ਖਰੀਦੋ-ਫਰੋਖਤ ਹੋ ਰਹੀ : ਚੀਫ ਜਸਟਿਸ

0
161

ਨਵੀਂ ਦਿੱਲੀ : ਇਹ ਟਿੱਪਣੀ ਕਰਦਿਆਂ ਕਿ ਖਰੀਦੋ-ਫਰੋਖਤ ਹੋ ਰਹੀ ਹੈ, ਸੁਪਰੀਮ ਕੋਰਟ ਨੇ ਸੋਮਵਾਰ ਕਿਹਾ ਕਿ 30 ਜਨਵਰੀ ਨੂੰ ਚੰਡੀਗੜ੍ਹ ਦੀਆਂ ਮੇਅਰ ਚੋਣਾਂ ਲਈ ਪਈਆਂ ਵੋਟਾਂ ਤੇ ਵੋਟਾਂ ਦੀ ਗਿਣਤੀ ਦੀ ਵੀਡੀਓ ਰਿਕਾਰਡਿੰਗ ਮੰਗਲਵਾਰ ਉਸ ਅੱਗੇ ਪੇਸ਼ ਕੀਤੀ ਜਾਵੇ, ਜਿਸ ਨੂੰ ਬਾਅਦ ਦੁਪਹਿਰ ਦੋ ਵਜੇ ਦੇਖ ਕੇ ਉਹ ਅੰਤਮ ਫੈਸਲਾ ਦੇਵੇਗੀ। ਨਵੇਂ ਸਿਰਿਓਂ ਚੋਣਾਂ ਨਹੀਂ ਕਰਵਾਈਆਂ ਜਾਣਗੀਆਂ। ਪਈਆਂ ਵੋਟਾਂ ਦੇ ਆਧਾਰ ’ਤੇ ਹੀ ਨਤੀਜਾ ਤੈਅ ਹੋਵੇਗਾ। ਇਸ ਦੇ ਨਾਲ ਹੀ ਉਸ ਨੇ ਵੋਟਰਾਂ ਦੀ ਖਰੀਦੋ-ਫਰੋਖਤ ਦੀਆਂ ਰਿਪੋਰਟਾਂ ’ਤੇ ਗੰਭੀਰ ਚਿੰਤਾ ਪ੍ਰਗਟਾਈ।
ਚੀਫ ਜਸਟਿਸ ਡੀ ਵਾਈ ਚੰਦਰਚੂੜ ਦੀ ਅਗਵਾਈ ਵਾਲੀ ਬੈਂਚ, ਜਿਸ ਵਿਚ ਜਸਟਿਸ ਜੇ ਬੀ ਪਰਦੀਵਾਲਾ ਤੇ ਜਸਟਿਸ ਮਨੋਜ ਮਿਸ਼ਰਾ ਵੀ ਸ਼ਾਮਲ ਸਨ, ਨੇ ਰਿਟਰਨਿੰਗ ਅਫਸਰ ਅਨਿਲ ਮਸੀਹ ਨੂੰ ਮੰਗਲਵਾਰ ਵੀ ਕੋਰਟ ਵਿਚ ਹਾਜ਼ਰ ਰਹਿਣ ਦੀ ਹਦਾਇਤ ਕੀਤੀ। ਬੈਂਚ ਨੇ ਕਿਹਾ ਕਿ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨੂੰ ਕਿਹਾ ਜਾਵੇਗਾ ਕਿ ਉਹ ਕਿਸੇ ਨਿਰਪੱਖ ਅਫਸਰ ਨੂੰ ਰਿਟਰਨਿੰਗ ਅਫਸਰ ਨਿਯੁਕਤ ਕਰਕੇ ਵੋਟਾਂ ਗਿਣਵਾਏ। ਗਿਣਤੀ ਦੀ ਨਿਗਰਾਨੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਕਰਨਗੇ।
ਜਦੋਂ ਚੰਡੀਗੜ੍ਹ ਪ੍ਰਸ਼ਾਸਨ ਦੀ ਤਰਫੋਂ ਸਾਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਸੁਝਾਇਆ ਕਿ ਨਵੀਂਆਂ ਚੋਣਾਂ ਕਰਵਾ ਲਈਆਂ ਜਾਣ, ਚੀਫ ਜਸਟਿਸ ਨੇ ਕਿਹਾਖਰੀਦੋ-ਫਰੋਖਤ ਹੋ ਰਹੀ ਹੈ, ਸੁਣਵਾਈ ਮੰਗਲਵਾਰ ਹੀ ਕਰੇਗੀ। ਚੀਫ ਜਸਟਿਸ ਨੇ ਅਨਿਲ ਮਸੀਹ ਤੋਂ ਪੁੱਛਗਿੱਛ ਸ਼ੁਰੂ ਕਰਨ ਵੇਲੇ ਕਿਹਾ ਕਿ ਜੇ ਉਸ ਨੇ ਸਹੀ ਜਵਾਬ ਨਾ ਦਿੱਤੇ ਤਾਂ ਉਸ ਖਿਲਾਫ ਮੁਕੱਦਮਾ ਚਲਾਇਆ ਜਾਵੇਗਾ। ਚੀਫ ਜਸਟਿਸ ਨੇ ਕਿਹਾਇਹ ਗੰਭੀਰ ਮਾਮਲਾ ਹੈ। ਅਸੀਂ ਵੀਡੀਓ ਦੇਖੀ ਹੈ। ਤੁਸੀਂ ਬੈਲਟ ਪੇਪਰਾਂ ’ਤੇ ਕਾਟੇ ਮਾਰਨ ਵੇਲੇ ਕੈਮਰਿਆਂ ਵੱਲ ਕਿਉ ਦੇਖ ਰਹੇ ਸੀ? ਤੁਸੀਂ ਕਾਟੇ ਕਿਉ ਮਾਰ ਰਹੇ ਸੀ? ਮਸੀਹ ਨੇ ਕਿਹਾਵੋਟਿੰਗ ਤੋਂ ਬਾਅਦ ਮੈਂ ਬੈਲਟ ਪੇਪਰਾਂ ’ਤੇ ਦਸਤਖਤ ਕਰਨੇ ਸਨ, ਜਿਨ੍ਹਾਂ ’ਤੇ ਨਿਸ਼ਾਨ ਸਨ, ਉਹ ਵੱਖਰੇ ਕਰਨੇ ਸਨ। ਚੀਫ ਜਸਟਿਸ ਨੇ ਕਿਹਾ ਕਿ ਵੀਡੀਓ ਤੋਂ ਸਾਫ ਪਤਾ ਲੱਗਦਾ ਹੈ ਕਿ ਤੁਸੀਂ ਨਿਸਚਿਤ ਬੈਲਟ ਪੇਪਰਾਂ ’ਤੇ ਕਾਟੇ ਮਾਰੇ। ਕੀ ਤੁਸੀਂ ਨਿਸਚਿਤ ਬੈਲਟ ਪੇਪਰਾਂ ’ਤੇ ਕਾਟੇ ਮਾਰੇ? ਜਦੋਂ ਮਸੀਹ ਨੇ ਕਿਹਾ ਕਿ ਉਸ ਨੇ 8 ਬੈਲਟ ਪੇਪਰਾਂ ’ਤੇ ਨਿਸ਼ਾਨ ਲਾਏ ਤਾਂ ਚੀਫ ਜਸਟਿਸ ਨੇ ਪੁੱਛਿਆਤੁਸੀਂ ਬੈਲਟ ਪੇਪਰ ਖਰਾਬ ਕਿਉ ਕੀਤੇ? ਤੁਸੀਂ ਤਾਂ ਸਿਰਫ ਦਸਤਖਤ ਕਰਨੇ ਸਨ? ਨਿਯਮਾਂ ਵਿਚ ਕਿੱਥੇ ਲਿਖਿਆ ਹੈ ਕਿ ਤੁਸੀਂ ਬੈਲਟ ਪੇਪਰਾਂ ’ਤੇ ਨਿਸ਼ਾਨ ਲਾ ਸਕਦੇ ਹੋ? ਮਸੀਹ ਨੇ ਇਹ ਕਹਿੰਦਿਆਂ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਕਿ ਬੈਲਟ ਪੇਪਰ ਉਮੀਦਵਾਰਾਂ ਨੇ ਖੋਹ ਕੇ ਖਰਾਬ ਕਰ ਦਿੱਤੇ ਸਨ ਤੇ ਉਹ ਉਨ੍ਹਾਂ ਨੂੰ ਦੂਜੇ ਬੈਲਟ ਪੇਪਰਾਂ ਨਾਲ ਰਲਣ ਤੋਂ ਰੋਕਣ ਲਈ ਵੱਖਰੇ ਕਰ ਰਿਹਾ ਸੀ। ਇਸ ’ਤੇ ਚੀਫ ਜਸਟਿਸ ਨੇ ਸਾਲੀਸਿਟਰ ਜਨਰਲ ਨੂੰ ਕਿਹਾ ਕਿ ਮਸੀਹ ’ਤੇ ਮੁਕੱਦਮਾ ਚਲਾਇਆ ਜਾਵੇ। ਉਸ ਨੇ ਚੋਣ ਪ੍ਰਕਿਰਿਆ ਨਾਲ ਛੇੜਛਾੜ ਕੀਤੀ ਹੈ। 8 ਵੋਟਾਂ ਰੱਦ ਕਰ ਦਿੱਤੇ ਜਾਣ ਤੋਂ ਬਾਅਦ ਭਾਜਪਾ ਦੇ ਮਨੋਜ ਸੋਨਕਰ ਆਪ ਤੇ ਕਾਂਗਰਸ ਦੇ ਸਾਂਝੇ ਉਮੀਦਵਾਰ ਕੁਲਦੀਪ ਕੁਮਾਰ ਨੂੰ 16-12 ਦੇ ਫਰਕ ਨਾਲ ਹਰਾ ਕੇ ਮੇਅਰ ਚੁਣੇ ਗਏ ਸਨ। ਸੁਣਵਾਈ ਤੋਂ ਪਹਿਲਾਂ ਸੋਨਕਰ ਨੇ ਐਤਵਾਰ ਅਸਤੀਫਾ ਦੇ ਦਿੱਤਾ ਸੀ। ਮਸੀਹ ਭਾਜਪਾ ਦਾ ਮੈਂਬਰ ਹੈ।

LEAVE A REPLY

Please enter your comment!
Please enter your name here