ਮੁਹਾਲੀ : ਪੰਜਾਬ ਪੁਲਸ ਨੇ ਸੋਮਵਾਰ ਕੁਦਰਤਦੀਪ ਸਿੰਘ ਉਰਫ ਲਵੀ ਅਤੇ ਉਸ ਦੇ ਸਹਿਯੋਗੀ ਭੁਪਿੰਦਰ ਸਿੰਘ ਉਰਫ ਹਨੀ ਵਿਰੁੱਧ ਸਾਲ 2017 ਦੌਰਾਨ ਮਲਿਕਪੁਰ ਮਾਇਨਿੰਗ ਸਾਈਟ ਖੇਤਰ ‘ਚ ਗੈਰ-ਕਾਨੂੰਨੀ ਮਾਇਨਿੰਗ ਕਰਨ ਦੇ ਦੋਸ਼ ਤਹਿਤ ਐੱਫ ਆਈ ਆਰ ਦਰਜ ਕਰ ਲਈ | ਇਸ ਤੋਂ ਬਾਅਦ ਹਨੀ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਨੋਟਿਸ ਵੀ ਭੇਜਿਆ ਗਿਆ ਹੈ, ਜਦਕਿ ਕਪੂਰਥਲਾ ਜੇਲ੍ਹ ਵਿਚ ਬੰਦ ਕੁਦਰਤਦੀਪ ਨੂੰ ਮੰਗਲਵਾਰ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਜਾਵੇਗਾ | 2021 ਦੇ ਅੰਤ ‘ਚ ਡਾਇਰੈਕਟੋਰੇਟ ਆਫ ਇਨਫੋਰਸਮੈਂਟ ਜਲੰਧਰ ਨੇ ਹਨੀ ਅਤੇ ਲਵੀ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ | ਈ ਡੀ ਨੇ ਫਿਰ ਵੱਖ-ਵੱਖ ਫਰਜ਼ੀ ਦਸਤਾਵੇਜ਼, ਡਿਜੀਟਲ ਉਪਕਰਣ ਅਤੇ ਮਲਿਕਪੁਰ ਰੇਤ ਮਾਇਨਿੰਗ ਸਾਈਟ ‘ਤੇ ਗੈਰ-ਕਾਨੂੰਨੀ ਰੇਤ ਮਾਇਨਿੰਗ ਗਤੀਵਿਧੀਆਂ ਜ਼ਰੀਏ ਕਮਾਏ 9.97 ਕਰੋੜ ਰੁਪਏ ਵੀ ਬਰਾਮਦ ਕੀਤੇ ਸਨ |
ਪੰਜਾਬ ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਈ ਡੀ ਦੇ ਪੱਤਰ ਤੋਂ ਬਾਅਦ ਐੱਸ ਅੱੈਸ ਪੀ ਮੁਹਾਲੀ ਨੇ ਇਸ ਮਾਮਲੇ ਵਿਚ ਅਗਲੇਰੀ ਜਾਂਚ ਲਈ ਐੱਸ ਪੀ ਇਨਵੈਸਟੀਗੇਸ਼ਨ ਦੀ ਨਿਗਰਾਨੀ ਹੇਠ ਤੁਰੰਤ ਇੱਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਸੀ | ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ ਸਿਟ ਨੇ ਪਾਇਆ ਕਿ ਦੋਵੇਂ ਮੁਲਜ਼ਮਾਂ ਨੇ ਰਾਜ ਪੱਧਰੀ ਵਾਤਾਵਰਣ ਅਥਾਰਟੀ ਪੰਜਾਬ ਦੁਆਰਾ ਜਾਰੀ ਵਾਤਾਵਰਣ ਕਲੀਅਰੈਂਸ ਦੇ ਪ੍ਰਬੰਧਾਂ ਦੀ ਉਲੰਘਣਾ ਕਰਦਿਆਂ ਉਸ ਖੇਤਰ ਵਿਚ ਭਾਰੀ ਮਸ਼ੀਨਰੀ ਦੀ ਵਰਤੋਂ ਕਰਕੇ ਗੈਰ-ਕਾਨੂੰਨੀ ਮਾਇਨਿੰਗ ਕੀਤੀ ਸੀ | ਬੁਲਾਰੇ ਨੇ ਅੱਗੇ ਕਿਹਾ ਕਿ ਮੁਲਜ਼ਮਾਂ ਵੱਲੋਂ 73 ਜਾਲ੍ਹੀ ਵੇਟਮੈਂਟ ਸਲਿੱਪਾਂ (ਮਿਤੀ 10.11.2017) ਦੀ ਵੀ ਵਰਤੋਂ ਕੀਤੀ ਪਾਈ ਗਈ, ਜੋ ਈ ਡੀ ਨੇ ਛਾਪੇਮਾਰੀ ਦੌਰਾਨ ਬਰਾਮਦ ਕੀਤੀਆਂ |