ਚੰਡੀਗੜ੍ਹ (ਗੁਰਜੀਤ ਬਿੱਲਾ, ਕਿ੍ਰਸ਼ਨ ਗਰਗ)
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ‘ਮਿਸ਼ਨ ਰੋਜ਼ਗਾਰ’ ਨੂੰ ਜਾਰੀ ਰੱਖਦੇ ਹੋਏ ਸੋਮਵਾਰ ਵੱਖ-ਵੱਖ ਵਿਭਾਗਾਂ ਵਿੱਚ ਨਵੇਂ ਭਰਤੀ ਹੋਏ 457 ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਭਰਤੀ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਗਠਨ ਤੋਂ ਲੈ ਕੇ ਹੁਣ ਤੱਕ 40,000 ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਕੇ ਇਨ੍ਹਾਂ ਦੇ ਪਰਵਾਰਾਂ ਦੇ ਜੀਵਨ ਨੂੰ ਰੁਸ਼ਨਾਇਆ ਗਿਆ ਹੈ।
ਮਿਊਂਸਪਲ ਭਵਨ ਵਿਖੇ ਨਿਯੁਕਤੀ ਪੱਤਰ ਵੰਡਣ ਮੌਕੇ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਸੂਬੇ ਦੇ ਸਮਾਜਿਕ-ਆਰਥਿਕ ਵਿਕਾਸ ਦਾ ਅਨਿੱਖੜਵਾਂ ਅੰਗ ਬਣਾਉਣ ਲਈ ਵੱਡੇ ਉਪਰਾਲੇ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਨਵੇਂ ਭਰਤੀ ਕੀਤੇ ਉਮੀਦਵਾਰਾਂ ਵਿੱਚ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿੱਚ 20 ਜੂਨੀਅਰ ਡਰਾਫਟਮੈਨ, ਪਸ਼ੂ ਪਾਲਣ ਵਿਭਾਗ ਵਿੱਚ ਡੇਅਰੀ ਵਿਕਾਸ ਅਫਸਰ, ਕਲਰਕ, ਇੰਕੂਬੇਟਰ ਅਪਰੇਟਰ ਅਤੇ ਮਸ਼ੀਨ ਅਪਰੇਟਰਾਂ ਸਣੇ 32 ਮੁਲਾਜ਼ਮ, ਯੁਵਕ ਸੇਵਾਵਾਂ ਵਿਭਾਗ ਵਿੱਚ ਛੇ ਸਟੈਨੋ-ਟਾਈਪਿਸਟ, ਕਰ ਤੇ ਆਬਕਾਰੀ ਵਿਭਾਗ ਵਿੱਚ ਕਲਰਕ ਲੀਗਲ, ਅਕਾਊਂਟਸ ਅਤੇ ਆਈ.ਟੀ. ਸਣੇ 129 ਮੁਲਾਜ਼ਮ, ਖੁਰਾਕ ਤੇ ਸਿਵਲ ਸਪਲਾਈਜ਼ ਮਾਮਲਿਆਂ ਵਿੱਚ 8 ਸਟੈਨੋ-ਟਾਈਪਿਸਟ, ਸੂਚਨਾ ਤੇ ਲੋਕ ਸੰਪਰਕ ਵਿਭਾਗ ਵਿੱਚ ਇਕ ਕਲਰਕ, ਵਿੱਤ ਵਿਭਾਗ ਵਿੱਚ ਕਲਰਕ, ਸਟੈਨੋ ਟਾਈਪਿਸਟ ਤੇ ਸੈਕਸ਼ਨ ਅਫਸਰਾਂ ਸਣੇ 36 ਮੁਲਾਜ਼ਮ, ਲੋਕ ਨਿਰਮਾਣ ਵਿਭਾਗ ਵਿੱਚ 24 ਜੂਨੀਅਰ ਡਰਾਫਟਮੈਨ, ਮਕਾਨ ਤੇ ਸ਼ਹਿਰੀ ਵਿਕਾਸ ਵਿੱਚ 41 ਕਲਰਕ, ਜਲ ਸਰੋਤ ਵਿਭਾਗ ਵਿੱਚ 79 ਸਟੈਨੋ-ਟਾਈਪਿਸਟ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਿੱਚ ਸਟਾਫ ਨਰਸ, ਕਲਰਕ ਅਤੇ ਚੌਥਾ ਦਰਜਾ ਸਮੇਤ 9 ਮੁਲਾਜ਼ਮ, ਪਾਵਰਕਾਮ ਵਿੱਚ ਅਸਿਸਟੈਂਟ ਇੰਜੀਨੀਅਰ, ਅਸਿਸਟੈਂਟ ਮੈਨੇਜਰ ਅਤੇ ਕਲਰਕ ਸਮੇਤ 65 ਮੁਲਾਜ਼ਮ ਅਤੇ ਮੈਡੀਕਲ ਸਿੱਖਿਆ ਤੇ ਹੋਰ ਵਿਭਾਗਾਂ ਵਿੱਚ ਪ੍ਰੋਫੈਸਰ, ਐਸੋਸੀਏਟ ਪ੍ਰੋਫੈਸਰ ਅਤੇ ਅਸਿਸਟੈਂਟ ਪ੍ਰੋਫੈਸਰ ਸਣੇ 7 ਮੁਲਾਜ਼ਮ ਸ਼ਾਮਲ ਸਨ।
ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੂੰ ਵੇਲਾ ਵਿਹਾਅ ਚੁੱਕਾ ਸਿਆਸਤਦਾਨ ਦੱਸਦਿਆਂ ਕਿਹਾ ਕਿ ਇਹ ਆਗੂ ਜਿਹੜੀ ਵੀ ਪਾਰਟੀ ਵਿੱਚ ਜਾਂਦਾ ਹੈ, ਉਸ ਪਾਰਟੀ ਲਈ ਬੋਝ ਬਣ ਜਾਂਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਬਿਜਲੀ ਬਾਰੇ ਸਿੱਧੂ ਹੁਣ ਤਾਂ ਵੱਡੇ-ਵੱਡੇ ਦਾਅਵੇ ਕਰ ਰਹੇ ਹਨ, ਪਰ ਉਹ ਖੁਦ ਮੰਤਰੀ ਹੁੰਦਿਆਂ ਬਿਜਲੀ ਮਹਿਕਮਾ ਲੈਣ ਤੋਂ ਭੱਜ ਗਏ ਹਨ। ਉਨ੍ਹਾਂ ਕਿਹਾ ਕਿ ਇਹ ਆਗੂ ਘੜੀ-ਮੁੜੀ ਆਪਣੀ ਵਫ਼ਾਦਾਰੀ ਬਦਲ ਲੈਂਦਾ ਹੈ, ਜਿਸ ਕਾਰਨ ਲੋਕਾਂ ਦਾ ਉਸ ’ਤੇ ਕੋਈ ਭਰੋਸਾ ਨਹੀਂ ਰਿਹਾ। ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ, ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਸਮੇਤ ਹੋਰ ਹਾਜ਼ਰ ਸਨ।





