20.9 C
Jalandhar
Saturday, October 19, 2024
spot_img

ਭਾਈਓ ਔਰ ਬਹਨੋ, ਅਮੀਨ ਸਯਾਨੀ ਖਾਮੋਸ਼

ਮੁੰਬਈ : ‘‘ਨਮਸਤੇ ਭਾਈਓ ਔਰ ਬਹਨੋ, ਮੈਂ ਆਪਕਾ ਦੋਸਤ ਅਮੀਨ ਸਯਾਨੀ ਬੋਲ ਰਹਾ ਹੂੰ।’’ 42 ਵਰ੍ਹੇ ਆਪਣੇ ਇਸ ਸ਼ਾਨਦਾਰ ਅੰਦਾਜ਼ ਤੇ ਆਵਾਜ਼ ਨਾਲ ਲੋਕਾਂ ਨੂੰ ਰੇਡੀਓ ਦਾ ਦੀਵਾਨਾ ਬਣਾਉਣ ਵਾਲੇ ਅਮੀਨ ਸਯਾਨੀ ਦਾ 91 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ। ਬੇਟੇ ਰਜਿਲ ਨੇ ਦੱਸਿਆ ਕਿ ਉਨ੍ਹਾ ਨੂੰ ਮੰਗਲਵਾਰ ਸ਼ਾਮੀਂ 6 ਵਜੇ ਹਾਰਟ ਅਟੈਕ ਹੋਇਆ। ਹਸਪਤਾਲ ਲਿਜਾਇਆ ਗਿਆ, ਪਰ 7 ਵਜੇ ਦੇਹਾਂਤ ਹੋ ਗਿਆ। ਅਮੀਨ ਸਯਾਨੀ ਨੇ 1952 ਤੋਂ 1994 ਤੱਕ ਰੇਡੀਓ ਸ਼ੋਅ ‘ਗੀਤ ਮਾਲਾ’ ਪੇਸ਼ ਕੀਤਾ, ਜੋ ਕਾਫੀ ਮਕਬੂਲ ਹੋਇਆ।
21 ਦਸੰਬਰ 1932 ਨੂੰ ਮੁੰਬਈ ਵਿਚ ਜਨਮ ਲੈਣ ਵਾਲੇ ਅਮੀਨ ਬਹੁਭਾਸ਼ਾਈ ਪਰਵਾਰ ਨਾਲ ਸੰਬੰਧ ਰੱਖਦੇ ਸਨ। ਉਹ ਬਚਪਨ ਤੋਂ ਹੀ ਰਚਨਾਤਮਕ ਸਨ ਤੇ ਉਨ੍ਹਾ ਆਪਣੀ ਮਾਤਾ ਦੇ ਪੰਦਰਵਾੜਾ ‘ਰਹਿਬਰ’ ਲਈ 13 ਸਾਲ ਦੀ ਉਮਰ ਵਿਚ ਲਿਖਣਾ ਸ਼ੁਰੂ ਕਰ ਦਿੱਤਾ ਸੀ। ਉਦੋਂ ਹੀ ਉਹ ਇੰਗਲਿਸ਼ ਦੇ ਬਰਾਡਕਾਸਟਰ ਬਣ ਗਏ ਸਨ ਅਤੇ ਆਲ ਇੰਡੀਆ ਰੇਡੀਓ ਬੰਬੇ ਦੀ ਇੰਗਲਿਸ਼ ਸੇਵਾ ਦੇ ਬੱਚਿਆਂ ਦੇ ਪ੍ਰੋਗਰਾਮਾਂ ਵਿਚ ਹਿੱਸਾ ਲੈਣ ਲੱਗ ਪਏ ਸਨ। ਸਯਾਨੀ ਦੀ ਹਿੰਦੀ ਵਿਚ ਪੇਸ਼ਕਾਰੀ ਦੀ ਇੱਛਾ ਨੂੰ ਉਦੋਂ ਧੱਕਾ ਲੱਗਾ ਸੀ, ਜਦੋਂ ਆਵਾਜ਼ ਵਿਚ ਹਲਕਾ ਜਿਹਾ ਗੁਜਰਾਤੀ ਪੁੱਠ ਹੋਣ ਕਰਕੇ ਉਨ੍ਹਾ ਨੂੰ ਰੱਦ ਕਰ ਦਿੱਤਾ ਗਿਆ। ਜਦੋਂ ਵੇਲੇ ਦੇ ਸੂਚਨਾ ਤੇ ਪ੍ਰਸਾਰਨ ਮੰਤਰੀ ਬੀ ਵੀ ਕੇਸਕਰ ਨੇ ਆਲ ਇੰਡੀਆ ਰੇਡੀਓ ਤੋਂ ਹਿੰਦੀ ਗਾਣਿਆਂ ’ਤੇ ਪਾਬੰਦੀ ਲਾ ਦਿੱਤੀ ਤਾਂ ਸੈਲੋਨ ਰੇਡੀਓ ਮਕਬੂਲ ਹੋ ਗਿਆ, ਜਿਹੜਾ ਉਦੋਂ ਕੋਲੰਬੋ ਤੋਂ ਪ੍ਰਸਾਰਨ ਕਰਦਾ ਸੀ। ਸਯਾਨੀ ਨੂੰ ਦਸੰਬਰ 1952 ਵਿਚ ਰੇਡੀਓ ਸੈਲੋਨ ਤੋਂ ਬਿਨਾਕਾ ਗੀਤ ਮਾਲਾ ਪੇਸ਼ ਕਰਨ ਦਾ ਮੌਕਾ ਮਿਲਿਆ ਤੇ ਫਿਰ ਉਨ੍ਹਾ ਮੁੜ ਕੇ ਪਿੱਛੇ ਨਹੀਂ ਦੇਖਿਆ। ਬਿਨਾਕਾ ਗੀਤ ਮਾਲਾ 30 ਮਿੰਟ ਦਾ ਪ੍ਰੋਗਰਾਮ ਹੁੰਦਾ ਸੀ। ਫਿਰ ਇਹ ਸਿਬਾਕਾ ਗੀਤਾ ਮਾਲਾ ਹੋਇਆ ਤੇ ਹਿੱਟ ਪਰੇਡ ਨਾਂਅ ਨਾਲ ਵੀ ਪ੍ਰਸਾਰਤ ਹੋਇਆ। ਇਸ ਦੇ ਬਾਅਦ ਇਹ ਆਲ ਇੰਡੀਆ ਰੇਡੀਓ ਤੇ ਵਿਵਿਧ ਭਾਰਤੀ ’ਤੇ ਪ੍ਰਸਾਰਤ ਹੋਇਆ। ਗੀਤ ਮਾਲਾ ਬੁੱਧਵਾਰ ਰਾਤ 8 ਵਜੇ ਪ੍ਰਸਾਰਤ ਹੁੰਦਾ ਸੀ। ਆਲਮ ਇਹ ਸੀ ਕਿ ਹਰ ਕੋਈ ਇਸ ਦੀ ਉਡੀਕ ਕਰਦਾ ਸੀ। ਘਰ, ਦੁਕਾਨ, ਬਾਜ਼ਾਰ ਹਰ ਥਾਂ ਲੋਕ ਸਯਾਨੀ ਨੂੰ ਸੁਣਨ ਲਈ ਬੇਕਰਾਰ ਰਹਿੰਦੇ ਸਨ। ਫਿਰ ਆਵਾਜ਼ ਗੂੰਜਦੀ ਸੀਬਹਨੋ ਔਰ ਭਾਈਓ, ਮੈਂ ਆਪਕਾ ਦੋਸਤ ਅਮੀਨ ਸਯਾਨੀ ਬੋਲ ਰਹਾ ਹੂੰ। ਔਰ ਅਬ ਇਸ ਬਰਸ ਬਿਨਾਕਾ ਗੀਤ ਮਾਲਾ ਕੀ ਵਾਰਸ਼ਿਕ ਹਿੱਟ ਪਰੇਡ ਦਾ ਸਰਤਾਜ ਗੀਤ। ਇਸ ਦੇ ਬਾਅਦ ਬਿਗੁਲ ਦੀ ਆਵਾਜ਼ ਗੂੰਜਦੀ ਤੇ ਫਿਰ ਅਮੀਨ ਸਯਾਨੀ ਕਹਿੰਦੇਫਿਲਮ ਸੂਰਜ ਕਾ ਗਾਨਾ ਹੈ ਯੇ ਬਹਨੋ ਔਰ ਭਾਈਓ। ਇਸੇ ਗਾਇਆ ਹੈ ਮੁਹੰਮਦ ਰਫੀ ਨੇ। ਅਮੀਨ ਸਯਾਨੀ ਨੇ 54 ਹਜ਼ਾਰ ਤੋਂ ਵੱਧ ਰੇਡੀਓ ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ। ਉਹ ਕਈ ਫਿਲਮਾਂ ਵਿਚ ਰੇਡੀਓ ਅਨਾਊਂਸਰ ਦੇ ਤੌਰ ’ਤੇ ਨਜ਼ਰ ਆਏ। ਇਨ੍ਹਾਂ ਵਿਚ ਭੂਤ ਬੰਗਲਾ, ਤੀਨ ਦੇਵੀਆਂ, ਬੌਕਸਰ ਤੇ ਕਤਲ ਵਰਗੀਆਂ ਫਿਲਮਾਂ ਸ਼ਾਮਲ ਹਨ। ਲਤਾ ਮੰਗੇਸ਼ਕਰ, ਮੁਹੰਮਦ ਰਫੀ, ਕਿਸ਼ੋਰ ਕੁਮਾਰ ਤੇ ਰਾਜ ਕਪੂਰ ਵਰਗੀਆਂ ਹਸਤੀਆਂ ਨਾਲ ਉਨ੍ਹਾ ਦੀ ਇੰਟਰਵਿਊ ਨੇ ਵੀ ਉਨ੍ਹਾ ਦੇ ਪ੍ਰਸੰਸਕਾਂ ਵਿਚ ਕਾਫੀ ਵਾਧਾ ਕੀਤਾ।
ਗੀਤ ਮਾਲਾ ਦੇ ਦਿਨਾਂ ਨੂੰ ਯਾਦ ਕਰਦਿਆਂ ਅਮੀਨ ਸਯਾਨੀ ਨੇ ਕਿਹਾ ਸੀਮੈਂ ਚਾਹੁੰਦਾ ਸੀ ਕਿ ਹਰ ਸੁਣਨ ਵਾਲੇ ਨੂੰ ਇੰਜ ਲੱਗੇ ਕਿ ਮੈਂ ਉਸ ਨਾਲ ਹੀ ਗੱਲ ਕਰ ਰਿਹਾ ਹਾਂ ਅਤੇ ਇਹੀ ਗੱਲ ਲੋਕਾਂ ’ਤੇ ਅਸਰ ਕਰ ਗਈ।

Related Articles

LEAVE A REPLY

Please enter your comment!
Please enter your name here

Latest Articles