ਲਖਨਊ : ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਆਏ ਯਾਤਰਾ ਨੂੰ ਮਿਲ ਰਹੇ ਜ਼ਬਰਦਸਤ ਹੁੰਗਾਰੇ ਨੂੰ ਦੇਖਦਿਆਂ ਸਮਾਜਵਾਦੀ ਪਾਰਟੀ ਨੇ ਸੋਮਵਾਰ ਕਾਂਗਰਸ ਨੂੰ ਲੋਕ ਸਭਾ ਚੋਣਾਂ ਲਈ 17 ਸੀਟਾਂ ਛੱਡਣ ਦੀ ਪੇਸ਼ਕਸ਼ ਕੀਤੀ ਤੇ ਕਿਹਾ ਕਿ ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ਰਾਏਬਰੇਲੀ ਵਿਚ ਯਾਤਰਾ ’ਚ ਤਾਂ ਹੀ ਸ਼ਾਮਲ ਹੋਣਗੇ ਜੇ ਕਾਂਗਰਸ ਇਹ ਪੇਸ਼ਕਸ਼ ਮੰਨ ਲੈਂਦੀ ਹੈ। ਪਾਰਟੀ ਦੇ ਮੁੱਖ ਤਰਜਮਾਨ ਰਜਿੰਦਰ ਚੌਧਰੀ ਨੇ ਕਿਹਾ ਕਿ 17 ਸੀਟਾਂ ਉਨ੍ਹਾ ਵੱਲੋਂ ਅੰਤਮ ਪੇਸ਼ਕਸ਼ ਹੈ, ਪਰ ਉਨ੍ਹਾ ਸੀਟਾਂ ਦੇ ਨਾਂਅ ਨਹੀਂ ਦੱਸੇ। ਇਸ ਤੋਂ ਪਹਿਲਾਂ ਸਪਾ ਨੇ 11 ਸੀਟਾਂ ਦੀ ਪੇਸ਼ਕਸ਼ ਕੀਤੀ ਸੀ, ਜਦਕਿ ਕਾਂਗਰਸ ਦੀ ਸੂਬਾ ਇਕਾਈ ਨੇ ਵੱਧ ਸੀਟਾਂ ਦੀ ਮੰਗ ਕੀਤੀ ਸੀ। ਕਾਂਗਰਸ ਦੇ ਸੂਬਾ ਪ੍ਰਧਾਨ ਅਜੈ ਰਾਏ ਨੇ ਕਿਹਾ ਸੀ ਕਿ ਪਾਰਟੀ ਨੂੰ 2009 ਦੀਆਂ ਆਮ ਚੋਣਾਂ ’ਚ ਜਿੱਤੀਆਂ ਦੋ ਦਰਜਨ ਸੀਟਾਂ ਮਿਲਣੀਆਂ ਚਾਹੀਦੀਆਂ ਹਨ। ਸਮਾਜਵਾਦੀ ਪਾਰਟੀ ਅਤੇ ਕਾਂਗਰਸ ਇੰਡੀਆ ਗੱਠਜੋੜ ਵਿਚ ਭਾਈਵਾਲ ਹਨ। ਪਿਛਲੀਆਂ ਚੋਣਾਂ ਵਿਚ ਕਾਂਗਰਸ ਨੇ ਸਿਰਫ ਰਾਏਬਰੇਲੀ ਸੀਟ ਜਿੱਤੀ ਸੀ, ਜਿੱਥੋਂ ਸੋਨੀਆ ਗਾਂਧੀ ਜਿੱਤੇ ਸਨ। ਸੂਬੇ ਵਿਚ ਲੋਕ ਸਭਾ ਦੀਆਂ 80 ਸੀਟਾਂ ਹਨ। ਸਮਾਜਵਾਦੀ ਪਾਰਟੀ ਨੇ ਚੌਧਰੀ ਜਯੰਤ ਚੌਧਰੀ ਦੇ ਰਾਸ਼ਟਰੀ ਲੋਕ ਦਲ ਲਈ 7 ਸੀਟਾਂ ਛੱਡੀਆਂ ਸਨ, ਪਰ ਉਹ ਭਾਜਪਾ ਦੀ ਅਗਵਾਈ ਵਾਲੇ ਐੱਨ ਡੀ ਏ ਨਾਲ ਜਾ ਰਲੇ ਹਨ।
ਇਸੇ ਦੌਰਾਨ ਕਾਂਗਰਸ ਨਾਲ ਸੀਟ ਵੰਡ ਵਾਰਤਾ ਅੱਗੇ ਵਧਣ ਦੀ ਗੱਲ ਕਹਿੰਦਿਆਂ ਸਮਾਜਵਾਦੀ ਪਾਰਟੀ ਨੇ ਆਪਣੇ 11 ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਉਸ ਨੇ ਪਹਿਲਾਂ 16 ਉਮੀਦਵਾਰ ਐਲਾਨੇ ਸਨ, ਜਿਨ੍ਹਾਂ ਵਿਚ ਅਖਿਲੇਸ਼ ਦੀ ਪਤਨੀ ਡਿੰਪਲ ਨੂੰ ਮੈਨਪੁਰੀ ਤੋਂ ਉਮੀਦਵਾਰ ਬਣਾਇਆ ਗਿਆ ਸੀ, ਜਿਸ ਦੀ ਉਨ੍ਹਾ ਦੇ ਸਹੁਰਾ ਸਾਹਿਬ ਮੁਲਾਇਮ ਸਿੰਘ ਯਾਦਵ ਨੇ ਨੁਮਾਇੰਦਗੀ ਕੀਤੀ ਸੀ। ਨਵੇਂ ਉਮੀਦਵਾਰਾਂ ਵਿਚ ਮੁਜ਼ੱਫਰਨਗਰ ਤੋਂ ਹਰਿੰਦਰ ਮਲਿਕ, ਹਰਦੋਈ ਤੋਂ ਊਸ਼ਾ ਵਰਮਾ, ਪ੍ਰਤਾਪਗੜ੍ਹ ਤੋਂ ਐੱਸ ਪੀ ਸਿੰਘ ਪਟੇਲ, ਆਓਨਲਾ ਤੋਂ ਨੀਰਜ ਮੌਰਿਆ, ਸ਼ਾਹਜਹਾਂਪੁਰ ਤੋਂ ਰਾਜੇਸ਼ ਕਸ਼ਯਪ, ਮਿਸਰਿਖ ਤੋਂ ਰਾਮਪਾਲ ਰਾਜਵੰਸ਼ੀ, ਮੋਹਨਲਾਲਗੰਜ ਤੋਂ ਆਰ ਕੇ ਚੌਧਰੀ, ਬਹਿਰਾਈਚ ਤੋਂ ਰਮੇਸ਼ ਗੌਤਮ, ਚੰਦੌਲੀ ਤੋਂ ਵਰਿੰਦਰ ਸਿੰਘ, ਗੋਂਡਾ ਤੋਂ ਸ਼ੇ੍ਰਆ ਵਰਮਾ ਤੇ ਗਾਜ਼ੀਪੁਰ ਤੋਂ ਮੁਖਤਾਰ ਅਨਸਾਰੀ ਦੇ ਭਰਾ ਅਫਜ਼ਲ ਅਨਸਾਰੀ ਸ਼ਾਮਲ ਹਨ।





