ਪ੍ਰਤਾਪਗੜ੍ਹ : ਰਾਹੁਲ ਗਾਂਧੀ ਨੇ ਸੋਮਵਾਰ ਕਿਹਾ ਕਿ ਅਯੁੱਧਿਆ ਵਿਚ ਰਾਮ ਮੰਦਰ ਦੇ ਉਦਘਾਟਨ ਵੇਲੇ ਦਲਿਤਾਂ, ਪੱਛੜਿਆਂ ਤੇ ਇੱਥੋਂ ਤੱਕ ਕਿ ਰਾਸ਼ਟਰਪਤੀ ਨੂੰ ਵੀ ਨਾ ਸੱਦਣਾ ਇਨ੍ਹਾਂ ਦਾ ਅਪਮਾਨ ਹੈ। ਭਾਰਤ ਜੋੜੋ ਨਿਆਏ ਯਾਤਰਾ ਦੌਰਾਨ ਰਾਮਪੁਰ ਖਾਸ ਅਸੰਬਲੀ ਹਲਕੇ ਦੇ ਲਾਲਗੰਜ ਇੰਦਰਾ ਚੌਕ ਵਿਚ ਇਕੱਠ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਸਨਅਤਕਾਰਾਂ ਤੇ ਅਮਿਤਾਭ ਬੱਚਨ ਨੂੰ ਸੱਦ ਕੇ ਮੋਦੀ ਨੇ ਇਸ਼ਾਰਾ ਕੀਤਾ ਕਿ ਦੇਸ਼ ਦੀ 73 ਫੀਸਦੀ ਆਬਾਦੀ ਦਾ ਉਨ੍ਹਾ ਲਈ ਕੋਈ ਮਹੱਤਵ ਨਹੀਂ।
ਦੇਸ਼ ਦੀ ਦਲਿਤਾਂ, ਪੱਛੜਿਆਂ ਤੇ ਕਬਾਇਲੀਆਂ ਦੀ 73 ਫੀਸਦੀ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਉਦਿਆਂ ਰਾਹੁਲ ਨੇ ਕਿਹਾ ਕਿ ਭਾਜਪਾ ਸਰਮਾਏਦਾਰਾਂ ਨੂੰ ਤਰਜੀਹ ਦੇ ਰਹੀ ਹੈ। ਉਨ੍ਹਾ ਕਿਹਾ-ਮੋਦੀ ਕਿਸਾਨਾਂ ਦੀਆਂ ਜੇਬਾਂ ਕੱਟ ਕੇ ਅਮੀਰਾਂ ਦੀਆਂ ਜੇਬਾਂ ਭਰ ਰਹੇ ਹਨ। ਧਰਮ ਦੇ ਨਾਂਅ ’ਤੇ ਦੇਸ਼ ਵਿਚ ਨਫਰਤ ਫੈਲਾਈ ਜਾ ਰਹੀ ਹੈ। ਸਰਕਾਰ ਨੌਜਵਾਨਾਂ ਨੂੰ ਨੌਕਰੀਆਂ ਤੇ ਮਹਿਲਾਵਾਂ ਨੂੰ ਸੁਰੱਖਿਆ ਦੇਣ ਵਿਚ ਨਾਕਾਮ ਰਹੀ ਹੈ। ਈ ਡੀ ਤੇ ਸੀ ਬੀ ਆਈ ਵਰਗੀਆਂ ਏਜੰਸੀਆਂ ਮੋਦੀ ਦੀਆਂ ਕਠਪੁਤਲੀਆਂ ਹਨ, ਜਿਨ੍ਹਾਂ ਨੂੰ ਆਪੋਜ਼ੀਸ਼ਨ ਵਿਰੁੱਧ ਵਰਤਿਆ ਜਾ ਰਿਹਾ ਹੈ।





