ਚੇਨਈ : ਤਾਮਿਲਨਾਡੂ ਦੇ ਕੱਲਾਕੁਰੀਚੀ ਜ਼ਿਲ੍ਹੇ ਵਿਚ ਇਕ ਨਿੱਜੀ ਰਿਹਾਇਸ਼ੀ ਸਕੂਲ ‘ਚ ਬਾਰ੍ਹਵੀਂ ਦੀ ਵਿਦਿਆਰਥਣ ਦੀ ਮੌਤ ਤੋਂ ਬਾਅਦ ਲੋਕਾਂ ਨੇ 10 ਬੱਸਾਂ ਤੇ 3 ਪੁਲਸ ਵਹੀਕਲਾਂ ਨੂੰ ਅੱਗ ਲਾ ਦਿੱਤੀ | ਪੁਲਸ ਨੇ ਲਾਠੀਚਾਰਜ ਕਰਕੇ ਲੋਕਾਂ ਨੂੰ ਭਜਾਇਆ |
ਕੱਲਾਕੁਰੀਚੀ ਦੇ ਚਿੰਨਾ ਸਲੇਮ ਵਿਚ ਵਿਦਿਆਰਥਣ ਸ੍ਰੀਮਥੀ ਨੇ 12 ਜੁਲਾਈ ਦੀ ਰਾਤ ਉਤਲੀ ਮੰਜ਼ਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ | 13 ਜੁਲਾਈ ਦੀ ਸਵੇਰ ਚੌਕੀਦਾਰ ਨੇ ਲਾਸ਼ ਦੇਖੀ | ਉਸ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਡੈੱਡ ਕਰਾਰ ਦਿੱਤਾ | ਉਸ ਨੇ ਖੁਦਕੁਸ਼ੀ ਨੋਟ ਵਿਚ ਦੋ ਅਧਿਆਪਕਾਂ ‘ਤੇ ਉਸ ਨੂੰ ਅਤੇ ਹੋਰਨਾਂ ਵਿਦਿਆਰਥੀਆਂ ਨੂੰ ਹਰ ਵੇਲੇ ਪੜ੍ਹਨ ਲਈ ਮਜਬੂਰ ਕਰਨ ਦਾ ਦੋਸ਼ ਲਾਇਆ | ਵਿਦਿਆਰਥਣ ਦੇ ਘਰ ਵਾਲਿਆਂ ਨੇ ਕੱਲਾਕੁਰੀਚੀ-ਸਲੇਮ ਹਾਈਵੇ ਜਾਮ ਕਰ ਦਿੱਤਾ ਤੇ ਅਧਿਆਪਕਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ | ਇਸ ਦੇ ਬਾਅਦ ਪੁਲਸ ਨੇ ਧਾਰਾ 174 ਤਹਿਤ ਗੈਰ-ਕੁਦਰਤੀ ਮੌਤ ਦਾ ਮਾਮਲਾ ਦਰਜ ਕਰ ਲਿਆ | ਅਧਿਆਪਕਾਂ ਨੇ ਕਿਹਾ ਕਿ ਉਨ੍ਹਾਂ ਸਾਰੇ ਬੱਚਿਆਂ ਨੂੰ ਪੜ੍ਹਾਈ ਲਈ ਕਿਹਾ ਸੀ, ਕਿਉਂਕਿ ਸਾਰੇ ਲਾਪ੍ਰਵਾਹ ਸਨ |