ਅੱਜ ਕਾਲਾ ਦਿਵਸ, 26 ਨੂੰ ਟਰੈਕਟਰ ਮਾਰਚ

0
219

ਚੰਡੀਗੜ੍ਹ : 2020-21 ਵਿਚ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਅੰਦੋਲਨ ਚਲਾਉਣ ਵਾਲੇ ਸੰਯੁਕਤ ਕਿਸਾਨ ਮੋਰਚਾ (ਐੱਸ ਕੇ ਐੱਮ) ਨੇ ਵੀਰਵਾਰ ਮੰਗ ਕੀਤੀ ਕਿ ਖਨੌਰੀ ਬਾਰਡਰ ’ਤੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ’ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਗ੍ਰਹਿ ਮੰਤਰੀ ਅਨਿਲ ਵਿੱਜ ਖਿਲਾਫ ਕਤਲ ਦਾ ਕੇਸ ਦਰਜ ਕੀਤਾ ਜਾਵੇ। ਇਸ ਨੇ ਇਹ ਵੀ ਐਲਾਨਿਆ ਕਿ ਕਿਸਾਨ 26 ਫਰਵਰੀ ਨੂੰ ਹਾਈਵੇ ’ਤੇ ਟਰੈਕਟਰ ਮਾਰਚ ਕਰਨਗੇ। ਪੰਜਾਬ ਵਿਚ ਟਰੈਕਟਰ ਮਾਰਚ ਅੰਮਿ੍ਰਤਸਰ ਤੋਂ ਸ਼ੰਭੂ ਬਾਰਡਰ ਤੱਕ ਹੋਵੇਗਾ। ਇਕ ਪਾਸੇ ਦਾ ਹਾਈਵੇ ਖੁੱਲ੍ਹਾ ਰਹੇਗਾ ਅਤੇ ਇਸ ਦਿਨ ਡਬਲਿਊ ਟੀ ਓ ਦਾ ਪੁਤਲਾ ਫੂਕਿਆ ਜਾਵੇਗਾ।
14 ਮਾਰਚ ਨੂੰ ਦਿੱਲੀ ਦੇ ਰਾਮਲੀਲ੍ਹਾ ਮੈਦਾਨ ਵਿਚ ਮਹਾਂ ਪੰਚਾਇਤ ਕੀਤੀ ਜਾਵੇਗੀ।
ਇਹ ਐਲਾਨ ਸ਼ੰਭੂ ਤੇ ਖਨੌਰੀ ਬਾਰਡਰ ’ਤੇ ਪੈਦਾ ਸਥਿਤੀ ਉਤੇ ਵਿਚਾਰ ਕਰਨ ਲਈ ਮੋਰਚੇ ਦੀ ਕੌਮੀ ਤਾਲਮੇਲ ਕਮੇਟੀ ਦੀ ਮੀਟਿੰਗ ਤੋਂ ਬਾਅਦ ਕੀਤੇ ਗਏ। ਕਮੇਟੀ ਨੇ ਸ਼ੁੱਕਰਵਾਰ ਨੂੰ ਦੇਸ਼ ਭਰ ਵਿਚ ਕਾਲਾ ਦਿਵਸ ਮਨਾਉਣ ਦਾ ਵੀ ਐਲਾਨ ਕੀਤਾ। ਇਸ ਦੌਰਾਨ ਖੱਟਰ, ਵਿੱਜ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁਤਲੇ ਫੂਕੇ ਜਾਣਗੇ। ਮੀਟਿੰਗ ਵਿਚ ਪੰਜਾਬ, ਹਰਿਆਣਾ, ਯੂ ਪੀ, ਪੱਛਮੀ ਬੰਗਾਲ ਤੇ ਹੋਰਨਾਂ ਰਾਜਾਂ ਦੇ ਆਗੂ ਸ਼ਾਮਲ ਹੋਏ।
ਇਸ ਵੇਲੇ ‘ਦਿੱਲੀ ਚੱਲੋ’ ਮਾਰਚ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਚਲਾ ਰਿਹਾ ਹੈ ਤੇ ਐੱਸ ਕੇ ਐੱਮ ਇਸ ਵਿਚ ਸ਼ਾਮਲ ਨਹੀਂ।
ਮੀਟਿੰਗ ਵਿਚ ਬਲਬੀਰ ਸਿੰਘ ਰਾਜੇਵਾਲ, ਰਾਕੇਸ਼ ਟਿਕੈਤ ਤੇ ਹੋਰਨਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਹਿੱਸਾ ਲਿਆ।

LEAVE A REPLY

Please enter your comment!
Please enter your name here