ਚੰਡੀਗੜ੍ਹ : 72 ਘੰਟਿਆਂ ਤੋਂ ਪੈ ਰਹੇ ਮੀਂਹ ਕਰਕੇ ਚੰਡੀਗੜ੍ਹ ਦੀ ਸੁਖਨਾ ਝੀਲ ਵਿਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਟੱਪ ਗਿਆ ਹੈ | ਇਸ ਕਾਰਨ ਯੂ ਟੀ ਪ੍ਰਸ਼ਾਸਨ ਨੇ ਸ਼ਨੀਵਾਰ ਰਾਤ ਡੇਢ ਵਜੇ ਸੁਖਨਾ ਝੀਲ ਦਾ ਫਲੱਡ ਗੇਟ ਖੋਲ੍ਹ ਦਿੱਤਾ | ਇਸ ਤੋਂ ਬਾਅਦ ਬਲਟਾਣਾ, ਜ਼ੀਰਕਪੁਰ ਸਣੇ ਹੋਰ ਆਲੇ-ਦੁਆਲੇ ਦੇ ਕਈ ਹੇਠਲੇ ਇਲਾਕੇ ਖਤਰੇ ਵਿਚ ਆ ਗਏ ਹਨ | ਗੇਟ ਐਤਵਾਰ ਦੁਪਹਿਰ ਤੱਕ ਬੰਦ ਨਹੀਂ ਕੀਤਾ ਗਿਆ | ਅਧਿਕਾਰੀਆਂ ਨੇ ਦੱਸਿਆ ਕਿ ਚੰਡੀਗੜ੍ਹ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਭਾਰੀ ਮੀਂਹ ਪੈਣ ਕਰਕੇ ਫਲੱਡ ਗੇਟ ਕੁਝ ਹੋਰ ਸਮਾਂ ਖੁੱਲਿ੍ਹਆ ਰਹੇਗਾ | ਇਸ ਤੋਂ ਪਹਿਲਾਂ ਸਾਲ 2021 ਵਿਚ ਵੀ ਪਾਣੀ ਵਧਣ ਕਰਕੇ ਫਲੱਡ ਗੇਟ ਖੋਲ੍ਹੇ ਗਏ ਸਨ | ਉਸ ਸਮੇਂ ਪ੍ਰਸ਼ਾਸਨ ਨੇ ਮੁਸਤੈਦੀ ਨਾਲ ਇਕੋ ਵਾਰ ਦੀ ਥਾਂ ਹੌਲੀ-ਹੌਲੀ ਕਰਕੇ ਚਾਰ ਤੋਂ ਪੰਜ ਵਾਰ ਗੇਟ ਖੋਲ੍ਹੇ ਸਨ | ਸਾਲ 2019 ਵਿਚ ਵੀ ਪਾਣੀ ਖ਼ਤਰੇ ਦੇ ਨਿਸ਼ਾਨ ਤੱਕ ਪਹੁੰਚ ਗਿਆ ਸੀ, ਪਰ ਫਲੱਡ ਗੇਟ ਖੋਲ੍ਹਣ ਦੀ ਲੋੜ ਨਹੀਂ ਸੀ ਪਈ | ਇਸ ਤੋਂ ਪਹਿਲਾਂ ਸਾਲ 2018 ਵਿਚ ਸੁਖਨਾ ਝੀਲ ਵਿਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚਣ ਕਾਰਨ 2-3 ਘੰਟੇ ਫਲੱਡ ਗੇਟ ਖੋਲ੍ਹੇ ਗਏ ਸਨ, ਜਦਕਿ ਇਸ ਤੋਂ ਪਹਿਲਾਂ ਸਾਲ 2008 ਵਿਚ ਪਾਣੀ ਦਾ ਪੱਧਰ ਵਧਣ ਕਾਰਨ ਗੇਟ ਖੋਲ੍ਹੇ ਗਏ ਸਨ | ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਸ਼ਨੀਵਾਰ ਰਾਤ ਤੇ ਐਤਵਾਰ ਭਾਰੀ ਮੀਂਹ ਪਿਆ, ਜਿਸ ਨੇ ਲੋਕਾਂ ਨੂੰ ਗਰਮੀ ਤੇ ਹੁੰਮਸ ਤੋਂ ਰਾਹਤ ਦਿਵਾਈ ਹੈ | ਦੂਜੇ ਪਾਸੇ ਬਿਜਲੀ ਦੀ ਮੰਗ ਘਟਣ ਕਰਕੇ ਬਿਜਲੀ ਵਿਭਾਗ ਨੇ ਵੀ ਸੁੱਖ ਦਾ ਸਾਹ ਲਿਆ ਹੈ | ਕਈ ਨੀਵੇਂ ਇਲਾਕਿਆਂ ‘ਚ ਪਾਣੀ ਭਰਨ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ | ਮੀਂਹ ਕਰਕੇ ਤਾਪਮਾਨ ਆਮ ਨਾਲੋਂ 2 ਤੋਂ 3 ਡਿਗਰੀ ਸੈਲਸੀਅਸ ਹੇਠਾਂ ਡਿੱਗ ਗਿਆ ਹੈ | ਮੌਸਮ ਵਿਭਾਗ ਅਨੁਸਾਰ ਚੰਡੀਗੜ੍ਹ ਵਿਚ 51.7 ਐੱਮ ਐੱਮ, ਪਟਿਆਲਾ ‘ਚ 72.2 ਐੱਮ ਐੱਮ, ਅੰਮਿ੍ਤਸਰ ‘ਚ 28 ਐੱਮ ਐੱਮ, ਫਰੀਦਕੋਟ ‘ਚ 15 ਐੱਮ ਐੱਮ, ਬਠਿੰਡਾ ‘ਚ 2 ਐੱਮ ਐੱਮ, ਬਰਨਾਲਾ ‘ਚ 37.5 ਐੱਮ ਐੱਮ, ਫਤਹਿਗੜ੍ਹ ਸਾਹਿਬ ‘ਚ 74.5 ਐੱਮ ਐੱਮ, ਫਿਰੋਜ਼ਪੁਰ ‘ਚ 32 ਐੱਮ ਐੱਮ, ਜਲੰਧਰ ‘ਚ 14.5 ਐੱਮ ਐੱਮ, ਮੋਗਾ ‘ਚ 36.5 ਐੱਮ ਐੱਮ, ਮੁਹਾਲੀ ‘ਚ 88 ਐੱਮ ਐੱਮ, ਰੋਪੜ ‘ਚ 28 ਐੱਮ ਐੱਮ ਮੀਂਹ ਪਿਆ ਹੈ |
ਇਸੇ ਤਰ੍ਹਾਂ ਹਰਿਆਣਾ ਵਿੱਚ ਅੰਬਾਲਾ ‘ਚ 38 ਐੱਮ ਐੱਮ, ਰੋਹਤਕ ‘ਚ 33.2 ਐੱਮ ਐੱਮ, ਗੁਰੂਗ੍ਰਾਮ ‘ਚ 20 ਐੱਮ ਐੱਮ, ਭਿਵਾਨੀ ‘ਚ 11.7 ਐੱਮ ਐੱਮ, ਸਿਰਸਾ ‘ਚ 32.2 ਐੱਮ ਐੱਮ, ਪੰਚਕੂਲਾ ‘ਚ 60.5 ਐੱਮ ਐੱਮ, ਕੁਰੂਕਸ਼ੇਤਰ ‘ਚ 18 ਐੱਮ ਐੱਮ ਅਤੇ ਕਰਨਾਲ ‘ਚ 14.5 ਐੱਮ ਐੱਮ ਮੀਂਹ ਪਿਆ ਹੈ | ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ 18 ਤੋਂ 21 ਜੁਲਾਈ ਤੱਕ ਕੁਝ ਥਾਵਾਂ ‘ਤੇ ਮੀਂਹ ਪੈ ਸਕਦਾ ਹੈ |