ਇਸਲਾਮਾਬਾਦ : ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ ਐੱਮ ਐੱਲ-ਐੱਨ) ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀ ਪੀ ਪੀ) ਵਿਚਾਲੇ ਸਰਕਾਰ ਕਾਇਮ ਕਰਨ ਬਾਰੇ ਗੱਲਬਾਤ ਆਖਰਕਾਰ ਸਫਲ ਹੋ ਗਈ ਅਤੇ ਨਵੀਂ ਗਠਜੋੜ ਸਰਕਾਰ ਬਣਾਉਣ ਲਈ ਦੋਵਾਂ ਪਾਰਟੀਆਂ ਵਿਚਾਲੇ ਸਮਝੌਤਾ ਹੋ ਗਿਆ ਹੈ। ਪੀ ਪੀ ਪੀ ਦੇ ਚੇਅਰਮੈਨ ਬਿਲਾਵਲ ਭੁੱਟੋ-ਜਰਦਾਰੀ ਨੇ ਮੰਗਲਵਾਰ ਦੇਰ ਰਾਤ ਸਾਂਝੀ ਪ੍ਰੈੱਸ ਕਾਨਫਰੰਸ ’ਚ ਇਹ ਐਲਾਨ ਕੀਤਾ ਕਿ ਪੀ ਐੱਮ ਐੱਲ-ਐੱਨ ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ (72) ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣਗੇ, ਜਦੋਂ ਕਿ ਪੀ ਪੀ ਪੀ ਦੇ ਉਪ ਚੇਅਰਮੈਨ ਆਸਿਫ ਜ਼ਰਦਾਰੀ (68) ਦੂਜੀ ਵਾਰ ਦੇਸ਼ ਦੇ ਰਾਸ਼ਟਰਪਤੀ ਬਣਨਗੇ। ਬਿਲਾਵਲ ਨੇ ਪੱਤਰਕਾਰਾਂ ਨੂੰ ਕਿਹਾਪੀ ਪੀ ਪੀ ਅਤੇ ਪੀ ਐੱਮ ਐੱਲ-ਐੱਨ ਕੋਲ ਕਾਫੀ ਤਾਕਤ ਹੈ ਅਤੇ (ਹੁਣ) ਅਸੀਂ ਸਰਕਾਰ ਬਣਾਉਣ ਦੀ ਸਥਿਤੀ ’ਚ ਹਾਂ।
ਉਨ੍ਹਾ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਅਤੇ ਸੁੰਨੀ ਇਤੇਹਾਦ ਕੌਂਸਲ (ਐੱਸ ਆਈ ਸੀ) ਵੱਲੋਂ ਸਮਰਥਨ ਪ੍ਰਾਪਤ ਉਮੀਦਵਾਰ ਕੇਂਦਰ ’ਚ ਸਰਕਾਰ ਬਣਾਉਣ ਲਈ ਸੰਸਦ ’ਚ ਬਹੁਮਤ ਹਾਸਲ ਨਹੀਂ ਕਰ ਸਕੇ। ਇਸ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਖਾਨ ਦੀ ਪਾਰਟੀ ਪੀ ਟੀ ਆਈ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਪੋਸਟ ’ਚ ਪੀ ਪੀ ਪੀ ਅਤੇ ਪੀ ਐੱਮ ਐੱਲ-ਐੱਨ ਗਠਜੋੜ ਨੂੰ ਨਿਸ਼ਾਨਾ ਬਣਾਇਆ ਹੈ।




