ਪਟਿਆਲਾ : ਪੰਜਾਬ ਏਟਕ ਦੇ ਪ੍ਰਧਾਨ ਬੰਤ ਸਿੰਘ ਬਰਾੜ ਅਤੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ 16 ਫਰਵਰੀ ਨੂੰ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਫੈਡਰੇਸ਼ਨਾਂ, ਅਜ਼ਾਦ ਜਥੇਬੰਦੀਆਂ, ਪੇਂਡੂ ਸ਼ਹਿਰੀ ਕਾਰੋਬਾਰੀਆਂ ਅਤੇ ਆਮ ਲੋਕਾਂ ਵਲੋਂ ਐਸ.ਕੇ.ਐਮ. ਅਤੇ 10 ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ’ਤੇ ਕੀਤੀ ਗਈ ਸਫਲ ਦੇਸ਼ ਵਿਆਪੀ ਹੜਤਾਲ ਅਤੇ ਪੇਂਡੂ ਭਾਰਤ ਬੰਦ ਲਈ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਤਾਕੀਦ ਕੀਤੀ ਕਿ ਭਵਿੱਖ ਵਿੱਚ ਮੋਦੀ ਸਰਕਾਰ ਦੇ ਜ਼ਾਲਮਾਨਾ ਲੋਕ ਵਿਰੋਧੀ ਕਦਮਾਂ ਵਿਰੁੱਧ ਹੋਣ ਵਾਲੇ ਜ਼ਬਰਦਸਤ ਸੰਭਾਵੀ ਸੰਘਰਸ਼ਾਂ ਵਿੱਚ ਵੀ ਪੰਜਾਬ ਵਾਸੀਆਂ ਵਲੋਂ ਇਸੇ ਤਰ੍ਹਾਂ ਸਹਿਯੋਗ ਦਿੱਤਾ ਜਾਵੇਗਾ। ਧਾਲੀਵਾਲ ਅਤੇ ਬਰਾੜ ਨੇ ਪੰਜਾਬ ਭਰ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਦੱਸਿਆ ਕਿ ਪੰਜਾਬ ਰੋਡਵੇਜ਼/ਪਨਬਸ ਅਤੇ ਪੀ.ਆਰ.ਟੀ.ਸੀ. ਦੀਆਂ 3500 ਬੱਸਾਂ ਦਾ ਚੱਕਾ ਮੁਕੰਮਲ ਤੌਰ ’ਤੇ ਜਾਮ ਰਿਹਾ ਅਤੇ ਸਮੁੱਚੀ ਪ੍ਰਾਈਵੇਟ ਟਰਾਂਸਪੋਰਟ ਦੀਆਂ ਬੱਸਾਂ ਵੀ ਬੰਦ ਰਹੀਆਂ। ਇਸੇ ਤਰ੍ਹਾਂ ਹੀ ਲੱਖਾਂ ਬਿਜਲੀ ਮੁਲਾਜ਼ਮਾਂ ਨੇ ਮੁਕੰਮਲ ਹੜਤਾਲ ਕੀਤੀ। ਸਾਰੀਆਂ ਮੁਲਾਜ਼ਮ ਫੈਡਰੇਸ਼ਨਾਂ ਨੇ ਕਿੰਨੇ ਹੀ ਵਿਭਾਗਾਂ ਵਿੱਚ ਹੜਤਾਲ ਕਰਵਾਈ। ਅਨੇਕਾਂ ਸਨਅਤੀ ਯੂਨਿਟਾਂ ਵਿੱਚ ਮਜ਼ਦੂਰ ਹੜਤਾਲ ’ਤੇ ਰਹੇ। ਖੇਤ ਮਜ਼ਦੂਰ, ਆਂਗਣਵਾੜੀ, ਉਸਾਰੀ ਕਿਰਤੀ, ਨਰੇਗਾ ਵਰਕਰ, ਭੱਠਾ ਵਰਕਰ, ਆਸ਼ਾ ਵਰਕਰ, ਮਾਈਕਰੋ ਫਾਈਨਾਂਸ ਕੰਪਨੀਆਂ ਦੇ ਪੀੜਤ ਵਰਕਰਾਂ ਨੇ ਹੜਤਾਲ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਛੋਟੇ ਅਤੇ ਵੱਡੇ ਸ਼ਹਿਰਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਤਰ ਮੁਲਾਜ਼ਮਾਂ, ਮਜ਼ਦੂਰਾਂ, ਕਿਸਾਨਾਂ ਅਤੇ ਹਰ ਤਰ੍ਹਾਂ ਦੇ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਲੋਕਾਂ ਵਲੋਂ ਜ਼ਬਰਦਸਤ ਰੋਸ ਪ੍ਰਦਰਸ਼ਨ ਅਤੇ ਰੋਹ ਭਰਪੂਰ ਰੈਲੀਆਂ ਕੀਤੀਆਂ ਗਈਆਂ। ਅਜਿਹੇ ਐਕਸ਼ਨ ਅੰਮਿ੍ਰਤਸਰ, ਲੁਧਿਆਣਾ, ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੋਪੜ, ਮੋਹਾਲੀ, ਚੰਡੀਗੜ੍ਹ, ਪਟਿਆਲਾ, ਸੰਗਰੂਰ, ਬਰਨਾਲਾ, ਮਾਨਸਾ, ਬਠਿੰਡਾ, ਮੁਕਤਸਰ, ਫਾਜ਼ਿਲਕਾ, ਫਿਰੋਜ਼ਪੁਰ, ਗੁਰਦਾਸਪੁਰ, ਪਠਾਨਕੋਟ, ਮਲੇਰਕੋਟਲਾ, ਫਤਹਿਗੜ੍ਹ ਸਾਹਿਬ ਆਦਿ ਪ੍ਰਮੁੱਖ ਸ਼ਹਿਰਾਂ ਵਿੱਚ ਬਹੁਤ ਜੋਸ਼ੋ ਖਰੋਸ਼ ਨਾਲ ਕਿਸਾਨਾਂ ਅਤੇ ਮਜ਼ਦੂਰਾਂ ਨੇ ਸਾਂਝੇ ਤੌਰ ’ਤੇ ਕੀਤੇ। ਇਸੇ ਤਰ੍ਹਾਂ ਛੋਟੇ ਕਸਬਿਆਂ, ਪਿੰਡਾਂ, ਮੁੱਖ ਸੜਕਾਂ, ਲਿੰਕ ਸੜਕਾਂ ਜਾਮ ਰਹੀਆਂ ਅਤੇ ਹੋਰ ਕਾਰੋਬਾਰ ਬੰਦ ਰਹੇ। ਕੁੱਲ ਮਿਲਾ ਕੇ ਪੰਜਾਬ ਦੇ ਹਰ ਤਬਕੇ ਨੇ ਭਾਰਤ ਬੰਦ ਅਤੇ ਇਸ ਉਦਯੋਗਿਕ ਹੜਤਾਲ ਦਾ ਖੁੱਲ੍ਹ ਕੇ ਸਾਥ ਦਿੱਤਾ। ਹੜਤਾਲੀ ਤਬਕਿਆਂ ਦੇ ਰੋਹ ਤੋਂ ਸਪਸ਼ਟ ਸੀ ਕਿ ਹੁਣ ਮੋਦੀ ਸਰਕਾਰ ਨੂੰ ਆਪਣੀਆਂ ਕਿਸਾਨ ਮਜ਼ਦੂਰ ਵਿਰੋਧੀ ਕਾਰਪੋਰੇਟ ਪੱਖੀ ਲੋਟੂ ਨੀਤੀਆਂ ਅਤੇ ਸਮਾਜ ਵਿੱਚ ਫਿਰਕੂ ਅਧਾਰ ’ਤੇ ਵੰਡੀਆਂ ਪਾਉਣ ਦੀਆਂ ਕੋਝੀਆਂ ਚਾਲਾਂ ਤੋਂ ਪਿੱਛੇ ਹਟਣਾ ਪਵੇਗਾ ਜਾਂ ਫਿਰ ਲੋਕਾਂ ਦੇ ਇਤਿਹਾਸਕ ਸੰਘਰਸ਼ਾਂ ਦਾ ਸਾਹਮਣਾ ਕਰਨਾ ਪਵੇਗਾ।



