ਚੰਡੀਗੜ੍ਹ : ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਤੋਂ ਐੱਮ ਪੀ ਦੀ ਸੀਟ ਜਿੱਤਣ ਉਪਰੰਤ ਫੌਰਨ ਹੀ ਜਿਸ ਪ੍ਰਕਾਰ ਮਹਾਨ ਕ੍ਰਾਂਤੀਕਾਰੀ ਸ਼ਹੀਦੇ-ਆਜ਼ਮ ਭਗਤ ਸਿੰਘ ਨੂੰ ਅੱਤਵਾਦੀ ਕਹਿ ਕੇ ਅੰਗਰੇਜ਼ ਪੁਲਸ ਅਫਸਰ ਸਾਂਡਰਸ ਨੂੰ ਬੇਗੁਨਾਹ ਸਾਬਤ ਕਰਨ ਲਈ ਭੰਡੀ-ਪ੍ਰਚਾਰ ਸ਼ੁਰੂ ਕੀਤਾ ਹੈ, ਪੰਜਾਬ ਸੀ ਪੀ ਆਈ ਨੇ ਇਸ ਨੂੰ ਡੂੰਘੀ ਸਾਜ਼ਿਸ਼ ਕਰਾਰ ਦਿੱਤਾ ਹੈ |
ਪੰਜਾਬ ਸੀ ਪੀ ਆਈ ਦੇ ਸਕੱਤਰ ਸਾਥੀ ਬੰਤ ਸਿੰਘ ਬਰਾੜ ਨੇ ਅੱਜ ਇੱਥੇ ਇਕ ਬਿਆਨ ਵਿਚ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਆਪ ਅਤੇ ਆਪਣੇ ਅੱਤਵਾਦੀ ਸਹਿਯੋਗੀਆਂ ਨੂੰ ਉਸੇ ਨੀਤੀ ਨਾਲ ਜੋੜ ਦਿੱਤਾ ਹੈ, ਜਿੱਥੇ ਆਰ ਐੱਸ ਐੱਸ ਅਤੇ ਭਾਜਪਾ ਦੀ ਅਗਵਾਈ ਵਿਚ ਖੁਦ ਭਾਰਤੀ ਸਟੇਟ ਨੇ ਭਾਰਤ ਦੇ ਅਜ਼ਾਦੀ ਸੰਗਰਾਮ ਅਤੇ ਸੁਤੰਤਰਤਾ ਸੈਨਾਨੀਆਂ ਵਿਰੁੱਧ ਜ਼ੋਰਦਾਰ ਭੰਡੀ ਪ੍ਰਚਾਰ ਸ਼ੁਰੂ ਕੀਤਾ ਹੋਇਆ ਹੈ | ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਦੋਂ ਚੰਦਰ ਸ਼ੇਖਰ ਆਜ਼ਾਦ, ਭਗਤ ਸਿੰਘ ਅਤੇ ਉਸ ਦੇ ਹਜ਼ਾਰਾਂ ਕ੍ਰਾਂਤੀਕਾਰੀ ਨੌਜਵਾਨ ਸਾਥੀ ਅੰਗਰੇਜ਼ਾਂ ਵਿਰੁੱਧ ਲੜ ਰਹੇ ਸਨ ਤੇ ਸ਼ਹੀਦੀਆਂ ਪ੍ਰਾਪਤ ਕਰ ਰਹੇ ਸਨ ਤਾਂ ਆਰ ਐੱਸ ਐੱਸ ਸਾਮਰਾਜੀਆਂ ਦੀ ਦਲਾਲੀ ਕਰਨ ਵਿਚ ਆਪਣਾ ਪੂਰਾ ਜ਼ੋਰ ਲਗਾ ਕੇ ਅੰਗਰੇਜ਼ਾਂ ਦੇ ਹੱਕ ਵਿਚ ਆਜ਼ਾਦੀ ਦੀ ਲੜਾਈ ਦਾ ਵਿਰੋਧ ਕਰ ਰਹੀ ਸੀ | ਚੰਦਰ ਸ਼ੇਖਰ ਆਜ਼ਾਦ ਅਤੇ ਭਗਤ ਸਿੰਘ ਵਿਰੁੱਧ ਜ਼ੋਰਦਾਰ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਇਹ ਲੀਡਰ ਹਿੰਦੂ ਨੌਜਵਾਨਾਂ ਨੂੰ ਅੰਗਰੇਜ਼ਾਂ ਵਿਰੁੱਧ ਲੜਨ ਲਈ ਗੁੰਮਰਾਹ ਕਰਕੇ ਨੌਜਵਾਨਾਂ ਦੀ ਸ਼ਕਤੀ ਬਰਬਾਦ ਕਰ ਰਹੇ ਹਨ, ਜਦੋਂਕਿ ਅਸਲੀ ਲੜਾਈ ਅੰਗਰੇਜ਼ਾਂ ਵਿਰੁੱਧ ਨਹੀਂ, ਮੁਸਲਮਾਨਾਂ ਵਿਰੁੱਧ ਹੈ |
ਸਾਥੀ ਬਰਾੜ ਨੇ ਅੱਗੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਦੇ ਵਰਤਮਾਨ ਸਮੇਂ ਅਜਿਹੇ ਬਿਆਨ ਜ਼ਾਹਰ ਕਰਦੇ ਹਨ ਕਿ ਮਾਨ ਸਾਹਿਬ ਦੀ ਮਨਸ਼ਾ ਪੰਜਾਬ ਦੇ ਪੁਰਅਮਨ ਮਹੌਲ ਨੂੰ ਮੁੜ ਅੱਤਵਾਦੀ ਦੌਰ ਵਿਚ ਧੱਕ ਕੇ ਦੇਸ਼ ਅਤੇ ਵਿਦੇਸ਼ ਦੀਆਂ ਏਜੰਸੀਆਂ ਰਾਹੀਂ ਰਚੀਆਂ ਜਾ ਰਹੀਆਂ ਸਾਜ਼ਿਸ਼ਾਂ ਰਾਹੀਂ ਫਿਰਕਾਪ੍ਰਸਤੀ ਤੇ ਜਨੂੰਨੀ ਲਹਿਰਾਂ ਨੂੰ ਹਵਾ ਦੇਣਾ ਹੈ ਅਤੇ ਦੇਸ਼ ਦੀ ਫਾਸ਼ੀਵਾਦੀ ਰਾਜਸੱਤਾ ਵਿਰੁੱਧ ਲੜਾਈ ਨੂੰ ਕਮਜ਼ੋਰ ਕਰਨ ਵੱਲ ਹੈ |
ਸਾਥੀ ਬਰਾੜ ਨੇ ਅੱਗੇ ਆਖਿਆ ਕਿ ਮਾਨ ਸਾਹਿਬ ਆਪਣੇ ਨਾਨਾ ਸਰਦਾਰ ਅਰੂੜ ਸਿੰਘ ਜਿਹੜਾ ਅੰਗਰੇਜ਼ਾਂ ਦਾ ਬੂਟ-ਚੱਟ ਟੋਡੀ ਸੀ ਤੇ ਅੰਗਰੇਜ਼ਾਂ ਨੇ ਹਰਿਮੰਦਰ ਸਾਹਿਬ ਦਾ ਸਰਪ੍ਰਸਤ ਥਾਪਿਆ ਸੀ, ਜਿਸ ਨੇ ਜਲਿ੍ਹਆਂਵਾਲੇ ਬਾਗ ਦੇ ਖੂਨੀ ਸਾਕੇ ਨੂੰ ਅੰਜਾਮ ਦੇਣ ਵਾਲੇ ਜਨਰਲ ਓਡਵਾਇਰ ਨੂੰ ਸਿਰੋਪਾ ਭੇਟ ਕੀਤਾ ਸੀ, ਦੀ ਪ੍ਰਸੰਸਾ ਕਰਨ ਤੱਕ ਚਲਾ ਗਿਆ ਹੈ | ਸਾਥੀ ਬਰਾੜ ਨੇ ਆਖਿਆ ਕਿ ਸੀ ਪੀ ਆਈ ਸਾਰੀਆਂ ਖੱਬੀਆਂ ਅਤੇ ਜਮਹੂਰੀ ਸ਼ਕਤੀਆਂ ਨਾਲ ਮਿਲ ਕੇ ਅਜਿਹੀਆਂ ਫਿਰਕੂ, ਅੱਤਵਾਦੀ ਅਤੇ ਫਾਸ਼ੀ ਤਾਕਤਾਂ ਵਿਰੁੱਧ ਪੰਜਾਬ ਅਤੇ ਦੇਸ਼ ਵਿਚ ਅੰਦੋਲਨ ਜਥੇਬੰਦ ਕਰਦੀ ਰਹੇਗੀ |