20.9 C
Jalandhar
Saturday, October 19, 2024
spot_img

ਸਿੱਖ ਪੁਲਸ ਅਫਸਰ ਦੀ ਵਤਨਪ੍ਰਸਤੀ ’ਤੇ ਸਵਾਲ ਚੁੱਕਣ ਲਈ ਮਾਨ ਵੱਲੋਂ ਭਾਜਪਾ ਲੀਡਰਸ਼ਿਪ ਦੀ ਸਖਤ ਆਲੋਚਨਾ

ਚੰਡੀਗੜ੍ਹ, (ਗੁਰਜੀਤ ਬਿੱਲਾ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੱਛਮੀ ਬੰਗਾਲ ਵਿੱਚ ਸਿੱਖ ਪੁਲਸ ਅਫਸਰ ਦੀ ਵਤਨਪ੍ਰਸਤੀ ਉਤੇ ਸਵਾਲ ਚੁੱਕਣ ਲਈ ਭਾਜਪਾ ਨੇਤਾਵਾਂ ਦੀ ਸਖਤ ਅਲੋਚਨਾ ਕੀਤੀ ਹੈ।
ਇੱਥੋਂ ਜਾਰੀ ਇਕ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਭਗਵਾਂ ਪਾਰਟੀ ਦੇ ਆਗੂ ਉਸ ਭਾਈਚਾਰੇ ਦੇ ਅਕਸ ਤੇ ਕਾਬਲੀਅਤ ਉਤੇ ਸਵਾਲ ਚੁੱਕ ਰਹੇ ਹਨ, ਜਿਸ ਭਾਈਚਾਰੇ ਨੂੰ ਵਤਨਪ੍ਰਸਤੀ ਅਤੇ ਰਾਸ਼ਟਰਵਾਦੀ ਦੇ ਤੌਰ ਉਤੇ ਜਾਣਿਆ ਜਾਂਦਾ ਹੈ। ਭਾਜਪਾ ਨੇਤਾ ਇਸ ਹਕੀਕਤ ਤੋਂ ਮੁਨਕਰ ਹੋ ਚੁੱਕੇ ਹਨ ਕਿ ਪੰਜਾਬੀਆਂ ਖਾਸ ਕਰਕੇ ਸਿੱਖ ਭਾਈਚਾਰੇ ਨੇ ਦੇਸ਼ ਦੀ ਆਜ਼ਾਦੀ ਲਈ ਮਿਸਾਲੀ ਕੁਰਬਾਨੀਆਂ ਕੀਤੀਆਂ ਹਨ। ਇਸ ਦੌਰਾਨ ਮਾਨ ਨੇ ਕਿਹਾ ਕਿ ਮੁਲਕ ਨੂੰ ਅੰਨ ਸੁਰੱਖਿਆ ਪੱਖੋਂ ਆਤਮ ਨਿਰਭਰ ਬਣਾਉਣ ਲਈ ਸਿੱਖ ਕਿਸਾਨਾਂ ਨੇ ਵੀ ਵੱਡਾ ਯੋਗਦਾਨ ਪਾਇਆ ਹੈ, ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਬਹਾਦਰ ਪੁੱਤ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਲਾਮਿਸਾਲ ਕੁਰਬਾਨੀਆਂ ਦੇ ਰਹੇ ਹਨ। ਇਹ ਬਹੁਤ ਦੁੱਖ ਦੀ ਗੱਲ ਹੈ ਕਿ ਭਾਜਪਾ ਲੀਡਰ ਤਨਦੇਹੀ ਨਾਲ ਡਿਊਟੀ ਨਿਭਾਅ ਰਹੇ ਸਿੱਖ ਅਫਸਰ ਨੂੰ ਦੇਸ਼-ਵਿਰੋਧੀ ਦੱਸ ਰਹੇ ਹਨ। ਭਾਜਪਾ ਨੇਤਾਵਾਂ ਦੀ ਇਹ ਹਰਕਤ ਪੰਜਾਬੀਆਂ ਖਾਸ ਕਰਕੇ ਸਿੱਖ ਭਾਈਚਾਰੇ ਦਾ ਘੋਰ ਨਿਰਾਦਰ ਹੈ। ਉਹਨਾ ਕਿਹਾ ਕਿ ਮਹਾਨ ਸਿੱਖ ਗੁਰੂ ਸਾਹਿਬਾਨ ਨੇ ਸਾਨੂੰ ਜਬਰ-ਜ਼ੁਲਮ, ਬੇਇਨਸਾਫੀ ਅਤੇ ਦਮਨ ਦਾ ਟਾਕਰਾ ਕਰਨ ਦਾ ਸੰਦੇਸ਼ ਦਿੱਤਾ ਹੈ। ਉਨ੍ਹਾ ਕਿਹਾ ਕਿ ਭਾਜਪਾ ਲੀਡਰਸ਼ਿਪ ਦੇ ਇਸ ਜ਼ਲਾਲਤ ਭਰੇ ਕਦਮ ਨੂੰ ਕਿਸੇ ਵੀ ਕੀਮਤ ਉਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾ ਕਿਹਾ ਕਿ ਭਾਜਪਾ ਲੀਡਰਸ਼ਿਪ ਨੂੰ ਆਪਣੇ ਨੇਤਾਵਾਂ ਦੇ ਇਸ ਗੈਰ-ਜ਼ਿੰਮੇਵਾਰਾਨਾ, ਨਿਰਾਦਰ ਅਤੇ ਵਿਤਕਰੇ ਵਾਲੇ ਰਵੱਈਏ ਲਈ ਮੁਆਫੀ ਮੰਗਣੀ ਚਾਹੀਦੀ ਹੈ। ਉਹਨਾ ਕਿਹਾ ਕਿ ਸਮੁੱਚਾ ਪੰਜਾਬ ਬਹਾਦਰ ਸਿੱਖ ਪੁਲਸ ਅਫਸਰ ਨਾਲ ਡਟ ਕੇ ਖੜ੍ਹਾ ਹੈ, ਜਿਸ ਨੇ ਆਪਣੀ ਡਿਊਟੀ ਨਿਭਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।

Related Articles

LEAVE A REPLY

Please enter your comment!
Please enter your name here

Latest Articles