ਸ੍ਰੀਨਗਰ : ਗੁਲਮਰਗ ਦੇ ਮਸ਼ਹੂਰ ਸਕੀ ਰਿਜ਼ਾਰਟ, ਸੋਨਮਰਗ ਤੇ ਪਹਿਲਗਾਮ ਦੇ ਸੈਰ-ਸਪਾਟੇ ਵਾਲੇ ਰਿਜ਼ਾਰਟ ਅਤੇ ਕੋਕਰਨਾਗ ਸਮੇਤ ਕਸ਼ਮੀਰ ਦੇ ਮੱਧ ਅਤੇ ਉੱਚੇ ਖੇਤਰਾਂ ’ਚ ਬਰਫਬਾਰੀ ਜਾਰੀ ਸੀ। ਸ੍ਰੀਨਗਰ ਸਮੇਤ ਘਾਟੀ ਦੇ ਮੈਦਾਨੀ ਇਲਾਕਿਆਂ ’ਚ ਬਾਰਸ਼ ਹੋਈ।
ਐੱਨ ਆਈ ਏ ਵੱਲੋਂ ਪੰਜਾਬ ’ਚ 14 ਟਿਕਾਣਿਆਂ ’ਤੇ ਛਾਪੇ
ਨਵੀਂ ਦਿੱਲੀ : ਕੌਮੀ ਜਾਂਚ ਏਜੰਸੀ (ਐੱਨ ਆਈ ਏ) ਨੇ ਖਾਲਿਸਤਾਨੀਆਂ ਅਤੇ ਸੰਗਠਤ ਅਪਰਾਧੀਆਂ ਦੇ ਗਠਜੋੜ ਖਿਲਾਫ ਚੱਲ ਰਹੀ ਆਪਣੀ ਜਾਂਚ ਤਹਿਤ ਪੰਜਾਬ ਅਤੇ ਰਾਜਸਥਾਨ ਦੇ 16 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ। ਛੇ ਵਿਅਕਤੀਆਂ ਨੂੰ ਪੁੱਛ-ਪੜਤਾਲ ਲਈ ਹਿਰਾਸਤ ’ਚ ਲਿਆ। ਪੰਜਾਬ ’ਚ 14 ਅਤੇ ਰਾਜਸਥਾਨ ’ਚ ਦੋ ਥਾਈਂ ਛਾਪੇ ਮਾਰੇ ਗਏ। ਬਠਿੰਡਾ ਜ਼ਿਲ੍ਹੇ ਦੇ ਪਿੰਡ ਡੂਮਵਾਲੀ ਵਿਖੇ ‘ਆਪ’ ਦੇ ਬਲਾਕ ਪ੍ਰਧਾਨ ਅਤੇ ਸੁਪਰਬ ਮੈਰਿਜ ਪੈਲਸ ਦੇ ਮਾਲਕ ਗੁਰਵਿੰਦਰ ਸਿੰਘ ਸਿੱਧੂ ਦੇ ਘਰ ਛਾਪਾ ਮਾਰ ਕੇ ਕਰੀਬ ਦੋ ਘੰਟੇ ਜਾਂਚ ਕੀਤੀ ਗਈ। ‘ਆਪ’ ਆਗੂ ਨੇ ਦੱਸਿਆ ਕਿ ਜਾਂਦੇ ਸਮੇਂ ਟੀਮ ਅਧਿਕਾਰੀਆਂ ਨੇ ਕਿਹਾ ਕਿ ਉਹ ਕੁਝ ਇਤਰਾਜ਼ਯੋਗ ਮਿਲਣ ਦੀ ਸੂਚਨਾ ਦੇ ਆਧਾਰ ’ਤੇ ਪੁੱਜੇ ਸਨ। ਇਸ ਤੋਂ ਇਲਾਵਾ ਪਿੰਡ ਪਥਰਾਲਾ ਵਿਖੇ ਵੀ ਕਾਰ ਡੀਲਰ ਦੇ ਘਰ ਛਾਪੇਮਾਰੀ ਕੀਤੀ ਗਈ। ਮੁੱਢਲੀ ਜਾਣਕਾਰੀ ਮੁਤਾਬਕ ਟੀਮ ਨੂੰ ਦੋਵਾਂ ਘਰਾਂ ਵਿਚ ਕੋਈ ਇਤਰਾਜ਼ਯੋਗ ਨਹੀਂ ਮਿਲਿਆ।