ਅੱਜ ਕਿਸਾਨ ਬਾਰਡਰਾਂ ਨੂੰ ਤੋੜ ਕੇ ਦਿੱਲੀ ਜਾਣ ਦੀ ਆਪਣੀ ਜ਼ਿੱਦ ਉੱਤੇ ਅੜੇ ਰਹੇ। ਦੁਪਹਿਰ 1 ਵਜੇ ਤੋਂ ਬਾਅਦ ਕਿਸਾਨਾਂ ਨੇ ਅਰਦਾਸ ਕਰਕੇ ਜਦੋਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਹਰਿਆਣਾ ਪੁਲਸ ਅਤੇ ਕੇਂਦਰੀ ਸੁਰੱਖਿਆ ਫੋਰਸਾਂ ਨੇ ਉਹਨਾਂ ਉੱਤੇ ਵੱਡੀ ਪੱਧਰ ’ਤੇ ਅੱਥਰੂ ਗੈਸ ਅਤੇ ਰਬੜ ਦੀਆਂ ਗੋਲੀਆਂ ਦੀ ਵਰਤੋਂ ਕੀਤੀ। ਪੁਲਸ ਫੋਰਸਾਂ ਵੱਲੋਂ ਕੀਤੀ ਗਈ ਜ਼ੋਰ-ਅਜ਼ਮਾਈ ਵੀ ’ਚ ਦਰਜਨ ਤੋਂ ਵੱਧ ਕਿਸਾਨ ਜ਼ਖਮੀ ਹੋ ਗਏ, ਜਿਨਾਂ ਵਿੱਚੋਂ ਤਿੰਨ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਹੈ, ਜਦੋਂ ਕਿ ਬਾਕੀ ਦੇ ਕਿਸਾਨ ਪਾਤੜਾਂ ਦੇ ਮਿੰਨੀ ਪ੍ਰਾਇਮਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਇਸ ਦੌਰਾਨ ਕਿਸਾਨਾਂ ਨੇ ਹਰਿਆਣਾ ਪੁਲਸ ਦੇ ਇੱਕ ਜਵਾਨ ਨੂੰ ਬਾਰਡਰ ਤੋਂ ਪਾਰ ਆ ਕੇ ਕਿਸਾਨਾਂ ਦੀ ਜਾਸੂਸੀ ਕਰਦੇ ਨੂੰ ਫੜ ਕੇ ਪਾਤੜਾਂ ਪੁਲਸ ਦੇ ਹਵਾਲੇ ਕਰ ਦਿੱਤਾ।
ਅੰਦੋਲਨ ਨੂੰ ਲੈ ਕੇ ਹਰਿਆਣਾ ਸਰਕਾਰ ਵੱਲੋਂ ਸ਼ਾਂਤਮਈ ਅੰਦੋਲਨ ਲੜ ਰਹੇ ਕਿਸਾਨਾਂ, ਮਜ਼ਦੂਰਾਂ ’ਤੇ ਅੱਥਰੂ ਗੈਸ ਦੇ ਗੋਲੇ ਅਤੇ ਰਬੜ ਦੀਆਂ ਗੋਲੀਆਂ ਵਰ੍ਹਾਉਣ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 15 ਫਰਵਰੀ ਵੀਰਵਾਰ ਚਾਰ ਘੰਟਿਆਂ ਲਈ ਪੰਜਾਬ ਵਿੱਚ ਰੇਲਾਂ ਰੋਕਣ ਦਾ ਫੈਸਲਾ ਲਿਆ ਗਿਆ ਹੈ।ਇਹ ਰੇਲਾਂ 12 ਵਜੇ ਤੋਂ 4 ਵਜੇ ਤੱਕ ਰੋਕੀਆਂ ਜਾਣਗੀਆਂ।ਜਥੇਬੰਦੀ ਵੱਲੋਂ ਕਿਸਾਨੀ ਮੰਗਾਂ ਦੇ ਹੱਕ ਵਿੱਚ ਵੀ ਪਹਿਲਾਂ ਵਾਂਗ ਡਟਵੀਂ ਆਵਾਜ਼ ਉਠਾਉਣ ਦਾ ਵੀ ਫੈਸਲਾ ਲਿਆ ਗਿਆ ਹੈ।ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਯੂਨੀਅਨ ਵੱਲੋਂ ਮਾਨਸਾ ਦੇ ਰੇਲਵੇ ਸਟੇਸ਼ਨ ’ਤੇ ਚਾਰ ਘੰਟਿਆਂ ਲਈ ਰੇਲਾਂ ਰੋਕੀਆਂ ਜਾਣਗੀਆਂ।ਕਿਸਾਨਾਂ ਦਾ ਕਹਿਣਾ ਹੈ ਕਿ ਪੁਲਸ ਦੇ ਲਾਠੀਚਾਰਜ ’ਚ 100 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਇਹਨਾਂ ’ਚ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਸ਼ੰਭੂ ਬਾਰਡਰ ’ਤੇ ਦੇਰ ਰਾਤ ਵੀ ਹੰਗਾਮਾ ਹੋਇਆ ਅਤੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ।ਬੁੱਧਵਾਰ ਮੁੜ ਤੋਂ ਕਿਸਾਨਾਂ ਦਿੱਲੀ ਵੱਲ ਵਧਣ ਦਾ ਐਲਾਨ ਕੀਤਾ। ਵੱਡੀ ਗਿਣਤੀ ਵਿੱਚ ਕਿਸਾਨ ਬਾਰਡਰ ’ਤੇ ਮੌਜੂਦ ਹਨ, ਜਿਸ ਨਾਲ ਬਾਰਡਰ ’ਤੇ ਸਥਿਤੀ ਹੋਰ ਗੰਭੀਰ ਹੋਣ ਦੀ ਸੰਭਾਵਨਾ ਹੈ।ਪੰਜਾਬ ਨਾਲ ਲੱਗਦੇ ਹਰਿਆਣਾ ਦੀਆਂ ਸਾਰੀਆਂ ਸਰਹੱਦਾਂ ’ਤੇ ਹਜ਼ਾਰਾਂ ਦੇ ਕਰੀਬ ਕਿਸਾਨ ਇਕੱਠੇ ਹੋਏ ਹਨ।ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਸਰਕਾਰ ਨੇ ਅਰਧ ਸੈਨਿਕ ਬਲਾਂ ਦੀਆਂ 64 ਕੰਪਨੀਆਂ ਅਤੇ ਪੁਲਸ ਦੀਆਂ 50 ਕੰਪਨੀਆਂ ਤਾਇਨਾਤ ਕੀਤੀਆਂ ਹਨ।
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਸਾਨਾਂ ਦੇ ‘ਦਿੱਲੀ ਚੱਲੋ’ ਅੰਦੋਲਨ ਮਾਰਚ ਦੌਰਾਨ ਪੁਲਸ ਕਾਰਵਾਈ ’ਚ ਜ਼ਖ਼ਮੀ ਹੋਏ ਕਿਸਾਨਾਂ ਨਾਲ ਬੁੱਧਵਾਰ ਫੋਨ ’ਤੇ ਗੱਲਬਾਤ ਕੀਤੀ ਅਤੇ ਇਸ ਅੰਦੋਲਨ ਦੇ ਪ੍ਰਤੀ ਆਪਣਾ ਸਮਰਥਨ ਪ੍ਰਗਟਾਇਆ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਰਾਜਪੁਰਾ ਸਥਿਤ ਇੱਕ ਹਸਪਤਾਲ ਦੇ ਦੌਰੇ ’ਤੇ ਗਏ, ਜਿੱਥੇ ਉਨ੍ਹਾ ਫੋਨ ’ਤੇ ਰਾਹੁਲ ਗਾਂਧੀ ਦੀ ਗੱਲਬਾਤ ਜ਼ਖ਼ਮੀ ਕਿਸਾਨ ਗੁਰਮੀਤ ਸਿੰਘ ਨਾਲ ਕਰਵਾਈ। ਰਾਜਪੁਰਾ ਦੇ ਹਸਪਤਾਲ ’ਚ ਹੀ ਗੁਰਮੀਤ ਸਿੰਘ ਦਾ ਇਲਾਜ ਚੱਲ ਰਿਹਾ ਹੈ।
ਸ਼ੰਭੂ ਬਾਰਡਰ ’ਤੇ ਪੰਜਾਬ ਦੀ ਹੱਦ ਅੰਦਰ ਕਿਸਾਨਾਂ ਉਪਰ ਡਰੋਨਾਂ ਰਾਹੀਂ ਅੱਥਰੂ ਗੈਸ ਦੇ ਗੋਲੇ ਸੁੱਟਣ ਤੋਂ ਪੰਜਾਬ ਸਰਕਾਰ ਖਫਾ ਹੈ।ਪਟਿਆਲਾ ਦੇ ਡੀ ਸੀ ਸ਼ੌਕਤ ਅਹਿਮਦ ਪਰੇ ਨੇ ਪੰਜਾਬ ਦੀ ਸਰਹੱਦ ਵਿੱਚ ਡਰੋਨਾਂ ਦੇ ਦਾਖ਼ਲੇ ’ਤੇ ਇਤਰਾਜ਼ ਪ੍ਰਗਟਾਇਆ ਹੈ।ਉਨ੍ਹਾ ਅੰਬਾਲਾ ਦੇ ਡੀ ਸੀ ਤੇ ਐੱਸ ਪੀ ਨੂੰ ਪੱਤਰ ਲਿਖਿਆ ਹੈ, ਜਿਸ ਵਿੱਚ ਉਨ੍ਹਾ ਕਿਹਾ ਕਿ ਸ਼ੰਭੂ ਸਰਹੱਦ ’ਤੇ ਪੰਜਾਬ ਸਰਹੱਦ ਵਿੱਚ ਡਰੋਨ ਨਾ ਉਡਾਏ ਜਾਣ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ ਸੀ ਨੇ ਕਿਹਾ ਕਿ ਇਤਰਾਜ਼ ਤੋਂ ਬਾਅਦ ਹਰਿਆਣਾ ਪੁਲਸ ਨੇ ਪੰਜਾਬ ਸਰਹੱਦ ’ਤੇ ਡਰੋਨਾਂ ਤੋਂ ਅੱਥਰੂ ਗੈਸ ਦੇ ਗੋਲੇ ਦਾਗਣੇ ਬੰਦ ਕਰ ਦਿੱਤੇ ਹਨ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਬੁੱਧਵਾਰ ਕਿਹਾ ਕਿ ਕਿਸਾਨ ਆਪਣੀਆਂ ਮੰਗਾਂ ਸੰਬੰਧੀ ਗੱਲਬਾਤ ਲਈ ਕੇਂਦਰ ਵੱਲੋਂ ਆਉਣ ਵਾਲੀ ਕਿਸੇ ਵੀ ਤਜਵੀਜ਼ ’ਤੇ ਵਿਚਾਰ ਕਰਨਗੇ, ਪਰ ਗੱਲਬਾਤ ਲਈ ਹਾਂ-ਪੱਖੀ ਮਾਹੌਲ ਸਿਰਜਿਆ ਜਾਣਾ ਚਾਹੀਦਾ ਹੈ।ਉਨ੍ਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੱਟੋ-ਘੱਟ ਸਮਰਥਨ ਮੁੱਲ (ਐੱਮ ਐੱਸ ਪੀ) ਦੀ ਗਾਰੰਟੀ ਦੇਣ ਲਈ ਕਾਨੂੰਨ ਬਣਾਉਣ ਦੀ ਅਪੀਲ ਕੀਤੀ।ਜਦੋਂ ਉਨ੍ਹਾ ਨੂੰ ਪੁੱਛਿਆ ਗਿਆ ਕਿ ਕੀ ਕਿਸਾਨਾਂ ਨੂੰ ਗੱਲਬਾਤ ਲਈ ਕੋਈ ਸੱਦਾ ਮਿਲਿਆ ਹੈ ਤਾਂ ਉਨ੍ਹਾ ਕਿਹਾ ਕਿ ਕਿਹਾ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਗੱਲਬਾਤ ਲਈ ਸੱਦਾ ਦਿੱਤਾ ਹੈ।ਅੰਬਾਲਾ ਨੇੜੇ ਸ਼ੰਭੂ ਸਰਹੱਦ ’ਤੇ ਪੱਤਰਕਾਰਾਂ ਨੂੰ ਉਨ੍ਹਾ ਕਿਹਾ, ‘ਅਸੀਂ ਸੱਦੇ ’ਤੇ ਵਿਚਾਰ ਕਰਾਂਗੇ। ਬਾਰਡਰ ’ਤੇ ਡਟੇ ਹੋਏ ਕਿਸਾਨਾਂ ਦੇ ਨਾਲ-ਨਾਲ ਪੰਜਾਬ ਅਤੇ ਹਰਿਆਣਾ ਹੱਦ ਦੇ ਨਾਲ ਲੱਗਦੇ ਪਿੰਡਾਂ ਦੇ ਕਿਸਾਨ ਸਵੇਰੇ ਦਿਨ ਚੜ੍ਹਦਿਆਂ ਹੀ ਵੱਡੀ ਪੱਧਰ ’ਤੇ ਹੱਦ ਵਾਲੀ ਥਾਂ ਉੱਤੇ ਪਹੁੰਚਣੇ ਸ਼ੁਰੂ ਹੋ ਗਏ। ਇਸ ਤੋਂ ਇਲਾਵਾ ਵੱਡੀ ਪੱਧਰ ਉੱਤੇ ਲੋਕ ਕਿਸਾਨਾਂ ਲਈ ਲੰਗਰ ਲੈ ਕੇ ਪੁੱਜੇ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਸਿਰਸਾ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ, ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਇੰਦਰਜੀਤ ਸਿੰਘ ਨੇ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਜਥੇਬੰਦੀਆਂ ਦੇ ਫੈਸਲੇ ਅਨੁਸਾਰ ਹਰ ਹਾਲਤ ਵਿੱਚ ਦਿੱਲੀ ਕੂਚ ਕੀਤਾ ਜਾਵੇਗਾ, ਪਰ ਸੰਜਮ ਬਣਾਈ ਰੱਖਣਾ ਸਭ ਤੋਂ ਅਹਿਮ ਹੈ, ਤਾਂ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦਾ ਸਾਹਮਣਾ ਨਾ ਕਰਨਾ ਪਵੇ।

Related Articles

LEAVE A REPLY

Please enter your comment!
Please enter your name here

Latest Articles