ਚੀਫ ਖਾਲਸਾ ਦੀਵਾਨ ਦੀ ਚੋਣ ’ਚ ਨਿੱਜਰ ਧੜੇ ਦੀ ਹੂੰਝਾ ਫੇਰ ਜਿੱਤ

0
240

ਅੰਮਿ੍ਰਤਸਰ (ਜਸਬੀਰ ਸਿੰਘ ਪੱਟੀ)
ਚੀਫ ਖਾਲਸਾ ਦੀਵਾਨ ਦੀ ਹੋਈ ਜਨਰਲ ਚੋਣ ਵਿੱਚ ਮੌਜੂਦਾ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਧੜੇ ਨੂੰ ਭਰਵੀਂ ਜਿੱਤ ਪ੍ਰਾਪਤ ਹੋਈ ਹੈ ਤੇ ਪ੍ਰਧਾਨ ਸਮੇਤ ਛੇ ਅਹੁਦਿਆਂ ਵਿੱਚੋਂ ਪੰਜ ’ਤੇ ਨਿੱਜਰ ਧੜਾ ਜੇਤੂ ਰਿਹਾ, ਜਦ ਕਿ ਛੇ ਵੋਟਰਾਂ ਨੂੰ ਜਥੇਦਾਰ ਅਕਾਲ ਤਖਤ ਦੇ ਆਦੇਸ਼ਾਂ ਦੇ ਬਾਵਜੂਦ ਵੋਟ ਨਹੀਂ ਪਾਉਣ ਦੀ ਆਗਿਆ ਨਹੀਂ ਦਿੱਤੀ ਗਈ, ਜਿਹਨਾਂ ਦੀਵਾਨ ਦੇ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਵੀ ਕੀਤਾ। ਕੁਲ 491 ਵੋਟਾਂ ਵਿੱਚੋਂ 399 ਵੋਟਾਂ ਪੋਲ ਹੋਈਆ।ਡਾ. ਇੰਦਰਬੀਰ ਸਿੰਘ ਨਿੱਜਰ ਨੇ ਸਭ ਤੋਂ ਵੱਧ 247 ਵੋਟਾਂ ਲੈ ਕੇ ਸੁਰਿੰਦਰਪਾਲ ਸਿੰਘ ਪਾਲ ਨੂੰ 97 ਵੋਟਾਂ ਦੇ ਫਰਕ ਨਾਲ ਹਰਾਇਆ। ਪਾਲ ਨੂੰ 150 ਵੋਟ ਹੀ ਮਿਲੇ। ਦੋ ਗਰੁੱਪਾਂ ਵਿੱਚ ਮੁਕਾਬਲਾ ਹੋਇਆ। ਦੋ ਮੀਤ ਪ੍ਰਧਾਨਾਂ ਲਈ ਨਿੱਜਰ ਧੜੇ ਦੇ ਸੰਤੋਖ ਸਿੰਘ ਸੇਠੀ ਨੂੰ 242, ਜਗਜੀਤ ਸਿੰਘ ਬੰਟੀ 212 ਵੋਟਾਂ ਨਾਲ ਜੇਤੂ ਕਰਾਰ ਦਿੱਤੇ ਗਏ, ਜਦ ਕਿ ਪਾਲ ਧੜੇ ਦੇ ਅਮਰਜੀਤ ਸਿੰਘ ਬਾਂਗਾ ਨੂੰ 150 ਤੇ ਸਰਬਜੀਤ ਸਿੰਘ ਨੂੰ 180 ਵੋਟਾਂ ਮਿਲੀਆ। ਸਥਾਨਕ ਪ੍ਰਧਾਨ ਦੇ ਅਹੁਦੇ ਲਈ ਕੁਲਜੀਤ ਸਿੰਘ ਸਾਹਨੀ ਨੂੰ 226 ਤੇ ਵਿਰੋਧੀ ਸੁਖਦੇਵ ਸਿੰਘ ਮੱਤੇਵਾਲ ਨੂੰ 185 ਵੋਟਾਂ ਮਿਲੀਆ। ਇਸੇ ਤਰ੍ਹਾ ਦੋ ਆਨਰੇਰੀ ਸਕੱਤਰਾਂ ਲ਼ਈ ਨਿੱਜਰ ਧੜੇ ਦੇ ਸਵਿੰਦਰ ਸਿੰਘ ਕੱਥੂਨੰਗਲ ਨੂੰ 221 ਵੋਟਾਂ ਮਿਲੀਆਂ ਤੇ ਪਾਲ ਧੜੇ ਦੇ ਡਾ. ਰਮਨੀਕ ਸਿੰਘ ਨੂੰ 217 ਵੋਟਾਂ ਮਿਲੀਆਂ, ਜਦ ਕਿ ਬਾਕੀ ਦੋ ਉਮੀਦਵਾਰਾਂ ਅਜੀਤ ਸਿੰਘ ਬਸਰਾ ਨੂੰ 154 ਤੇ ਡਾ. ਜਸਵਿੰਦਰ ਸਿੰਘ ਢਿੱਲੋਂ ਨੂੰ 186 ਵੋਟਾਂ ਮਿਲੀਆਂ। ਪ੍ਰਧਾਨਗੀ ਦੇ ਅਹੁਦੇ ’ਤੇ ਜੇਤੂ ਰਹੇ ਡਾ. ਨਿੱਜਰ 2019 ਵਿੱਚ ਉੱਪ ਚੋਣ ਦੌਰਾਨ ਪ੍ਰਧਾਨ ਬਣੇ ਸਨ ਤੇ ਇਸ ਵਾਰੀ ਉਹਨਾ ਨੂੰ ਅਗਲੇ ਪੰਜ ਸਾਲਾਂ ਲਈ ਪ੍ਰਧਾਨ ਚੁਣ ਲਿਆ ਗਿਆ ਹੈ। ਡਾ. ਨਿੱਜਰ ਅੰਮਿ੍ਰਤਸਰ ਵਿਧਾਨ ਸਭਾ ਹਲਕਾ ਦੱਖਣੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਹਨ। ਕੁਝ ਸਮਾਂ ਸਥਾਨਕ ਸਰਕਾਰਾਂ ਦੇ ਮੰਤਰੀ ਵੀ ਰਹੇ। ਡਾ. ਨਿੱਜਰ ਸਾਊ ਸੁੁਭਾਅ ਵਾਲੇ ਵਿਅਕਤੀ ਹਨ, ਪਰ ਦੀਵਾਨ ਵਿੱਚ ਇਸ ਕਦਰ ਸਖਤੀ ਵਰਤ ਰਹੇ ਹਨ ਕਿ ਜਿਹੜਾ ਵੀ ਮੈਂਬਰ ਉਹਨਾ ਖਿਲਾਫ ਕੋਈ ਟਿੱਪਣੀ ਕਰਦਾ ਹੈ, ਉਸ ਨੂੰ ਦੀਵਾਨ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਜਾਂਦਾ ਹੈ। ਸਿਆਸੀ ਤੌਰ ’ਤੇ ਡਾ. ਨਿੱਜਰ ਆਮ ਆਦਮੀ ਪਾਰਟੀ ਨਾਲ ਤੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਕਾਂਗਰਸ ਨਾਲ ਸੰਬੰਧਤ ਹਨ।

LEAVE A REPLY

Please enter your comment!
Please enter your name here