ਪਟਨਾ : ਵੀਰਵਾਰ ਨੂੰ ਬਿਹਾਰ ’ਚ ਕੁਝ ਵੱਖਰੀ ਹੀ ਤਸਵੀਰ ਦਿਖਾਈ ਦਿੱਤੀ ਜਦੋਂ ਬਿਹਾਰ ’ਚ ਮਹਾਗਠਬੰਧਨ ਦੇ ਟੁੱਟਣ ਤੋਂ ਬਾਅਦ ਪਹਿਲੀ ਵਾਰ ਲਾਲੂ ਪ੍ਰਸਾਦ ਯਾਦਵ ਅਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਆਹਮਣਾ-ਸਾਹਮਣਾ ਹੋਇਆ। ਲਾਲੂ ਦੇ ਪੁੱਜਣ ’ਤੇ ਸਮਰਥਕ ਉਨ੍ਹਾ ਦੇ ਹੱਕ ’ਚ ਜ਼ਿੰਦਾਬਾਦ ਦੇ ਨਾਅਰੇ ਲਾਉਣ ਲੱਗੇ। ਲਾਲੂ ਦੇ ਨਾਲ ਉਨ੍ਹਾ ਦੇ ਬੇਟੇ ਅਤੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਵੀ ਮੌਜੂਦ ਸਨ। ਤੇਜਸਵੀ ਦੇ ਹੱਕ ’ਚ ਵੀ ਜ਼ਿੰਦਾਬਾਦ ਦੇ ਨਾਅਰੇ ਲੱਗੇ। ਦੂਜੇ ਪਾਸਿਓਂ ਨਿਤੀਸ਼ ਕੁਮਾਰ ਆਉਂਦੇ ਦਿਖਾਈ ਦਿੱਤੇ। ਉਨ੍ਹਾ ਨੇ ਲਾਲੂ ਨੂੰ ਦੇਖਿਆ, ਥੋੜ੍ਹਾ ਸਮਾਂ ਰੁਕ ਕੇ ਉਨ੍ਹਾ ਦਾ ਹਾਲ-ਚਾਲ ਪੁੱਛਿਆ, ਹੱਥ ਜੋੜ ਕੇ ਸਵਾਗਤ ਕੀਤਾ ਅਤੇ ਉਨ੍ਹਾ ਦੇ ਮੋਢੇ ’ਤੇ ਥਾਪੜਾ ਦੇ ਕੇ ਅੱਗੇ ਵਧ ਗਏ। ਮੌਕਾ ਰਾਜ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਭਰਨ ਦਾ ਸੀ। ਲਾਲੂ ਆਪਣੀ ਪਾਰਟੀ ਦੇ ਦੋ ਉਮੀਦਵਾਰਾਂ ਮਨੋਜ ਝਾਅ ਅਤੇ ਸੰਜੈ ਯਾਦਵ ਦੇ ਨਾਮਜ਼ਦਗੀ ਭਰਨ ਦੌਰਾਨ ਵਿਧਾਨ ਸਭਾ ਪਹੁੰਚੇ ਸਨ।





