ਪਟਿਆਲਾ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਐਤਵਾਰ ਕਿਸਾਨਾਂ ਦੇ ਸੰਘਰਸ਼ ਦੀ ਮੁਕੰਮਲ ਹਮਾਇਤ ਕਰਦਿਆਂ ਭਾਜਪਾ ਦੀ ਕੇਂਦਰ ਸਰਕਾਰ ਦੀ ਕਰੜੀ ਆਲੋਚਨਾ ਕੀਤੀ। ਪੱਤਰਕਾਰਾਂ ਨਾਲ ਗੱਲ ਕਰਦਿਆਂ ਭਾਜਪਾ ਵਿਚ ਜਾਣ ਦੀਆਂ ਸਾਰੀਆਂ ਚਰਚਾਵਾਂ ਨੂੰ ਗੁੰਮਰਾਹਕੁੰਨ ਕਹਿ ਕੇ ਕਾਂਗਰਸ ਛੱਡਣ ਦੀਆਂ ਸਾਰੀਆਂ ਅਟਕਲਾਂ ਦਾ ਖੰਡਨ ਕੀਤਾ ਅਤੇ ਕਿਹਾ ਕਿ ਇਹ ਚਰਚਾਵਾਂ ਕਰਨ ਵਾਲੇ ਲੋਕਾਂ ਨੇ ਉਨ੍ਹਾ ਨੂੰ ਖੱਬੇ-ਪੱਖੀਆਂ ਤੋਂ ਇਲਾਵਾ ਸਾਰੀਆਂ ਪਾਰਟੀਆਂ ਵਿਚ ਸ਼ਾਮਲ ਕਰਨ ਦੀਆਂ ਚਰਚਾਵਾਂ ਚਲਾਈਆਂ, ਪਰ ਮੈਂ ਜਿੱਥੇ ਖੜ੍ਹੇ ਹਾਂ, ਉੱਥੇ ਹੀ ਖੜ੍ਹਾ ਰਹਾਂਗਾ। ਉਨ੍ਹਾ ਕਦੇ ਕਿਸੇ ਪਾਰਟੀ ਨਾਲ ਗ਼ੱਦਾਰੀ ਨਹੀਂ ਕੀਤੀ ਤੇ ਨਾ ਹੀ ਕਰਨਗੇ। ਉਨ੍ਹਾ ਇਸ ਵੇਲੇ ਕਿਸਾਨ ਸੰਘਰਸ਼ ’ਚ ਲੱਗਦੇ ਖਾਲਿਸਤਾਨ ਦੇ ਨਾਅਰਿਆਂ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾਗੁਰੂ ਨਾਨਕ ਦੇ ਫਲਸਫੇ ਅਨੁਸਾਰ ਚੱਲਣ ਵਾਲਾ ਸਿੱਖ ਰਾਜ ਇਕ ਦਿਨ ਜ਼ਰੂਰ ਆ ਕੇ ਰਹੇਗਾ। ਸਾਡੇ ਪੰਜਾਬ ਦੇ ਇਨ੍ਹਾਂ ਨੇ 9 ਟੁਕੜੇ ਕਰ ਦਿੱਤੇ, ਪਰ ਅੱਜ ਵੀ ਇਹ ਪੰਜਾਬ ਨੂੰ ਟਿਕਣ ਨਹੀਂ ਦੇ ਰਹੇ। ਅਜ਼ਾਦੀ ਵਿਚ ਕੁਰਬਾਨੀਆਂ ਪੰਜਾਬੀਆਂ ਦੀਆਂ ਸਭ ਤੋਂ ਜ਼ਿਆਦਾ, ਅਨਾਜ ਭੰਡਾਰ ਵਿਚ ਸਭ ਤੋਂ ਵੱਧ ਹਿੱਸਾ ਪੰਜਾਬੀਆਂ ਦਾ ਤੇ ਅੱਜ ਇਹ ਕਿਸਾਨਾਂ ’ਤੇ ਹੀ ਜ਼ੁਲਮ ਕਰਨ ਲੱਗੇ ਹਨ। ਸਿੱਧੂ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਅਤੇ ਘੱਟੋ-ਘੱਟ ਸਮਰਥਨ ਮੁੱਲ ਨੂੰ ਲੈ ਕੇ ਭਾਜਪਾ ’ਤੇ ਹਮਲਾ ਬੋਲਦਿਆਂ ਇਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਝੂਠ ਕਿਹਾ।





