20.9 C
Jalandhar
Saturday, October 19, 2024
spot_img

ਨੌਜਵਾਨ ਕਿਸਾਨ ਸ਼ਹੀਦ

ਚੰਡੀਗੜ੍ਹ : ਖਨੌਰੀ ਬਾਰਡਰ ’ਤੇ ਕਿਸਾਨਾਂ ਅਤੇ ਹਰਿਆਣਾ ਪੁਲਸ ਦਰਮਿਆਨ ਹੋਏ ਟਕਰਾਅ ਦੌਰਾਨ ਰਬੜ ਦੀ ਗੋਲੀ ਨਾਲ 23 ਸਾਲਾ ਕਿਸਾਨ ਦੀ ਮੌਤ ਹੋ ਗਈ, ਜਿਸ ਦੀ ਪਛਾਣ ਜ਼ਿਲ੍ਹਾ ਬਠਿੰਡਾ ਦੇ ਰਾਮਪੁਰਾ ਇਲਾਕੇ ਦੇ ਪਿੰਡ ਬੱਲੋ ਦੇ ਸ਼ੁਭਕਰਨ ਸਿੰਘ ਵਜੋਂ ਹੋਈ ਹੈ ਉਹ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਤੇ ਤਿੰਨ ਏਕੜ ਜ਼ਮੀਨ ਦਾ ਮਾਲਕ ਸੀ। ਉਸ ਨੂੰ ਗੰਭੀਰ ਹਾਲਤ ਵਿਚ ਰਜਿੰਦਰਾ ਹਸਪਤਾਲ ਪਟਿਆਲਾ ਲਿਆਂਦਾ ਗਿਆ ਸੀ, ਪਰ ਉੱਥੇ ਉਸ ਦੀ ਮੌਤ ਹੋ ਗਈ। ਸੰਗਰੂਰ ਦੇ ਪਿੰਡ ਸੇਰੋਂ ਦੇ ਸਿਮਰਨਜੀਤ ਸਿੰਘ ਅਤੇ ਥਾਣਾ ਲਹਿਰਾਗਾਗਾ ਦੇ ਪਿੰਡ ਭੁਟਾਲ ਖੁਰਦ ਦੇ ਜੁਗਰਾਜ ਸਿੰਘ ਨੂੰ ਵੀ ਰਜਿੰਦਰਾ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ।
ਖਨੌਰੀ ਬਾਰਡਰ ਉਪਰ ਹਰਿਆਣਾ ਪੁਲਸ ਤੇ ਕੇਂਦਰੀ ਸੁਰੱਖਿਆ ਬਲਾਂ ਵੱਲੋਂ ਅੱਥਰੂ ਗੈਸ ਦੇ ਗੋਲਿਆਂ, ਰਬੜ ਦੀਆਂ ਗੋਲੀਆਂ ਅਤੇ ਪਾਣੀ ਦੀਆਂ ਬੁਛਾੜਾਂ ਨਾਲ ਕੀਤੀ ਕਾਰਵਾਈ ’ਚ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਸਮੇਤ ਕਰੀਬ ਦੋ ਦਰਜਨ ਕਿਸਾਨ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਪਾਤੜਾਂ ਅਤੇ ਹੋਰ ਨੇੜਲੇ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ। ਕਿਸਾਨਾਂ ਨੇ ਖੇਤਾਂ ਵਿੱਚੀਂ ਵਧਣ ਦਾ ਯਤਨ ਕੀਤਾ, ਪਰ ਹਰਿਆਣਾ ਪੁਲਸ ਨੇ ਸਖਤ ਕਾਰਵਾਈ ਕਰ ਦਿੱਤੀ।
ਸ਼ੰਭੂ ਬੈਰੀਅਰ ’ਤੇ ਮੰਗਲਵਾਰ ਰਾਤ ਪਹੁੰਚੀ ਜੇ ਸੀ ਬੀ ਮਸ਼ੀਨ ਨੂੰ ਮੋਰਚੇ ਤੱਕ ਜਾਣ ਤੋਂ ਰੋਕਣ ਮੌਕੇ ਐੱਸ ਪੀ ਸਮੇਤ ਦੋ ਪੁਲਸ ਅਧਿਕਾਰੀ ਜ਼ਖਮੀ ਹੋ ਗਏ। ਐੱਸ ਪੀ ਜਗਵਿੰਦਰ ਚੀਮਾ ਨੂੰ ਏ ਪੀ ਜੈਨ ਸਿਵਲ ਹਸਪਤਾਲ ਰਾਜਪੁਰਾ ਵਿਖੇ ਦਾਖਲ ਕਰਾਇਆ ਗਿਆ। ਕੁਝ ਕਿਸਾਨ ਜੇ ਸੀ ਬੀ ਲੈ ਕੇ ਸ਼ੰਭੂ ਮੋਰਚੇ ਵੱਲ ਵਧ ਰਹੇ ਸਨ ਤਾਂ ਉਨ੍ਹਾਂ ਨੂੰ ਮੋਰਚੇ ਤੋਂ ਪਹਿਲਾਂ ਲੱਗੇ ਨਾਕੇ ’ਤੇ ਪੁਲਸ ਪਾਰਟੀ ਨੇ ਗੱਲਬਾਤ ਲਈ ਰੋਕਣ ਦੀ ਕੋਸ਼ਿਸ਼ ਕੀਤੀ। ਜਿਵੇਂ ਹੀ ਪੁਲਸ ਅਧਿਕਾਰੀ ਅੱਗੇ ਹੋਏ ਤਾਂ ਚਾਲਕ ਨੇ ਜੇ ਸੀ ਬੀ ਨਾ ਰੋਕੀ। ਪੁਲਸ ਅਧਿਕਾਰੀ ਜੇ ਸੀ ਬੀ ਦੀ ਟੱਕਰ ਕਾਰਨ ਫੱਟੜ ਹੋ ਗਿਆ। ਉਸ ਦੇ ਗੋਡਿਆਂ ਅਤੇ ਕਈ ਹੋਰ ਥਾਵਾਂ ’ਤੇ ਸੱਟਾਂ ਵੱਜੀਆਂ। ਥਾਣਾ ਸ਼ੰਭੂ ਦੇ ਐੱਸ ਐੱਚ ਓ ਇੰਸਪੈਕਟਰ ਅਮਨਪਾਲ ਵਿਰਕ ਨੇ ਕਿਹਾ ਕਿ ਇਸ ਸੰਬੰਧੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ। ਸੰਯੁਕਤ ਕਿਸਾਨ ਮੋਰਚਾ ਪੰਜਾਬ ਚੈਪਟਰ ਨੇ ਪੰਜਾਬ ਦੀਆਂ ਹਰਿਆਣਾ ਨਾਲ ਲੱਗਦੀਆਂ ਹੱਦਾਂ ’ਤੇ ਕਿਸਾਨਾਂ ’ਤੇ ਢਾਹੇ ਜਾ ਰਹੇ ਜਬਰ ਦੀ ਪੁਰਜ਼ੋਰ ਨਿਖੇਧੀ ਕਰਦਿਆਂ ਨੌਜਵਾਨ ਸ਼ੁਭਕਰਨ ਸਿੰਘ ਦੀ ਮੌਤ ਲਈ ਭਾਜਪਾ ਸਰਕਾਰ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਕਿਸਾਨਾਂ ਦਾ ਡੁੱਲ੍ਹਿਆ ਖੂਨ ਭਾਜਪਾ ਦੇ ਸਿਆਸੀ ਕਫਨ ਵਿਚ ਆਖਰੀ ਕਿੱਲ ਸਾਬਤ ਹੋਵੇਗਾ। ਕਿਸਾਨ ਜਥੇਬੰਦੀਆਂ ਨੇ ਬੁੱਧਵਾਰ ਭਾਜਪਾ ਆਗੂਆਂ ਅਤੇ ਟੋਲ ਪਲਾਜ਼ਾ ’ਤੇ ਦਿੱਤੇ ਜਾ ਰਹੇ ਧਰਨਿਆਂ ਵਿੱਚ ਸ਼ਹੀਦ ਕਿਸਾਨ ਨੂੰ ਸ਼ਰਧਾਂਜਲੀ ਭੇਟ ਕੀਤੀ।
ਵਰਨਣਯੋਗ ਹੈ ਕਿ ਸਵਾਮੀਨਾਥਨ ਫਾਰਮੂਲੇ ਤਹਿਤ ਐੱਮ ਐੱਸ ਪੀ +ਤੇ ਖ੍ਰੀਦ ਦਾ ਗਾਰੰਟੀ ਕਾਨੂੰਨ ਬਣਾਉਣ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਕਰਜ਼ੇ ’ਤੇ ਲੀਕ ਮਾਰਨ ਸਮੇਤ ਹੋਰ ਕਿਸਾਨੀ ਮੰਗਾਂ ਅਤੇ ਕਿਸਾਨਾਂ ’ਤੇ ਜਬਰ ਕਰਨ ਵਿਰੁੱਧ ਸੂਬੇ ਭਰ ਵਿੱਚ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਅਤੇ ਟੋਲ ਪਲਾਜ਼ਾ ਟੋਲ ਫ੍ਰੀ ਕਰਕੇ ਤਿੰਨ ਦਿਨਾਂ ਲਈ ਦਿਨ-ਰਾਤ ਦੇ ਧਰਨੇ ਦੂਜੇ ਦਿਨ ਵੀ ਜਾਰੀ ਰਹੇ।
ਨੌਜਵਾਨ ਸ਼ੁਭਕਰਨ ਸਿੰਘ ਦਾ ਮਿ੍ਰਤਕ ਸਰੀਰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਰੱਖਿਆ ਗਿਆ ਹੈ, ਜਿੱਥੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਰਾਮਿੰਦਰ ਸਿੰਘ ਪਟਿਆਲਾ, ਦਲਜੀਤ ਸਿੰਘ ਚੱਕ, ਗੁਰਮੀਤ ਸਿੰਘ ਦਿੱਤੂਪੁਰ, ਕੁਲਵੰਤ ਸਿੰਘ ਮੌਲਵੀਵਾਲਾ, ਗੁਰਵਿੰਦਰ ਸਿੰਘ ਬੱਲੋ, ਚਰਨਜੀਤ ਸਿੰਘ ਝੁੰਗੀਆਂ, ਦਵਿੰਦਰ ਸਿੰਘ ਪੂਨੀਆ, ਹਰਭਜਨ ਸਿੰਘ ਬੁੱਟਰ ਸਮੇਤ ਕਿਸਾਨਾਂ ਦੇ ਇੱਕ ਵੱਡੇ ਜਥੇ ਨੇ ਉਸ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪਿੰਡ ਵਾਸੀਆਂ ਅਤੇ ਪਰਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।
ਸੂਬਾ ਪੱਧਰ ’ਤੇ ਪੁੱਜੀਆਂ ਰਿਪੋਰਟਾਂ ਮੁਤਾਬਕ ਸੂਬੇ ਭਰ ਵਿੱਚ 20 ਭਾਜਪਾ ਆਗੂਆਂ ਦੇ ਘਰਾਂ ਸਾਹਮਣੇ, 37 ਟੋਲ ਪਲਾਜ਼ਾ ਟੋਲ ਫ੍ਰੀ ਕਰਕੇ ਅਤੇ ਦੋ ਜ਼ਿਲ੍ਹਿਆਂ ਹੁਸ਼ਿਆਰਪੁਰ ਅਤੇ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਦਫਤਰਾਂ ਸਾਹਮਣੇ ਕੁੱਲ ਮਿਲਾ ਕੇ 59 ਸਥਾਨਾਂ ’ਤੇ ਕਿਸਾਨ ਜਥੇਬੰਦੀਆਂ ਦੇ ਧਰਨੇ ਜਾਰੀ ਹਨ। ਭਾਜਪਾ ਆਗੂਆਂ, ਜਿਨ੍ਹਾਂ ਦੇ ਘਰਾਂ ਸਾਹਮਣੇ ਧਰਨੇ ਜਾਰੀ ਹਨ, ਉਨ੍ਹਾਂ ਵਿੱਚ ਸੁਨੀਲ ਜਾਖੜ, ਕੈਪਟਨ ਅਮਰਿੰਦਰ ਸਿੰਘ, ਇਕਬਾਲ ਸਿੰਘ ਲਾਲਪੁਰਾ, ਸੁਰਜੀਤ ਕੁਮਾਰ ਜਿਆਣੀ, ਰਾਣਾ ਗੁਰਮੀਤ ਸੋਢੀ, ਮੰਤਰੀ ਸੋਮ ਪ੍ਰਕਾਸ਼, ਮਨੋਰੰਜਨ ਕਾਲੀਆ, ਹਰਜੀਤ ਸਿੰਘ, ਅਰਵਿੰਦ ਖੰਨਾ, ਕਾਕਾ ਸਿੰਘ ਕੰਬੋਜ, ਦੀਦਾਰ ਸਿੰਘ ਭੱਟੀ, ਕੇਵਲ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਕਾਕਾ, ਰਜਿੰਦਰ ਮੋਹਨ ਸਿੰਘ ਛੀਨਾ, ਅਮਰਪਾਲ ਸਿੰਘ ਬੋਨੀ, ਫਤਿਹਜੰਗ ਸਿੰਘ ਬਾਜਵਾ, ਰਾਕੇਸ਼ ਕੁਮਾਰ ਜੈਨ, ਭੁਪੇਸ਼ ਅਗਰਵਾਲ, ਰਾਜੇਸ਼ ਪੇਠਲੀ ਅਤੇ ਡਾ. ਸੀਮਾਂਤ ਗਰਗ ਆਦਿ ਸ਼ਾਮਲ ਹਨ। ਕਿਸਾਨ ਜਥੇਬੰਦੀਆਂ ਨੇ ਸੂਬੇ ਦੀਆਂ ਪ੍ਰਮੁੱਖ ਜਰਨੈਲੀ ਸੜਕਾਂ ਉੱਤੇ 37 ਟੋਲ ਪਲਾਜ਼ਿਆਂ ਨੂੰ ਟੋਲ ਫ੍ਰੀ ਕੀਤਾ ਹੋਇਆ ਹੈ। ਧਰਨਿਆਂ ਵਿੱਚ ਬੁਲਾਰਿਆਂ ਨੇ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਕਿਸਾਨਾਂ ’ਤੇ ਢਾਹੇ ਜਾ ਜਬਰ ਵਿਰੁੱਧ ਗੁੱਸੇ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਰਕਾਰ ਦੇ ਜਬਰ ਦੇ ਬਾਵਜੂਦ ਕਿਸਾਨ ਲਹਿਰ ਨੂੰ ਦਬਾਇਆ ਨਹੀ ਜਾ ਸਕੇਗਾ, ਉਲਟਾ ਕਿਸਾਨਾਂ ਦਾ ਡੁੱਲ੍ਹਿਆ ਖੂਨ ਇਸ ਨੂੰ ਹੋਰ ਪ੍ਰਚੰਡ ਕਰੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਨੇ ਸੱਤਾ ਦੇ ਹੰਕਾਰ ਵਿੱਚ ਕਿਸਾਨੀ ਮੰਗਾਂ ਨੂੰ ਅਣਗੌਲਿਆ ਕਰਕੇ ਦੱਸ ਦਿੱਤਾ ਹੈ ਕਿ ਉਹ ਕਾਰਪੋਰੇਟ ਦੇ ਹਿੱਤਾਂ ਨੂੰ ਪੂਰਾ ਕਰਨ ਲਈ ਐੱਮ ਐੱਸ ਪੀ ਦੇ ਮਾਮਲੇ ਵਿਚ ਵੀ ਪੂਰੇ ਦੇਸ਼ ਦੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ। ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਸਪੱਸ਼ਟ ਕਰ ਦਿੱਤਾ ਕਿ ਸਵਾਮੀਨਾਥਨ ਫਾਰਮੂਲੇ ਤਹਿਤ ਐੱਮ ਐੱਸ ਪੀ ’ਤੇ ਖ੍ਰੀਦ ਦੀ ਗਾਰੰਟੀ ਦਾ ਕਾਨੂੰਨ ਅਤੇ ਕਿਸਾਨਾਂ, ਖੇਤ ਮਜ਼ਦੂਰਾਂ ਦੇ ਕਰਜ਼ੇ ’ਤੇ ਲੀਕ ਮਾਰਨ ਸਮੇਤ ਹੋਰ ਕਿਸਾਨੀ ਮੰਗਾਂ ਲਈ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਕਿਹਾ ਕਿ ਇਹ ਧਰਨੇ 22 ਫਰਵਰੀ ਸ਼ਾਮ ਪੰਜ ਵਜੇ ਤੱਕ ਜਾਰੀ ਰਹਿਣਗੇ। ਸੰਯੁਕਤ ਕਿਸਾਨ ਮੋਰਚਾ ਨੇ ਸਪੱਸ਼ਟ ਕੀਤਾ ਕਿ ਅਗਲੇ ਸੰਘਰਸ਼ ਦੀ ਰੂਪ-ਰੇਖਾ ਉਲੀਕਣ ਲਈ ਦੇਸ਼ ਪੱਧਰ ਦੀ ਮੀਟਿੰਗ ਭਲਕੇ 22 ਫਰਵਰੀ ਨੂੰ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਹੋਵੇਗੀ। ਧਰਨਿਆਂ ਦੀ ਅਗਵਾਈ ਬਲਬੀਰ ਸਿੰਘ ਰਾਜੇਵਾਲ, ਹਰਿੰਦਰ ਸਿੰਘ ਲੱਖੋਵਾਲ, ਨਿਰਭੈ ਸਿੰਘ ਢੁੱਡੀਕੇ, ਡਾ. ਦਰਸ਼ਨਪਾਲ, ਹਰਮੀਤ ਸਿੰਘ ਕਾਦੀਆਂ, ਬਲਦੇਵ ਸਿੰਘ ਨਿਹਾਲਗੜ੍ਹ, ਬੂਟਾ ਸਿੰਘ ਬੁਰਜਗਿੱਲ, ਜੰਗਵੀਰ ਸਿੰਘ ਚੌਹਾਨ, ਬਲਵਿੰਦਰ ਸਿੰਘ ਮੱਲੀਨੰਗਲ, ਸਤਨਾਮ ਸਿੰਘ ਅਜਨਾਲਾ, ਮਨਜੀਤ ਸਿੰਘ ਧਨੇਰ, ਬਿੰਦਰ ਸਿੰਘ ਗੋਲੇਵਾਲਾ, ਸੁੱਖ ਗਿੱਲ ਮੋਗਾ, ਰੁਲਦੂ ਸਿੰਘ ਮਾਨਸਾ, ਵੀਰ ਸਿੰਘ ਬੜਵਾ, ਬਲਜੀਤ ਸਿੰਘ ਗਰੇਵਾਲ, ਹਰਜਿੰਦਰ ਸਿੰਘ ਟਾਂਡਾ, ਮਲੂਕ ਸਿੰਘ ਹੀਰਕੇ, ਬਲਵਿੰਦਰ ਸਿੰਘ ਰਾਜੂ ਔਲਖ, ਹਰਜੀਤ ਸਿੰਘ ਰਵੀ, ਨਿਰਵੈਰ ਸਿੰਘ ਡਾਲੇਕੇ, ਹਰਬੰਸ ਸਿੰਘ ਸੰਘਾ, ਪ੍ਰੇਮ ਸਿੰਘ ਭੰਗੂ, ਕੁਲਦੀਪ ਸਿੰਘ ਵਜੀਦਪੁਰ, ਹਰਦੇਵ ਸਿੰਘ ਸੰਧੂ, ਕੰਵਲਪ੍ਰੀਤ ਸਿੰਘ ਪੰਨੂ, ਕਿਰਨਜੀਤ ਸੇਖੋਂ ਅਤੇ ਬੋਘ ਸਿੰਘ ਮਾਨਸਾ ਆਦਿ ਨੇ ਕੀਤੀ।

Related Articles

LEAVE A REPLY

Please enter your comment!
Please enter your name here

Latest Articles