ਮੁਹਾਲੀ : ਫਾਇਰਿੰਗ ਤੋਂ ਪਹਿਲਾਂ ਰੈਸਟੋਰੈਂਟ ਵਿੱਚੋਂ ਨਿਕਲ ਆਉਣ ਕਰਕੇ ਗੀਤਕਾਰ ਤੇ ਮਿਊਜ਼ਿਕ ਕੰਪੋਜ਼ਰ ਬੰਟੀ ਬੈਂਸ ਮੰਗਲਵਾਰ ਬਚ ਗਿਆ। ਬੰਟੀ ਸੈਕਟਰ-79 ਦੇ ਕਤਾਨੀ ਪ੍ਰੀਮੀਅਮ ਰੈਸਟੋਰੈਂਟ ’ਚ ਪਰਵਾਰ ਨਾਲ ਖਾਣਾ ਖਾਣ ਆਇਆ ਸੀ। ਬੰਟੀ ਵੱਲੋਂ ਇਸ ਮੌਕੇ ਦੀ ਫੋਟੋ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਨ ਤੋਂ ਅੱਧੇ ਘੰਟੇ ਬਾਅਦ ਅਣਪਛਾਤਿਆਂ ਨੇ ਫਾਇਰਿੰਗ ਕਰ ਦਿੱਤੀ। ਖੁਸ਼ਕਿਸਮਤੀ ਨਾਲ ਬੰਟੀ ਤੇ ਹੋਰ ਜਾ ਚੁੱਕੇ ਸਨ। ਬੰਟੀ ਸਿੱਧੂ ਮੂਸੇਵਾਲਾ ਦਾ ਮੈਨੇਜਰ ਰਹਿ ਚੁੱਕਾ ਹੈ। ਬੰਟੀ ਬੈਂਸ ਨੇ ਇਕ ਹਿੰਦੀ ਨਿਊਜ਼ ਚੈਨਲ ਨੂੰ ਦੱਸਿਆ ਕਿ ਫਾਇਰਿੰਗ ਤੋਂ ਬਾਅਦ ਉਸ ਨੂੰ ਧਮਕੀ ਭਰੀ ਕਾਲ ਆਈ, ਜਿਸ ’ਚ 1 ਕਰੋੜ ਰੁਪਏ ਦੀ ਮੰਗ ਕੀਤੀ ਗਈ। ਕਾਲ ਮੋਸਟ ਵਾਂਟੇਡ ਗੈਂਗਸਟਰ ਲੱਕੀ ਪਟਿਆਲ ਦੇ ਨਾਂਅ ’ਤੇ ਕੀਤੀ ਗਈ। ਲੱਕੀ ਪਟਿਆਲ ਕੈਨੇਡਾ ਰਹਿੰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਲਾਰੈਂਸ ਬਿਸ਼ਨੋਈ ਦਾ ਵਿਰੋਧੀ ਹੈ ਤੇ ਬੰਬੀਹਾ ਗੈਂਗ ਦੀ ਅਗਵਾਈ ਕਰ ਰਿਹਾ ਹੈ।