ਜਲੰਧਰ (ਇਕਬਾਲ ਸਿੰਘ ਉੱਭੀ)
ਸੀ ਬੀ ਆਈ ਸ਼ੁੱਕਰਵਾਰ ਰਿਜਨਲ ਪਾਸਪੋਰਟ ਆਫਿਸ ਵਿਚ ਛਾਪਾ ਮਾਰ ਕੇ ਰਿਜਨਲ ਪਾਸਪੋਰਟ ਅਫਸਰ ਅਨੂਪ ਸਿੰਘ ਅਤੇ ਦੋ ਅਸਿਸਟੈਂਟ ਪਾਸਪੋਰਟ ਅਫਸਰਾਂ ਹਰੀ ਓਮ ਤੇ ਸੰਜੇ ਸ੍ਰੀਵਾਸਤਵ ਨੂੰ ਗਿ੍ਰਫਤਾਰ ਕਰਕੇ ਚੰਡੀਗੜ੍ਹ ਲੈ ਗਈ। ਦੱਸਿਆ ਜਾਂਦਾ ਹੈ ਕਿ ਸ਼ਿਕਾਇਤਕਰਤਾ ਨੇ ਆਪਣੇ ਪੋਤੇ ਤੇ ਪੋਤੀ ਦੇ ਨਵੇਂ ਪਾਸਪੋਰਟ ਲਈ ਅਪਲਾਈ ਕੀਤਾ ਸੀ। ਜਦੋਂ ਉਹ ਸਟੇਟਸ ਪਤਾ ਕਰਨ ਲਈ ਇਕ ਏ ਪੀ ਓ ਨੂੰ ਮਿਲਿਆ ਤਾਂ ਪਾਸਪੋਰਟ ਜਾਰੀ ਕਰਨ ਬਦਲੇ ਕਥਿਤ ਤੌਰ ’ਤੇ 25,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਗਈ। ਸ਼ਿਕਾਇਤਕਰਤਾ ਮੁਤਾਬਕ ਮੁਲਜ਼ਮਾਂ ਨੇ ਦੱਸਿਆ ਕਿ ਰਿਸ਼ਵਤ ਆਰ ਪੀ ਓ ਅਤੇ ਇੱਕ ਹੋਰ ਏ ਪੀ ਓ ਦੇ ਨਿਰਦੇਸ਼ਾਂ ’ਤੇ ਸਵੀਕਾਰ ਕੀਤੀ ਜਾਂਦੀ ਹੈ ਅਤੇ ਇਹ ਉਨ੍ਹਾਂ ਦਰਮਿਆਨ ਸਾਂਝੀ ਕੀਤੀ ਜਾਂਦੀ ਹੈ। ਸੀਬੀਆਈ ਨੇ ਜਾਲ ਵਿਛਾ ਕੇ ਮੁਲਜ਼ਮ ਏ ਪੀ ਓ ਨੂੰ 25,000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗਿ੍ਰਫਤਾਰ ਕਰ ਲਿਆ। ਇਸ ਤੋਂ ਬਾਅਦ ਆਰ ਪੀ ਓ ਤੇ ਇਕ ਹੋਰ ਏ ਪੀ ਓ ਨੂੰ ਵੀ ਗਿ੍ਰਫਤਾਰ ਕਰ ਲਿਆ ਗਿਆ। ਮੁਲਜਮਾਂ ਦੇ ਰਿਹਾਇਸ਼ੀ ਸਥਾਨਾਂ ਦੀ ਤਲਾਸ਼ੀ ਦੌਰਾਨ ਲਗਭਗ 20 ਲੱਖ ਰੁਪਏ ਅਤੇ ਇਤਰਾਜ਼ਯੋਗ ਦਸਤਾਵੇਜ਼ ਵੀ ਜ਼ਬਤ ਕੀਤੇ ਗਏ ਹਨ।




