ਅਜੋਕੇ ਦੌਰ ਵਿੱਚ ਜਦੋਂ ਕੁਝ ਸਰਕਾਰਾਂ ਗਰੀਬੀ ਰੇਖਾ ਤੋਂ ਹੇਠਲੇ ਪਰਵਾਰਾਂ ਨੂੰ ਰਾਸ਼ਨ ਤੇ ਹੋਰ ਸਹੂਲਤਾਂ ਮੁਹੱਈਆ ਕਰਾਉਣ ਦੇ ਯਤਨ ਕਰ ਰਹੀਆਂ ਹਨ, ਕਮਿਊਨਿਸਟਾਂ ਦੀ ਅਗਵਾਈ ਵਾਲੀ ਕੇਰਲਾ ਸਰਕਾਰ ਆਪਣੇ ਰਾਜ ਦੇ ਇਨ੍ਹਾਂ ਗਰੀਬ ਪਰਵਾਰਾਂ ਨੂੰ ਮੁਫ਼ਤ ਇੰਟਰਨੈੱਟ ਸੇਵਾਵਾਂ ਮੁਹੱਈਆ ਕਰਵਾ ਰਹੀ ਹੈ |
ਕੇਰਲਾ ਦੇਸ਼ ਦਾ ਇਕਲੌਤਾ ਰਾਜ ਬਣ ਗਿਆ ਹੈ, ਜਿਸ ਦੀ ਆਪਣੀ ਇੰਟਰਨੈੱਟ ਸਰਵਿਸ ਹੋਵੇਗੀ | ਕੇਰਲਾ ਦੇ ਮੁੱਖ ਮੰਤਰੀ ਪੀ. ਵਿਜਯਨ ਨੇ ਇੱਕ ਟਵੀਟ ਰਾਹੀਂ ਦੱਸਿਆ ਕਿ ਸਰਕਾਰੀ ਕੰਪਨੀ ਕੇਰਲਾ ਫਾਈਬਰ ਆਪਟਿਕ ਨੈੱਟਵਰਕ (ਕੇ ਐੱਫ ਓ ਐਨ) ਨੂੰ ਟੈਲੀਕਾਮ ਡਿਪਾਰਟਮੈਂਟ ਸਰਵਿਸ ਪ੍ਰੋਵਾਈਡਰ ਦਾ ਲਾਇਸੰਸ ਮਿਲ ਗਿਆ ਹੈ |
ਕੇਰਲ ਸਰਕਾਰ ਨੇ ਮਈ 2020 ਵਿੱਚ ਕੇਰਲਾ ਫਾਈਬਰ ਆਪਟਿਕ ਨੈੱਟਵਰਕ ਦੀ ਸਥਾਪਨਾ ਕੀਤੀ ਸੀ | ਇਸ ਯੋਜਨਾ ਦਾ ਮਕਸਦ ਹਰ ਘਰ ਤੱਕ ਇੰਟਰਨੈੱਟ ਪੁਚਾਉਣਾ ਸੀ | ਇਸ ਯੋਜਨਾ ਅਧੀਨ ਗਰੀਬ ਪਰਵਾਰਾਂ ਨੂੰ ਮੁਫ਼ਤ ਇੰਟਰਨੈੱਟ ਸੁਵਿਧਾ ਦਿੱਤੀ ਗਈ | ਕੇਰਲਾ ਵਿੱਚ ਨਵੰਬਰ 2019 ਤੋਂ ਇਟਰਨੈੱਟ ਬੁਨਿਆਦੀ ਅਧਿਕਾਰ ਮੰਨਿਆ ਗਿਆ ਸੀ | ਕੇਰਲਾ ਸਰਕਾਰ ਨੇ 1548 ਕਰੋੜ ਰੁਪਏ ਨਾਲ ਕੇਰਲਾ ਫਾਈਬਰ ਆਪਟਟਿਕ ਨੈੱਟਵਰਕ ਪ੍ਰੋਜੈਕਟ ਸ਼ੁਰੂ ਕੀਤਾ ਸੀ |
ਨੈਸ਼ਨਲ ਫੈਮਿਲੀ ਹੈੱਲਥ ਸਰਵੇ-5 ਦੇ ਅੰਕੜਿਆਂ ਅਨੁਸਾਰ ਦੇਸ਼ ਵਿੱਚ 40 ਫ਼ੀਸਦੀ ਔਰਤਾਂ ਤੇ 51 ਫ਼ੀਸਦੀ ਮਰਦ ਇੰਟਰਨੈੱਟ ਦੀ ਵਰਤੋਂ ਕਰਦੇ ਹਨ, ਜਦੋਂ ਕਿ ਕੇਰਲਾ ਵਿੱਚ 61 ਫੀਸਦੀ ਔਰਤਾਂ ਤੇ 76 ਫ਼ੀਸਦੀ ਮਰਦ ਇੰਟਰਨੈੱਟ ਇਸਤੇਮਾਲ ਕਰਦੇ ਹਨ | ਇਸ ਦਾ ਮਤਲਬ ਹੈ ਕਿ ਕੇਰਲਾ ਦੇ ਅੰਕੜੇ ਕੌਮੀ ਔਸਤ ਨਾਲੋਂ ਕਿਤੇ ਵੱਧ ਹਨ | ਕੇ ਐੱਫ ਓ ਐੱਨ ਯੋਜਨਾ ਦਾ ਵਿਸਥਾਰ ਹੋਣ ਨਾਲ ਇਹ ਅੰਕੜੇ ਹੋਰ ਬੇਹਤਰ ਹੋਣਗੇ |
ਕੇ ਐੱਫ ਓ ਐੱਨ ਕੇਰਲਾ ਸਟੇਟ ਆਈ ਟੀ ਇੰਨਫਰਾਸਟ੍ਰੱਚਰ ਲਿਮਟਿਡ ਤੇ ਸਟੇਟ ਇਲੈਕਟ੍ਰੀਸਿਟੀ ਬੋਰਡ ਦਾ ਸਾਂਝਾ ਉੱਦਮ ਹੈ | ਇਸ ਪ੍ਰੋਜੈਕਟ ਤਹਿਤ ਕੇਰਲਾ ਦੇ ਸਾਰੇ 14 ਜ਼ਿਲਿ੍ਹਆਂ ਤੱਕ 35 ਹਜ਼ਾਰ ਕਿਲੋਮੀਟਰ ਲੰਮਾ ਆਪਟਿਕ ਫਾਈਬਰ ਨੈੱਟਵਰਕ ਵਿਛਾਇਆ ਗਿਆ ਹੈ | ਹੁਣ ਤੱਕ ਹੁੰਦਾ ਇਹ ਸੀ ਕਿ ਇੰਟਰਨੈੱਟ ਸਰਵਿਸ ਦੇਣ ਵਾਲੀਆਂ ਟੈਲੀਕਾਮ ਕੰਪਨੀਆਂ ਆਪਣਾ ਨੈੱਟਵਰਕ ਵਿਛਾਉਂਦੀਆਂ ਸਨ | ਉਹ ਇਸ ਨੈੱਟਵਰਕ ਰਾਹੀਂ ਲੋਕਾਂ ਤੱਕ ਇੰਟਰਨੈੱਟ ਪੁਚਾਉਂਦੀਆਂ ਸਨ ਤੇ ਉਸ ਦੇ ਇਵਜ਼ਾਨੇ ਵਜੋਂ ਨਿਰਧਾਰਤ ਰਕਮ ਵਸੂਲਦੀਆਂ ਸਨ | ਹੁਣ ਕੇਰਲਾ ਦਾ ਖੁਦ ਦਾ ਇੰਟਰਨੈੱਟ ਹੋ ਗਿਆ ਹੈ ਤੇ ਦੂਜੇ ਸਰਵਿਸ ਪ੍ਰੋਵਾਈਡਰ ਵੀ ਇਸ ਦੀ ਵਰਤੋਂ ਕਰ ਸਕਣਗੇ |
ਇਸ ਯੋਜਨਾ ਅਧੀਨ ਕੇਰਲਾ ਦੇ ਸਭ ਪਿੰਡਾਂ ਤੱਕ ਨੈੱਟਵਰਕ ਪੁਚਾ ਦਿੱਤਾ ਗਿਆ ਹੈ | ਸਰਕਾਰੀ ਯੋਜਨਾ ਮੁਤਾਬਕ ਸੂਬੇ ਦੇ ਹੇਠਲੀ ਆਮਦਨ ਵਾਲੇ 20 ਲੱਖ ਪਰਵਾਰਾਂ ਨੂੰ ਮੁਫ਼ਤ ਇੰਟਰਨੈੱਟ ਸੇਵਾ ਮਿਲੇਗੀ | ਗਰੀਬ ਪਰਵਾਰਾਂ ਤੋਂ ਇਲਾਵਾ 30 ਹਜ਼ਾਰ ਸਰਕਾਰੀ ਅਦਾਰਿਆਂ ਨੂੰ ਵੀ ਹਾਈ ਸਪੀਡ ਇੰਟਰਨੈੱਟ ਮੁਫ਼ਤ ਮੁਹੱਈਆ ਕਰਵਾਇਆ ਜਾਵੇਗਾ | ਗਰੀਬ ਪਰਵਾਰਾਂ ਦੀ ਸ਼ਨਾਖਤ ਵਜੋਂ ਉਸ ਹਰ ਪਰਵਾਰ ਨੂੰ ਮੁਫ਼ਤ ਇੰਟਰਨੈੱਟ ਮਿਲੇਗਾ, ਜਿਸ ਦਾ ਬੀ ਪੀ ਐੱਲ ਕਾਰਡ ਬਣਿਆ ਹੋਇਆ ਹੈ ਜਾਂ ਉਸ ਦਾ ਨਾਂਅ ਅੰਨਤੋਦਿਆ ਲਿਸਟ ਵਿੱਚ ਸ਼ਾਮਲ ਹੈ |
ਇਸ ਯੋਜਨਾ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਹ ਨੈੱਟਵਰਕ ਰਾਜ ਵਿਚਲੇ 8 ਹਜ਼ਾਰ ਤੋਂ ਵੱਧ ਮੋਬਾਇਲ ਟਾਵਰਾਂ ਨਾਲ ਜੁੜਿਆ ਹੋਵੇਗਾ, ਜਿਸ ਨਾਲ ਅਵਾਜ਼ ਤੇ ਸਪੀਡ ਬੇਹਤਰ ਹੋਵੇਗੀ | ਇਸ ਤੋਂ ਪਹਿਲਾਂ 80 ਫ਼ੀਸਦੀ ਤੋਂ ਵੱਧ ਮੋਬਾਇਲ ਟਾਵਰ ਫਾਈਬਰ ਨੈੱਟਵਰਕ ਨਾਲ ਜੁੜੇ ਹੋਏ ਨਹੀਂ ਸਨ, ਜਿਸ ਕਾਰਨ 4ਜੀ ਤੇ 5ਜੀ ਵਿੱਚ ਦਿੱਕਤ ਆਉਂਦੀ ਸੀ | ਕੇਰਲਾ ਫਾਈਬਰ ਆਪਟਟਿਕ ਨੈੱਟਵਰਕ ਨੂੰ ਵਿਛਾਉਣ ਵਿੱਚ ਇੰਫਰਾਸਟ੍ਰੱਕਚਰ ਦੀ ਵਰਤੋਂ ਕੀਤੀ ਗਈ ਹੈ, ਜਿਸ ਨਾਲ ਫਾਈਬਰ ਕੱਟੇ ਜਾਣ ਤੋਂ ਸੁਰੱਖਿਅਤ ਰਹਿੰਦਾ ਹੈ |
ਕੇਰਲਾ ਵਿਦਿਆ ਦੀ ਔਸਤ ਵਿੱਚ ਦੇਸ਼ ਵਿੱਚੋਂ ਪਹਿਲੇ ਸਥਾਨ ਉੱਤੇ ਹੈ | ਆਧੁਨਿਕ ਸਮੇਂ ਵਿੱਚ ਇੰਟਰਨੈੱਟ ਪੜ੍ਹਾਈ ਦੀ ਜ਼ਰੂਰਤ ਬਣ ਚੁੱਕਾ ਹੈ | ਕੇਰਲਾ ਸਰਕਾਰ ਨੇ ਆਪਣੀ ਨਵੀਂ ਪੀੜ੍ਹੀ ਦੀ ਜ਼ਰੂਰਤ ਨੂੰ ਮੁੱਖ ਰੱਖਦਿਆਂ ਹਰ ਘਰ ਤੱਕ ਇੰਟਰਨੈੱਟ ਪੁਚਾ ਕੇ ਇੱਕ ਸ਼ਲਾਘਾਯੋਗ ਉੱਦਮ ਕੀਤਾ ਹੈ | ਯਾਦ ਰਹੇ ਕਿ ਸੰਯੁਕਤ ਰਾਸ਼ਟਰ ਨੇ 2016 ਵਿੱਚ ਹੀ ਇੰਟਰਨੈੱਟ ਨੂੰ ਬੁਨਿਆਦੀ ਅਧਿਕਾਰ ਵਜੋਂ ਮਾਨਤਾ ਦੇ ਦਿੱਤੀ ਸੀ |