23.6 C
Jalandhar
Saturday, October 19, 2024
spot_img

ਗਰੀਬਾਂ ਨੂੰ ਸਿੱਖਿਆ ਤੇ ਰੁਜ਼ਗਾਰ ਤੋਂ ਦੂਰ ਕਰਨ ਦੀ ਸਾਜ਼ਿਸ਼

ਲੋਕ ਸਭਾ ਚੋਣਾਂ ਤੋਂ ਪਹਿਲਾਂ ਦੇਸ਼ ਦੀਆਂ ਸਰਕਰਦਾ ਵਿਦਿਆਰਥੀ ਜਥੇਬੰਦੀਆਂ ਨੇ ਸੋਮਵਾਰ ਦਿੱਲੀ ਵਿਚ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਮੋਦੀ ਸਰਕਾਰ ਵਿਦਿਆਰਥੀਆਂ, ਨੌਜਵਾਨਾਂ, ਮਹਿਲਾਵਾਂ, ਦਲਿਤ, ਘੱਟਗਿਣਤੀ ਤੇ ਗਰੀਬ ਵਰਗਾਂ ਨੂੰ ਸਿੱਖਿਆ ਤੇ ਰੁਜ਼ਗਾਰ ਤੋਂ ਦੂਰ ਕਰਨ ਦੀ ਸਾਜ਼ਿਸ਼ ਅਮਲ ਵਿਚ ਲਿਆ ਰਹੀ ਹੈ। ਇਨ੍ਹਾਂ ਨੇ ਮੋਦੀ ਦੇ 10 ਸਾਲਾ ਰਾਜ ’ਤੇ 10 ਦੋਸ਼ ਲਾਉਦਿਆਂ ਇਕ ਚਾਰਜਸ਼ੀਟ ਪੇਸ਼ ਕੀਤੀ, ਜਿਹੜੀ ਕਿ 18 ਰਾਜਾਂ ਵਿਚ 52 ਯੂਨੀਵਰਸਿਟੀਆਂ ਤੇ 4 ਕਾਲਜਾਂ ਦੇ ਕਰੀਬ ਇਕ ਲੱਖ ਵਿਦਿਆਰਥੀਆਂ ਤੇ ਵਿਦਿਆਰਥਣਾਂ ਵਿਚ ਸਿੱਖਿਆ ਤੇ ਰੁਜ਼ਗਾਰ ਨਾਲ ਜੁੜੇ ਤਿੰਨ ਸਵਾਲਾਂ ’ਤੇ ਸਰਵੇ ਕਰਕੇ ਤਿਆਰ ਕੀਤੀ ਗਈ ਹੈ। ਲਗਪਗ 92 ਫੀਸਦੀ ਵਿਦਿਆਰਥੀਆਂ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿਚ ਸਿੱਖਿਆ ਮਹਿੰਗੀ ਹੋਈ, ਜਿਸ ਨਾਲ ਗਰੀਬ ਤੇ ਕਮਜ਼ੋਰ ਤਬਕੇ ਦੇ ਵਿਦਿਆਰਥੀ ਉੱਚ ਸਿੱਖਿਆ ਤੋਂ ਦੂਰ ਹੋਏ। ਰੁਜ਼ਗਾਰ ਦੇ ਮੌਕੇ ਘਟੇ ਹਨ। ਯੂਨੀਵਰਸਿਟੀਆਂ ਤੇ ਕਾਲਜਾਂ ਵਿਚ ਆਰ ਐੱਸ ਐੱਸ ਤੇ ਭਾਜਪਾ ਨਾਲ ਜੁੜੇ ਲੋਕਾਂ ਨੂੰ ਨੌਕਰੀਆਂ ਵਿਚ ਪਹਿਲ ਦਿੱਤੀ ਗਈ। ਸਿਲੇਬਸ ਵਿਚ ਬਦਲਾਅ ਕਰਕੇ ਉਸ ਨੂੰ ਆਰ ਐੱਸ ਐੱਸ ਦੀ ਵਿਚਾਰਧਾਰਾ ਨਾਲ ਲੈਸ ਕਰ ਦਿੱਤਾ ਗਿਆ, ਜੋ ਕਿਸੇ ਵੀ ਪ੍ਰਗਤੀਸ਼ੀਲ ਤੇ ਜਮਹੂਰੀ ਸਮਾਜ ਲਈ ਨੁਕਸਾਨਦੇਹ ਹੈ।
ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ, ਆਲ ਇੰਡੀਆ ਸਟੂਡੈਂਟ ਐਸੋਸੀਏਸ਼ਨ, ਆਲ ਇੰਡੀਆ ਸੂਫੀ ਬੋਰਡ, ਸੀ ਆਰ ਜੇ ਡੀ, ਡੀ ਐੱਮ ਕੇ ਦੇ ਸਟੂਡੈਂਟ ਵਿੰਗ, ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ, ਪ੍ਰੋਗ੍ਰੈਸਿਵ ਸਟੂਡੈਂਟਸ ਯੂਨੀਅਨ, ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ, ਯੁਵਾ ਹੱਲਾ ਬੋਲ, ਸਮਾਜਵਾਦੀ ਛਾਤਰ ਸਭਾ, ਰੈਵੋਲਿਊਸ਼ਨਰੀ ਯੂਥ ਐਸੋਸੀਏਸ਼ਨ ਆਦਿ ਵੱਲੋਂ ਕੀਤੇ ਗਏ ਸਰਵੇਖਣ ਦੇ ਆਧਾਰ ’ਤੇ ਮੋਦੀ ਸਰਕਾਰ ’ਤੇ 10 ਦੋਸ਼ ਲਾਏ ਗਏ ਹਨ। ਇਨ੍ਹਾਂ ਵਿਚ ਪ੍ਰਮੁੱਖ ਫੀਸਾਂ ਵਿਚ ਵਾਧਾ, ਰੁਜ਼ਗਾਰ ਦੇ ਮੌਕਿਆਂ ਵਿਚ ਕਟੌਤੀ ਤੇ ਸਿੱਖਿਆ ਦਾ ਭਗਵਾਂਕਰਨ ਹਨ। ਸਰਵੇਖਣ ਮੁਤਾਬਕ ਉਸਮਾਨੀਆ ਯੂਨੀਵਰਸਿਟੀ ਵਿਚ 1000 ਫੀਸਦੀ, ਇਲਾਹਾਬਾਦ ਯੂਨੀਵਰਸਿਟੀ ਵਿਚ 400 ਫੀਸਦੀ ਤੇ ਦਿੱਲੀ ਯੂਨੀਵਰਸਿਟੀ ਵਿਚ ਪੀ ਐੱਚ ਡੀ ਕੋਰਸ ਦੀ ਫੀਸ 1800 ਫੀਸਦੀ ਵਧਾਈ ਗਈ ਹੈ। ਸਰਕਾਰੀ ਯੂਨੀਵਰਸਿਟੀਆਂ ਵਿਚ ਵੀ ਬਹੁਤੇ ਕੋਰਸਾਂ ਨੂੰ ਸੈਲਫ ਫਾਈਨੈਂਸ ਕਰਕੇ ਫੀਸ ਵਧਾਈ ਜਾ ਰਹੀ ਹੈ ਤੇ ਰਿਜ਼ਰਵੇਸ਼ਨ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਫੀਸਾਂ ਵਧਾ ਕੇ ਉੱਚ ਸਿੱਖਿਆ ਨੂੰ ਇਕ ਵਰਗ ਤੱਕ ਸੀਮਤ ਕੀਤਾ ਜਾ ਰਿਹਾ ਹੈ। ਸਿੱਖਿਆ ਦਾ ਬਜਟ ਘਟਾ ਦਿੱਤਾ ਗਿਆ ਹੈ। ਨਵੀਂ ਸਿੱਖਿਆ ਨੀਤੀ-2020 ਤੇ ਯੂ ਜੀ ਸੀ ਰਾਹੀਂ ਉੱਚ ਸਿੱਖਿਆ ਨੂੰ ਬਰਬਾਦ ਕੀਤਾ ਜਾ ਰਿਹਾ ਹੈ। ਉੱਚ ਸਿੱਖਿਆ ਵਿੱਤੀ ਏਜੰਸੀ (ਹਾਇਰ ਐਜੂਕੇਸ਼ਨ ਫਾਈਨੈਂਸਿੰਗ ਏਜੰਸੀ) ਰਾਹੀਂ ਹੁਣ ਯੂਨੀਵਰਸਿਟੀਆਂ ਨੂੰ ਬਜਟ ਨਹੀਂ ਸਗੋਂ ਕਰਜ਼ਾ ਦਿੱਤਾ ਜਾ ਰਿਹਾ ਹੈ। ਇਹ ਕਰਜ਼ਾ ਯੂਨੀਵਰਸਿਟੀਆਂ ਫੀਸਾਂ ਵਿਚ ਵਾਧੇ ਕਰਕੇ ਉਤਾਰਨੀਆਂ। ਵਿਦਿਆਰਥੀ ਜਥੇਬੰਦੀਆਂ ਨੇ ਇਕ ਇਹ ਬਹੁਤ ਗੰਭੀਰ ਦੋਸ਼ ਲਾਇਆ ਹੈ ਕਿ ਯੂਨੀਵਰਸਿਟੀਆਂ ਤੇ ਕਾਲਜਾਂ ਵਿਚ ਵਿਦਿਆਰਥਣਾਂ ਦੀ ਸੁਰੱਖਿਆ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਕੈਂਪਸਾਂ ਵਿਚ ਵਿਦਿਆਰਥਣਾਂ ਖੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀਆਂ। ਬਨਾਰਸ ਹਿੰਦੂ ਯੂਨੀਵਰਸਿਟੀ ਵਿਚ ਭਾਜਪਾ ਨਾਲ ਜੁੜੇ ਤਿੰਨ ਮੁੰਡਿਆਂ ਵੱਲੋਂ ਇਕ ਵਿਦਿਆਰਥਣ ਨੂੰ ਨਿਰਵਸਤਰ ਕਰਨ ਦੀ ਘਟਨਾ ਇਸ ਦੀ ਸਭ ਤੋਂ ਤਾਜ਼ਾ ਮਿਸਾਲ ਹੈ। ਸਰਵੇ ਦੇ ਨਤੀਜਿਆਂ ਨੂੰ ਧਿਆਨ ਵਿਚ ਰੱਖ ਕੇ ਵਿਦਿਆਰਥੀ ਜਥੇਬੰਦੀਆਂ ਆਰ ਐੱਸ ਐੱਸ ਤੇ ਭਾਜਪਾ ਖਿਲਾਫ ਮੈਦਾਨ ਮੱਲਣ ਜਾ ਰਹੀਆਂ ਹਨ ਤੇ ਵਿਦਿਆਰਥੀ ਤੇ ਨੌਜਵਾਨ ਵਿਰੋਧੀ ਕੇਂਦਰੀ ਭਾਜਪਾ ਸਰਕਾਰ ਨੂੰ ਹਰਾਉਣ ਲਈ ਪੂਰਾ ਜ਼ੋਰ ਲਾਉਣਗੀਆਂ।

Related Articles

LEAVE A REPLY

Please enter your comment!
Please enter your name here

Latest Articles