ਨਵੀਂ ਦਿੱਲੀ : ਕਾਂਗਰਸ ਨੇ ਸ਼ੁੱਕਰਵਾਰ ਵੱਡਾ ਦੋਸ਼ ਲਾਉਂਦਿਆਂ ਕਿਹਾ ਕਿ ਇਨਕਮ ਟੈਕਸ ਵਿਭਾਗ ਨੇ ਮਾਮੂਲੀ ਆਧਾਰ ’ਤੇ ਪਾਰਟੀ ਦੇ ਚਾਰ ਮੁੱਖ ਬੈਂਕ ਖਾਤੇ ਫਰੀਜ਼ ਕਰ ਦਿੱਤੇ, ਜਿਸ ਨਾਲ ਉਸ ਕੋਲ ਬਿੱਲ ਤੇ ਤਨਖਾਹਾਂ ਦੇਣ ਲਈ ਪੈਸੇ ਨਹੀਂ ਰਹੇ। ਕਾਂਗਰਸ ਨੇ ਇਸਨੂੰ ਇਨਕਮ ਟੈਕਸ ਅਪੀਲੀ ਟਿ੍ਰਬਿਊਨਲ ਵਿਚ ਚੈਲੰਜ ਕੀਤਾ ਤਾਂ ਉਸਨੇ ਅਗਲੇ ਹਫਤੇ ਅੰਤਮ ਸੁਣਵਾਈ ਤਕ ਖਾਤੇ ਅਪਰੇਟ ਕਰਨ ਦੀ ਆਗਿਆ ਦੇ ਦਿੱਤੀ। ਟਿ੍ਰਬਿਊਨਲ ਅੰਤਰਮ ਰਾਹਤ ਲਈ ਕਾਂਗਰਸ ਦੀ ਅਰਜ਼ੀ ’ਤੇ 21 ਫਰਵਰੀ ਨੂੰ ਸੁਣਵਾਈ ਕਰੇਗਾ। ਖਾਤੇ ਫਰੀਜ਼ ਕਰਨ ਬਾਰੇ ਪਾਰਟੀ ਦੇ ਖਜ਼ਾਨਚੀ ਅਜੈ ਮਾਕਨ ਨੇ ਕਿਹਾਅਸੀਂ 31 ਦਸੰਬਰ 2019 ਤਕ ਖਾਤਿਆਂ ਦਾ ਹਿਸਾਬ ਦੇਣਾ ਸੀ ਪਰ ਕੁਝ ਦੇਰੀ ਹੋ ਗਈ। ਇਸ ਕਰਕੇ ਖਾਤੇ ਸੀਲ ਕਰ ਦਿੱਤੇ ਗਏ। 2018-19 ਚੋਣਾਂ ਦਾ ਵਕਤ ਸੀ, ਜਿਸ ਵਿਚ ਕਾਂਗਰਸ ਦੇ 199 ਕਰੋੜ ਰੁਪਏ ਖਰਚ ਹੋਏ ਸਨ। ਇਸ ਵਿਚ ਸਾਡੇ ਵਿਧਾਇਕਾਂ ਤੇ ਸਾਂਸਦਾਂ ਨੇ ਸਿਰਫ 14 ਲੱਖ 40 ਹਜ਼ਾਰ ਰੁਪਏ ਕੈਸ਼ ਵਿਚ ਜਮ੍ਹਾਂ ਕੀਤੇ ਸਨ, ਜੋ ਉਨ੍ਹਾਂ ਦੀ ਤਨਖਾਹ ਸੀ। ਇਸ ਕਰਕੇ ਕਾਂਗਰਸ ’ਤੇ 210 ਕਰੋੜ ਰੁਪਏ ਦੀ ਪੈਨਲਟੀ ਲਾ ਦਿੱਤੀ ਗਈ। ਇਸ ਘਟਨਾ ’ਤੇ ਰਾਹੁਲ ਨੇ ਕਿਹਾ ਹੈਡਰੋ ਨਾ ਮੋਦੀ ਜੀ, ਕਾਂਗਰਸ ਧਨ ਦੀ ਤਾਕਤ ਦਾ ਨਹੀਂ, ਜਨ ਦੀ ਤਾਕਤ ਦਾ ਨਾਂਅ ਹੈ। ਅਸੀਂ ਤਾਨਾਸ਼ਾਹੀ ਦੇ ਸਾਹਮਣੇ ਨਾ ਕਦੇ ਝੁਕੇ ਹਾਂ ਤੇ ਨਾ ਝੁਕਾਂਗੇ। ਭਾਰਤ ਦੇ ਲੋਕਤੰਤਰ ਦੀ ਰਾਖੀ ਲਈ ਹਰ ਕਾਂਗਰਸੀ ਕਾਰਕੁੰਨ ਜੀ ਜਾਨ ਨਾਲ ਲੜੇਗਾ।




