ਯੂ ਪੀ ਦੇ ਫੂਲਪੁਰ ਦੇ 22 ਸਾਲਾ ਹਰਸ਼ਵਰਧਨ ਤੇ 30 ਸਾਲਾ ਸ਼ੈਲਜਾ ਰਾਣੀ ਉਸ ਭੀੜ ਵਿਚ ਸ਼ਾਮਲ ਸਨ, ਜਿਸ ਨੇ ਐਤਵਾਰ ਅਲਾਹਾਬਾਦ (ਯੋਗੀ ਸਰਕਾਰ ਦਾ ਪ੍ਰਯਾਗਰਾਜ) ਵਿਖੇ ਰਾਹੁਲ ਦੀ ‘ਭਾਰਤ ਜੋੜੋ ਨਿਆਏ ਯਾਤਰਾ’ ਦਾ ਸਵਾਗਤ ਕੀਤਾ। ਦੋਹਾਂ ਦਾ ਇਹੋ ਕਹਿਣਾ ਸੀ ਕਿ ਦੇਸ਼ ਨੂੰ ਮੰਦਰਾਂ ਨਾਲੋਂ ਵੱਧ ਨੌਕਰੀਆਂ ਦੀ ਲੋੜ ਹੈ। ਇਕ ਪੁਲਸ ਅਧਿਕਾਰੀ ਨੇ ਆਪਣਾ ਨਾਂਅ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਆਨੰਦ ਭਵਨ, ਜਿੱਥੇ ਕਦੇ ਰਾਹੁਲ ਦੇ ਵਡੇਰੇ ਮੋਤੀ ਲਾਲ ਨਹਿਰੂ ਤੇ ਜਵਾਹਰ ਲਾਲ ਨਹਿਰੂ ਰਹਿੰਦੇ ਸਨ, ਦੇ ਬਾਹਰ ਕਰੀਬ ਡੇਢ ਲੱਖ ਲੋਕਾਂ ਦਾ ਇਕੱਠ ਸੀ। ਹਾਲੀਆ ਸਾਲਾਂ ਵਿਚ ਉਸ ਨੇ ਕਾਂਗਰਸ ਦੇ ਕਿਸੇ ਪ੍ਰੋਗਰਾਮ ਵਿਚ ਏਨੇ ਲੋਕ ਨਹੀਂ ਦੇਖੇ। ਇਹ ਦਿਖਾਉਦਾ ਹੈ ਕਿ ਲੋਕ ਕਾਂਗਰਸ ਦੀ ਵਾਪਸੀ ਚਾਹੁੰਦੇ ਹਨ, ਪਰ ਇਹ ਕਾਂਗਰਸ ’ਤੇ ਹੈ ਕਿ ਉਹ ਯਾਤਰਾ ਮੁਕੰਮਲ ਹੋਣ ਤੋਂ ਬਾਅਦ ਕੀ ਕਰਦੀ ਹੈ।
ਰਾਹੁਲ ਦੇ 60 ਗੱਡੀਆਂ ਦੇ ਕਾਫਲੇ ਨੂੰ ਆਨੰਦ ਭਵਨ ਦੇ ਬਾਹਰ ਪਹਿਲੇ 30 ਮੀਟਰਾਂ ਦਾ ਫਾਸਲਾ ਪੂਰਾ ਕਰਨ ਵਿਚ ਕਰੀਬ 40 ਮਿੰਟ ਲੱਗ ਗਏ। ਲੋਕ ਉਸ ਦੀ ਖੁੱਲ੍ਹੀ ਜੀਪ ਕੋਲ ਪੁੱਜ ਕੇ ਉਸ ਨਾਲ ਹੱਥ ਮਿਲਾਉਣਾ ਚਾਹੁੰਦੇ ਸਨ। ਇਕ ਮਹਿਲਾ ਤਾਂ ਸੁਰੱਖਿਆ ਜਵਾਨਾਂ ਨਾਲ ਭਿੜ ਕੇ ਜੀਪ ਦੇ ਬੋਨਟ ’ਤੇ ਚੜ੍ਹ ਗਈ ਤੇ ਉਦੋਂ ਤੱਕ ਰਾਹੁਲ ਦਾ ਹੱਥ ਨਹੀਂ ਛੱਡਿਆ, ਜਦੋਂ ਤੱਕ ਉਸ ਨੂੰ ਮਨਾ ਨਹੀਂ ਲਿਆ ਗਿਆ ਕਿ ਕਾਫਲੇ ਨੇ ਅੱਗੇ ਵਧਣਾ ਹੈ। ਭੀੜ ਵਿਚ ਕਾਂਗਰਸੀ ਵਰਕਰ ਵੀ ਕਾਫੀ ਸਨ, ਪਰ ਅਲਾਹਾਬਾਦ ਜ਼ਿਲ੍ਹੇ ਤੋਂ ਪੁੱਜੇ ਆਮ ਲੋਕ ਕਿਤੇ ਵੱਧ ਸਨ। ਨੌਕਰੀ ਦੀ ਭਾਲ ਵਿਚ ਧੱਕੇ ਖਾ ਰਹੇ ਗੈ੍ਰਜੂਏਟ ਹਰਸ਼ਵਰਧਨ ਨੇ ਕਿਹਾਮੈਂ ਅਲਾਹਾਬਾਦ ਜ਼ਿਲ੍ਹੇ ਦੇ ਹਾਂਡੀਆ ਇਲਾਕੇ ਤੋਂ ਹਾਂ। ਮੈਂ ਯਾਤਰਾ ਦੀ ਹਮਾਇਤ ਕਰਨ ਲਈ ਆਪਣੇ ਪਿੰਡ ਦੇ 15 ਬੇਰੁਜ਼ਗਾਰ ਮੁੰਡਿਆਂ ਨੂੰ ਨਾਲ ਲੈ ਕੇ ਆਇਆ ਹਾਂ, ਕਿਉਕਿ ਰਾਹੁਲ ਨੌਜਵਾਨਾਂ ਦੇ ਮੁੱਦੇ ਉਠਾ ਰਹੇ ਹਨ। ਅਸੀਂ ਰਾਹੁਲ ਨੂੰ ਟੀ ਵੀ ’ਤੇ ਬੇਰੁਜ਼ਗਾਰੀ ਤੇ ਮਹਿੰਗਾਈ ਖਿਲਾਫ ਬੋਲਦੇ ਸੁਣਿਆ ਹੈ। ਇਹ ਮੁੱਦੇ ਲੋਕਾਂ ਨੂੰ ਸਭ ਤੋਂ ਵੱਧ ਪ੍ਰਭਾਵਤ ਕਰ ਰਹੇ ਹਨ। ਮੈਨੂੰ ਨਹੀਂ ਪਤਾ ਲੱਗ ਰਿਹਾ ਕਿ ਲੋਕ ਰਾਮ ਮੰਦਰ ਦੇ ਉਦਘਾਟਨ ਲਈ ਨਰਿੰਦਰ ਮੋਦੀ ਸਰਕਾਰ ਦੀ ਕਿਉ ਹਮਾਇਤ ਕਰ ਰਹੇ ਹਨ। ਅਸੀਂ ਭਾਰਤੀ ਜ਼ਿੰਦਗੀ ਵਿਚ ਭਗਵਾਨ ਰਾਮ ਦੀ ਅਹਿਮੀਅਤ ਤੋਂ ਇਨਕਾਰੀ ਨਹੀਂ, ਪਰ ਇਕ ਮਨੁੱਖ ਰਾਮ ਨੂੰ ਨਹੀਂ ਲਿਆ ਸਕਦਾ, ਉਹ ਖੁਦ ਆਉਦੇ ਹਨ। ਕੋਈ ਵੀ ਰਾਮ ਨੂੰ ਲਿਆਉਣ ਦਾ ਸਿਹਰਾ ਨਹੀਂ ਲੈ ਸਕਦਾ।
ਸ਼ੈਲਜਾ ਰਾਣੀ ਨੇ ਕਿਹਾਹਜ਼ਾਰਾਂ ਲੋਕ 30 ਦੀ ਉਮਰ ਟੱਪ ਗਏ ਹਨ, ਪਰ ਉਨ੍ਹਾਂ ਨੂੰ ਗ੍ਰੈਜੂਏਸ਼ਨ ਕਰਨ ਦੇ ਬਾਵਜੂਦ ਨੌਕਰੀਆਂ ਨਹੀਂ ਮਿਲੀਆਂ। ਅਸੀਂ ਭੁੱਖੇ ਢਿੱਡ ਰਾਮ ਦੀ ਪੂਜਾ ਨਹੀਂ ਕਰ ਸਕਦੇ। ਅਸੀਂ ਆਸ ਕਰਦੇ ਹਾਂ ਕਿ ਰਾਹੁਲ ਆਪਣੇ ਸ਼ਬਦਾਂ ’ਤੇ ਪੂਰੇ ਉਤਰਨਗੇ ਅਤੇ ਸੱਤਾ ਵਿਚ ਆਉਣ ’ਤੇ ਸਰਕਾਰੀ ਨੌਕਰੀਆਂ ਪੈਦਾ ਕਰਨਗੇ।
ਮਨੀਪੁਰ ਤੋਂ ਮਹਾਰਾਸ਼ਟਰ ਲਈ ਚੱਲੀ ‘ਭਾਰਤ ਜੋੜੋ ਨਿਆਏ ਯਾਤਰਾ’ ਨੂੰ ਬੇਰੁਜ਼ਗਾਰ ਨੌਜਵਾਨ ਆਸ ਦੀ ਕਿਰਨ ਵਜੋਂ ਲੈ ਰਹੇ ਹਨ ਤੇ ਉਹ ਰਾਹੁਲ ਦੇ ਨਾਲ ਤੁਰ ਵੀ ਰਹੇ ਹਨ। ਉਨ੍ਹਾਂ ਦੇ ਸੁਪਨੇ ਤਾਂ ਹੀ ਸਾਕਾਰ ਹੋਣਗੇ, ਜੇ ਕਾਂਗਰਸ ਇਮਾਨਦਾਰੀ ਨਾਲ ਹਮਖਿਆਲ ਪਾਰਟੀਆਂ ਨਾਲ ਮਜ਼ਬੂਤ ਇਤਿਹਾਦ ਕਾਇਮ ਕਰਕੇ 10 ਸਾਲਾਂ ਤੋਂ ਕਾਰੋਪੋਰੇਟੀਆਂ ਦੀ ਸੇਵਾ ਕਰ ਰਹੀ ਭਾਜਪਾ ਨੂੰ ਸੱਤਾ ਤੋਂ ਲਾਹੁਣ ਲਈ ਪੂਰਾ ਜ਼ੋਰ ਲਾਉਦੀ ਹੈ।



