35.2 C
Jalandhar
Friday, October 18, 2024
spot_img

ਸਮਰਾ ਰੋਡਵੇਜ਼ ਕਾਮਿਆਂ ਹੀ ਨਹੀਂ, ਸਗੋਂ ਸਮੁੱਚੀ ਮਜ਼ਦੂਰ ਜਮਾਤ ਦੇ ਆਗੂ ਸਨ

ਜਲੰਧਰ (ਰਾਜੇਸ਼ ਥਾਪਾ)
ਪੰਜਾਬ ਗੌਰਮਿੰਟ ਟ੍ਰਾਂਸਪੋਰਟ ਵਰਕਰਜ਼ ਯੂਨੀਅਨ (ਏਟਕ) ਦੇ ਬਾਨੀ ਕਾਮਰੇਡ ਜਸਵੰਤ ਸਿੰਘ ਸਮਰਾ ਦੀ 20 ਵੀਂ ਬਰਸੀ ਜਸਵੰਤ ਸਿੰਘ ਸਮਰਾ ਹਾਲ ਦੇ ਵਿਹੜੇ ਵਿੱਚ ਇਨਕਲਾਬੀ ਜੋਸ਼ੋ-ਖਰੋਸ਼ ਨਾਲ ਮਨਾਈ ਗਈ।ਇਸ ਮੌਕੇ ਉਚੇਚੇ ਤੌਰ ’ਤੇ ਪਹੁੰਚੇ ਕਾਮਰੇਡ ਜਗਰੂਪ ਨੇ ਕਾਮਰੇਡ ਜਸਵੰਤ ਸਿੰਘ ਸਮਰਾ ਨਾਲ ਬਿਤਾਏ ਇਤਿਹਾਸਕ ਪਲਾਂ ਨੂੰ ਯਾਦ ਕਰਦਿਆਂ ਕਿਹਾ ਕਿ ਕਾਮਰੇਡ ਸਮਰਾ ਸਿਰਫ ਪੰਜਾਬ ਰੋਡਵੇਜ਼ ਦੇ ਆਗੂ ਹੀ ਨਹੀਂ, ਸਗੋਂ ਸਮੁੱਚੀ ਮਜ਼ਦੂਰ ਜਮਾਤ ਦੇ ਵੀ ਲੀਡਰ ਸਨ? ਕਾਮਰੇਡ ਸਮਰਾ ਅਤੇ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਦੀ ਜੋੜੀ ਨੇ ਅਨੇਕਾਂ ਪ੍ਰਾਪਤੀਆਂ ਮਜ਼ਦੂਰ ਜਮਾਤ ਦੀ ਝੋਲੀ ਵਿੱਚ ਪਾਈਆਂ। ਅਜਿਹੇ ਸੂਝਵਾਨ ਲੀਡਰਾਂ ਦੀ ਅਣਹੋਂਦ ਸਦਕਾ ਅੱਜ ਮਜ਼ਦੂਰ, ਮੁਲਾਜ਼ਮਾਂ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨ ਪੈ ਰਿਹਾ ਹੈ।ਦੇਸ਼ ਦੇ ਲੋਕ ਹਰ ਇਲੈਕਸ਼ਨ ਤੋਂ ਬਾਅਦ ਆਪਣੇ-ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੇ ਹਨ।ਕਾਮਰੇਡ ਜਗਰੂਪ ਨੇ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦਿਆਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਨੂੰ ਕਿਸਾਨਾਂ ਦੀਆਂ ਮੰਨੀਆਂ ਮੰਗਾਂ ਤੁਰੰਤ ਲਾਗੂ ਕਰਨੀਆਂ ਚਾਹੀਦੀਆਂ ਹਨ। ਇਸ ਮੌਕੇ ਉਨ੍ਹਾ ਭਾਰਤ ਦੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਆਉਣ ਵਾਲੀਆਂ ਚੋਣਾਂ ਦੀ ਪ੍ਰਕਿਰਿਆ ਬੈਲਟ ਪੇਪਰ ਰਾਹੀਂ ਕਰਵਾਈ ਜਾਵੇ, ਤਾਂ ਕਿ ਪਬਲਿਕ ਵਿੱਚ ਈ ਵੀ ਐੱਮ ਪ੍ਰਤੀ ਪਾਏ ਜਾ ਰਹੇ ਸ਼ੰਕੇ ਦੂਰ ਕੀਤੇ ਜਾ ਸਕਣ।ਉਨ੍ਹਾ ਕਿਹਾ ਕਿ ਅੱਜ ਦੇਸ਼ ਅੰਦਰ ਮਹਿੰਗਾਈ, ਬੇਰੁਜ਼ਗਾਰੀ ਛੜੱਪੇ ਮਾਰ ਕੇ ਵਧ ਰਹੀ ਹੈ।ਬੇਰੁਜ਼ਗਾਰੀ ਦੀ ਮਾਰ ਝੱਲਦਿਆਂ ਨੌਜਵਾਨੀ ਵਿਦੇਸ਼ਾਂ ਵੱਲ ਕੂਚ ਕਰ ਰਹੀ ਹੈ। ਦੇਸ਼ ਅੰਦਰ ਕੰਮ ਕਰਦੀਆਂ ਸੰਸਥਾਵਾਂ ਤੋਂ ਮਨਮਰਜ਼ੀ ਦੇ ਫ਼ੈਸਲੇ ਕਰਵਾਏ ਜਾ ਰਹੇ ਹਨ। ਵਿਰੋਧੀ ਪਾਰਟੀਆਂ ਨੂੰ ਈ ਡੀ ਅਤੇ ਸੀ ਬੀ ਆਈ ਦੀ ਦੁਰਵਰਤੋਂ ਕਰਦਿਆਂ ਮਜਬੂਰੀਵੱਸ ਭਾਜਪਾ ’ਚ ਸ਼ਾਮਲ ਕਰ ਕੇ ਸੂਬਿਆਂ ਅੰਦਰ ਧੱਕੇ ਨਾਲ ਆਪਣਾ ਰਾਜ ਸਥਾਪਤ ਕੀਤਾ ਜਾ ਰਿਹਾ ਹੈ।ਦੇਸ਼ ਅੰਦਰ ਧਰਮ ਅਤੇ ਜਾਤ-ਪਾਤ ਨੂੰ ਬੜਾਵਾ ਦੇ ਕੇ ਵੋਟਾਂ ਬਟੋਰਨ ਦੇ ਕੋਝੇ ਯਤਨ ਕੀਤੇ ਜਾਂਦੇ ਹਨ। ਲੋਕਾਂ ਦਾ ਅਸਲੀ ਮੁੱਦਿਆਂ ਤੋਂ ਧਿਆਨ ਭਟਕਾ ਕੇ ਕਿਹਾ ਜਾ ਰਿਹਾ ਕਿ ਰਾਮ ਮੰਦਰ ਦਾ ਨਿਰਮਾਣ ਹੀ ਸਾਰੇ ਮਸਲਿਆਂ ਦਾ ਹੱਲ ਹੈ ਤੇ ਇਸ ਨੂੰ ਪ੍ਰਚਾਰਿਆ ਜਾ ਰਿਹਾ ਹੈ, ਪਰ ਹੁਣ ਲੋਕ ਆਪਣੀ ਸਮਝ ਤੋਂ ਕੰਮ ਲੈਂਦਿਆਂ ਅਜਿਹੇ ਝੂਠੇ ਪ੍ਰਚਾਰ ਵਿੱਚ ਨਹੀਂ ਆਉਣਗੇ। ਪੰਜਾਬ ਏਟਕ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਅਤੇ ਗੁਰਦੀਪ ਸਿੰਘ ਮੋਤੀ ਨੇ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਦਲਾਲ ਸਾਬਤ ਹੋਈ ਹੈ।ਕਾਰਪੋਰੇਟ ਘਰਾਣਿਆਂ ਦੇ ਇਸ਼ਾਰੇ ’ਤੇ 44 ਕੇਂਦਰੀ ਲੇਬਰ ਕਾਨੂੰਨ ਤੋੜ ਕੇ 4 ਲੇਬਰ ਕੋਡ ਬਣਾ ਕੇ ਕਿਰਤੀਆਂ ਦੇ ਕਾਨੂੰਨੀ ਹੱਕ ਖੋਹ ਲਏ ਹਨ। ਮੋਦੀ ਸਰਕਾਰ ਦੀਆਂ ਨੀਤੀਆਂ ਦੇ ਚੱਲਦਿਆਂ ਮਾਨ ਸਰਕਾਰ ਵੀ ਮੁਲਾਜ਼ਮਾਂ, ਮਜ਼ਦੂਰਾਂ ਨਾਲ ਚੋਣਾਂ ਸਮੇਂ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ। ਕੰਟਰੈਕਟ, ਆਊਟਸੋਰਸ ਕਾਮਿਆਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ, 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਤੋਂ ਵੀ ਸਰਕਾਰ ਮੁਨਕਰ ਹੈ। ਉਨ੍ਹਾਂ ਕਿਹਾ ਕਿ ਪੇ-ਕਮਿਸ਼ਨ ਦਾ ਬਕਾਇਆ, ਡੀ ਏ ਦੀਆਂ ਕਿਸ਼ਤਾਂ ਸਰਕਾਰ ਦੇ ਏਜੰਡੇ ਵਿੱਚ ਹੀ ਨਹੀਂ ਹਨ। ਬਿਜਲੀ ਬੋਰਡ ਅਤੇ ਟਰਾਂਸਪੋਰਟ ਵਿਭਾਗ ਦਾ ਸਰਕਾਰ ਨੇ ਵੋਟਾਂ ਦੀ ਰਾਜਨੀਤੀ ਤਹਿਤ ਫ੍ਰੀ ਕਰਕੇ ਜਲੂਸ ਕੱਢ ਦਿੱਤਾ ਹੈ। ਮੁਲਾਜ਼ਮ ਅਤੇ ਪੈਨਸ਼ਨਰਜ਼ ਆਪਣੀਆਂ ਤਨਖਾਹਾਂ ਅਤੇ ਪੈਨਸ਼ਨਾਂ ਵੀ ਸੰਘਰਸ਼ ਕਰਕੇ ਪ੍ਰਾਪਤ ਕਰ ਰਹੇ ਹਨ। ਬਰਸੀ ਸਮਾਗਮ ਵਿੱਚ ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਦੇ ਜਨਰਲ ਸਕੱਤਰ ਜਗਦੀਸ਼ ਸਿੰਘ ਚਾਹਲ, ਪ੍ਰਧਾਨ ਗੁਰਜੀਤ ਸਿੰਘ ਘੋੜੇਵਾਹਾ, ਸਾਬਕਾ ਸੀ ਪੀ ਆਈ ਸਕੱਤਰ ਜਲੰਧਰ ਐਡਵੋਕੇਟ ਰਾਜਿੰਦਰ ਮੰਡ, ਆਲ ਇੰਡੀਆ ਯੂਥ ਫੈਡਰੇਸ਼ਨ ਦੇ ਪ੍ਰਧਾਨ ਸੁਖਜਿੰਦਰ ਮਹੇਸਰੀ, ਪੈਨਸ਼ਨਰਜ਼ ਯੂਨੀਅਨ ਦੇ ਪ੍ਰਧਾਨ ਗੁਰਮੇਲ ਸਿੰਘ ਮੈਲਡੇ, ਜਨਰਲ ਸਕੱਤਰ ਅਵਤਾਰ ਸਿੰਘ ਗਗੜਾ, ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਭੁੰਗਰਨੀ, ਅਵਤਾਰ ਸਿੰਘ ਤਾਰੀ, ਐੱਨ ਆਰ ਆਈ ਕਿ੍ਰਪਾਲ ਸਿੰਘ ਜੌਹਲ, ਅਵਤਾਰ ਸਿੰਘ ਵਿਰਕ, ਦਿਲਵੀਰ ਸਿੰਘ ਸੰਧੂ, ਸੁਜਾਨ ਸਿੰਘ ਜਸਵਾਲ, ਰਛਪਾਲ ਕੈਲੇ, ਸਤਿਆਪਾਲ ਗੁਪਤਾ, ਬਲਵਿੰਦਰ ਸਿੰਘ ਸੰਧੂ ਅਤੇ 16 ਜ਼ਿਲ੍ਹਿਆਂ ਦੇ ਪ੍ਰਧਾਨ ਅਤੇ ਸਕੱਤਰ ਸਾਥੀਆਂ ਸਮੇਤ ਸ਼ਾਮਲ ਹੋਏ। ਇਸ ਮੌਕੇ 4 ਮਾਰਚ ਦੀ ਚੰਡੀਗੜ੍ਹ ਵਿਖੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਸੰਬੰਧੀ ਹੋ ਰਹੀ ਰੈਲੀ ਵਿਚ ਹੁੰਮਹੁਮਾ ਕੇ ਪਹੁੰਚਣ ਦਾ ਸੱਦਾ ਵੀ ਦਿੱਤਾ ਗਿਆ।

Related Articles

LEAVE A REPLY

Please enter your comment!
Please enter your name here

Latest Articles