35.2 C
Jalandhar
Friday, October 18, 2024
spot_img

ਗਦਰੀ ਬਾਬਿਆਂ ਦੀ ਸੋਚ ਵਾਲਾ ਸਮਾਜ ਸਿਰਜਣ ਲਈ ਲੋਕਾਂ ਨੂੰ ਜਥੇਬੰਦ ਕਰਨ ਦਾ ਸੱਦਾ

ਖਡੂਰ ਸਾਹਿਬ : ਗ਼ਦਰੀ ਦੇਸ਼ ਭਗਤ ਬਾਬਾ ਸ਼ੇਰ ਸਿੰਘ ਵੇਈਂਪੂਈਂ ਦੀ ਸਾਲਾਨਾ ਬਰਸੀ ’ਤੇ ਉਨ੍ਹਾ ਦੇ ਪਿੰਡ ਵਿਖੇ ਸੀ ਪੀ ਆਈ ਵੱਲੋਂ ਪਿੰਡ ਦੀ ਪੰਚਾਇਤ ਦੇ ਸਰਪੰਚ ਬਲਜੀਤ ਸਿੰਘ, ਹਰਜਿੰਦਰ ਸਿੰਘ ਰਾਜਨ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇੰਦਰਜੀਤ ਰੂਪੋਵਾਲੀ ਵੱਲੋਂ ਨਾਟਕ ਤੇ ਕੋਰੀਓਗਰਾਫੀਆਂ ਪੇਸ਼ ਕੀਤੀਆਂ ਗਈਆਂ । ਪ੍ਰਧਾਨਗੀ ਬਾਬਾ ਸ਼ੇਰ ਸਿੰਘ ਦੇ ਦੋਹਤੇ ਮਨਿੰਦਰ ਸਿੰਘ ਉਰਫ਼ ਮੰਨਾ, ਭਗਵੰਤ ਸਿੰਘ ਤੇ ਬੀਬੀ ਸੰਤੋਖ ਕੌਰ ਵੇਈਂਪੂਈਂ, ਬਲਰਾਜ ਉਰਫ ਮੰਗਾ ਤੇ ਦਰਸ਼ਨ ਸਿੰਘ ਬਿਹਾਰੀਪੁਰ ਨੇ ਕੀਤੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਕਿਹਾ ਕਿ ਗ਼ਦਰੀ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਦੀ ਬਦੌਲਤ ਹੀ ਹਿੰਦੁਸਤਾਨ ਆਜ਼ਾਦ ਹੋਇਆ, ਪਰ ਇਹ ਹਾਲੇ ਅਧੂਰੀ ਆਜ਼ਾਦੀ ਹੈ। ਅਸਲੀ ਆਜ਼ਾਦੀ ਉਹ ਹੁੰਦੀ ਹੈ, ਜਿੱਥੇ ਹਰ ਇਨਸਾਨ ਖੁਸ਼ਹਾਲ ਤੇ ਸੁੱਖੀ ਹੋਵੇ। ਹਰ ਵਿਅਕਤੀ ਕੋਲ ਰੁਜ਼ਗਾਰ ਹੋਵੇ। ਹਰੇਕ ਬੱਚੇ ਨੂੰ ਵਿਦਿਆ ਮਿਲੇ। ਹਰੇਕ ਦੇ ਰਹਿਣ ਲਈ ਘਰ ਹੋਣ ਅਤੇ ਹਰੇਕ ਮਨੁੱਖ ਨੂੰ ਸਿਹਤ ਸਹੂਲਤ ਮਿਲਦੀ ਹੋਵੇ, ਪਰ ਆਪਾਂ ਜਾਣਦੇ ਹਾਂ ਕਿ ਬੇਰੁਜ਼ਗਾਰੀ ਦੇ ਸਿਤਾਏ ਨੌਜਵਾਨਾਂ ਨੂੰ ਮਾਂ-ਬਾਪ ਆਪਣੀ ਜਾਇਦਾਦ ਵੇਚ ਕੇ ਵਿਦੇਸ਼ਾਂ ਵਿੱਚ ਕਿਰਤ ਕਰਨ ਲਈ ਭੇਜਣ ਵਾਸਤੇ ਮਜਬੂਰ ਹੈ। ਭਾਰਤ ਦੀ 80 ਫੀਸਦੀ ਵਸੋਂ ਨਾਮਾਤਰ ਹੀ ਪੜ੍ਹੀ ਹੈ। ਸਾਡੀਆਂ ਸਰਕਾਰਾਂ ਜਿਹੜੇ ਵਿਅਕਤੀ ਵਿੰਗੇ-ਟੇਡੇ ਦਸਤਖ਼ਤ ਕਰਨਾ ਜਾਣਦੇ ਹਨ, ਉਸ ਨੂੰ ਸਾਖਰ ਗਿਣਦੀਆਂ ਹਨ। ਛੱਤ ਤੋਂ ਬਗੈਰ ਸੌਣ ਵਾਲੇ ਕਰੋੜਾਂ ਦੀ ਗਿਣਤੀ ਵਿੱਚ ਹਨ, ਜੋ ਪੁਲਾਂ ਥੱਲੇ ਰਾਤਾਂ ਗੁਜ਼ਾਰਦੇ ਹਨ। ਸਿਹਤ ਦੇ ਇਲਾਜ ਪੱਖੋਂ ਗਰੀਬ ਲੋਕ ਮਰ ਰਹੇ ਹਨ। ਇਸ ਲਈ ਖੁਸ਼ਹਾਲ ਸਮਾਜ ਬਣਾਉਣ ਵਾਸਤੇ ਉਕਤ ਜ਼ਰੂਰਤਾਂ ਦੀ ਪੂਰਤੀ ਲਈ ਕਮਿਊਨਿਸਟ ਆਵਾਮ ਨੂੰ ਜਥੇਬੰਦ ਕਰਨ, ਤਾਂ ਹੀ ਗ਼ਦਰੀ ਬਾਬਿਆਂ ਦੀ ਸੋਚ ਦਾ ਸਮਾਜ ਸਿਰਜਿਆ ਜਾ ਸਕਦਾ ਹੈ। ਬਰਾੜ ਨੇ ਕਿਹਾ ਕਿ ਪਾਰਲੀਮੈਂਟ ਦੀਆਂ ਚੋਣਾਂ ਸਿਰ ’ਤੇ ਹਨ ਤੇ ਭਾਜਪਾ ਦੀ ਫਿਰਕੂ ਸੋਚ ਦਾ ਮੁਕਾਬਲਾ ਕਰਨ ਲਈ ‘ਇੰਡੀਆ’ ਗੱਠਜੋੜ ਬਣਿਆ ਹੈ ਤੇ ਸਾਰੇ ਦੇਸ਼ ਵਿੱਚ ਗਠਜੋੜ ਐਡਜਸਟਮੈਂਟ ਕਰ ਰਿਹਾ ਹੈ। ਪੂਰਨ ਆਸ ਹੈ ਕਿ ਇਹ ਗਠਜੋੜ ਭਾਜਪਾ ਨੂੰ ਮਾਤ ਦੇ ਦੇਵੇਗਾ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ ਨੇ ਬਾਬਾ ਸ਼ੇਰ ਸਿੰਘ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਕਿਹਾ ਕਿ ਗ਼ਦਰੀ ਵਿਦੇਸ਼ਾਂ ’ਚੋਂ ਆਪਣੀ ਸੋਨੇ ਵਰਗੀ ਧਰਤੀ ਬਚਾਉਣ ਵਾਸਤੇ ਆਏ ਸਨ ਤੇ ਇਸ ਕਾਰਜ ਦੀ ਪੂਰਤੀ ਲਈ ਉਨ੍ਹਾਂ ਸਾਰੀ ਉਮਰ ਜੇਲ੍ਹਾਂ ਵਿੱਚ ਗਾਲੀ। ਜਵਾਨੀ ’ਚ ਉਹ ਜੇਲ੍ਹਾਂ ਵਿੱਚ ਗਏ ਤੇ ਬਜ਼ੁਰਗ ਹੋ ਕੇ ਬਾਹਰ ਨਿਕਲੇ। ਹਿੰਦੁਸਤਾਨ ਦੀ ਵਸੋਂ ਨੇ ਉਨ੍ਹਾਂ ਨੂੰ ‘ਬਾਬੇ’ ਆਖ ਕੇ ਸਤਿਕਾਰ ਦਿੱਤਾ। ਅੱਜ ਭਾਵੇਂ ਰੋਟੀ-ਰੋਜ਼ੀ ਲਈ ਜਵਾਨੀ ਵਿਦੇਸ਼ਾਂ ਵਿੱਚ ਜਾ ਰਹੀ ਹੈ, ਪਰ ਹੁਣ ਮੋਦੀ ਦੀ ਹਕੂਮਤ ਨੇ ਸਾਡੀ ਸੋਨੇ ਵਰਗੀ ਧਰਤੀ ਨੂੰ ਹੜੱਪਣ ਵਾਸਤੇ ਕਾਰਪੋਰੇਟ ਘਰਾਣਿਆਂ ਨੂੰ ਖੁੱਲ੍ਹ ਦਿੱਤੀ ਹੋਈ ਤੇ ਕਿਸਾਨ ਸੰਘਰਸ਼ ਦੇ ਰਾਹ ਪਿਆ ਹੈ। ਵਿਦੇਸ਼ਾਂ ਵਿੱਚ ਕਿਰਤ ਕਰਦਿਆਂ ਹੋਇਆਂ ਗਦਰੀ ਬਾਬਿਆਂ ਦੀ ਤਰ੍ਹਾਂ ਇਸ ਧਰਤੀ ਨੂੰ ਬਚਾਉਣ ਦੀ ਜ਼ਿੰਮੇਵਾਰੀ ਵੀ ਜਵਾਨੀ ਦੀ ਹੈ ਤੇ ਉਹ ਖਾਸ ਧਿਆਨ ਦੇਵੇ।
ਪੰਜਾਬ ਇਸਤਰੀ ਸਭਾ ਦੀ ਜਨਰਲ ਸਕੱਤਰ ਨਰਿੰਦਰ ਕੌਰ ਸੋਹਲ ਨੇ ਕਿਹਾ ਕਿ ਗ਼ਦਰੀ ਦੇਸ਼ ਭਗਤ ਬਾਬਾ ਸ਼ੇਰ ਸਿੰਘ ਵੇਈਂਪੂਈਂ ਨੂੰ ਇਹ ਹੀ ਸੱਚੀ ਤੇ ਇਨਕਲਾਬੀ ਸ਼ਰਧਾਂਜਲੀ ਹੋ ਸਕਦੀ ਹੈ ਕਿ ਦੇਸ਼ ਦੀ ਅੱਧੀ ਵਸੋਂ ਔਰਤਾਂ ਨੂੰ ਵੀ ਗਦਰੀ ਬੀਬੀ ਗੁਲਾਬ ਕੌਰ ਦੀ ਤਰ੍ਹਾਂ ਮੈਦਾਨ ਵਿੱਚ ਉਤਾਰਿਆ ਜਾਵੇ। ਜੇ ਅੱਧੀ ਵਸੋਂ ਨੂੰ ਮਰਦ ਪ੍ਰਧਾਨ ਸਮਾਜ ਘਰ ਦੀ ਚਾਰਦੀਵਾਰੀ ਵਿੱਚ ਕੈਦ ਹੀ ਰੱਖੇਗਾ ਤਾਂ ਫਿਰ ਗਦਰੀ ਬਾਬਿਆਂ ਦੀ ਸੋਚ ਦਾ ਸਮਾਜ ਉਸਰ ਨਹੀਂ ਸਕੇਗਾ। ਇਸ ਲਈ ਔਰਤਾਂ ਨੂੰ ਪੰਜਾਬ ਇਸਤਰੀ ਸਭਾ ਨਾਲ ਜੋੜਿਆ ਜਾਵੇ।
ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ ਦੇ ਜ਼ਿਲ੍ਹਾ ਸਕੱਤਰ ਗੁਰਦਿਆਲ ਸਿੰਘ ਖਡੂਰ ਸਾਹਿਬ ਨੇ ਬਾਬਾ ਸ਼ੇਰ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਨਰੇਗਾ ਕਾਨੂੰਨ ਬੜੀ ਜੱਦੋਜਹਿਦ ਤੋਂ ਬਾਅਦ ਹੋਂਦ ਵਿੱਚ ਆਇਆ ਸੀ, ਪਰ ਸਮੇਂ ਦੇ ਹਾਕਮ ਇਸ ਕਾਨੂੰਨ ਨੂੰ ਖ਼ਤਮ ਕਰਨ ਦੇ ਰਾਹ ਤੁਰੇ ਹਨ। ਹਰ ਸਾਲ ਨਰੇਗਾ ਦਾ ਬਜਟ ਘਟਾਇਆ ਜਾ ਰਿਹਾ ਹੈ। ਅਫ਼ਸਰਸ਼ਾਹੀ ਪਾਰਦਰਸ਼ੀ ਢੰਗ ਨਾਲ ਇਸ ਕਾਨੂੰਨ ਨੂੰ ਲਾਗੂ ਨਹੀਂ ਕਰ ਰਹੀ। ਨਰੇਗਾ ਕਾਮਿਆਂ ਨੂੰ ਸਿਫਾਰਸ਼ਾਂ ਨਾਲ ਕੰਮ ਮਿਲਦਾ ਤੇ ਸਿਫਾਰਸ਼ਾਂ ਨਾਲ ਹੀ ਪੈਸੇ ਮਿਲਦੇ ਹਨ। ਅਜੋਕੀ ਪ੍ਰਸਥਿਤੀ ਇਹ ਹੈ ਕਿ ਨਵੰਬਰ 2023 ਤੋਂ ਕੀਤੇ ਹੋਏ ਕੰਮ ਦੇ ਪੈਸੇ ਹੀ ਨਹੀਂ ਆ ਰਹੇ।
ਆਲ ਇੰਡੀਆ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਬਲਕਾਰ ਸਿੰਘ ਵਲਟੋਹਾ ਨੇ ਕਿਹਾ ਕਿ ਜਿੰਨਾ ਚਿਰ ਤੱਕ ਮੋਦੀ ਸਰਕਾਰ ਫ਼ਸਲਾਂ ਖ਼ਰੀਦਣ ’ਤੇ ਐੱਮ ਐੱਸ ਪੀ ਲਾਗੂ ਨਹੀਂ ਕਰਦੀ, ਓਨਾ ਚਿਰ ਤੱਕ ਕਿਸਾਨਾਂ ਦਾ ਸੰਘਰਸ਼ ਸਿਰਫ਼ ਜਾਰੀ ਹੀ ਨਹੀਂ ਰਹੇਗਾ, ਸਗੋਂ ਹੋਰ ਤੇਜ਼ ਕੀਤਾ ਜਾਵੇਗਾ।
ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਗ਼ਦਰ ਪਾਰਟੀ ਦੀ ਸੋਚ ਇਹ ਸੀ ਕਿ ਹਿੰਦੁਸਤਾਨ ਨੂੰ ਅੰਗਰੇਜ਼ਾਂ ਤੋਂ ਮੁਕਤ ਕਰਾ ਕੇ ਹਰੇਕ ਵਿਅਕਤੀ ਨੂੰ ਰੁਜ਼ਗਾਰ ਦੇ ਕੇ ਖੁਸ਼ਹਾਲ ਕੀਤਾ ਜਾਵੇਗਾ, ਇਹੋ ਹੀ ਬਾਬਾ ਸ਼ੇਰ ਸਿੰਘ ਵੇਈਂਪੂਈਂ ਜੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਸਮਾਗਮ ਨੂੰ ਘੁੱਕ ਸਿੰਘ, ਮਾਸਟਰ ਹਰਪਾਲ ਸਿੰਘ ਵੇਈਂਪੂਈਂ, ਸੀ ਪੀ ਆਈ ਤਰਨ ਤਾਰਨ ਜ਼ਿਲ੍ਹੇ ਦੇ ਸਕੱਤਰ ਦਵਿੰਦਰ ਸੋਹਲ, ਸੀ ਪੀ ਆਈ ਦੇ ਸੂਬਾ ਕਮੇਟੀ ਮੈਂਬਰ ਮਹਿੰਦਰ ਪਾਲ ਸਿੰਘ ਮੁਹਾਲੀ, ਬਲਦੇਵ ਸਿੰਘ ਧੂੰਦਾ, ਬਲਜੀਤ ਸਿੰਘ ਫਤਿਆਬਾਦ, ਕਮਲਜੀਤ ਸਿੰਘ ਨਾਗੋਕੇ, ਗੁਰਚਰਨ ਸਿੰਘ ਕੰਡਾ ਤੇ ਕੁਲਵੰਤ ਕੌਰ ਵੇਈਂਪੂਈਂ ਨੇ ਵੀ ਸੰਬੋਧਨ ਕੀਤਾ। ਦੇਸ਼ ਭਗਤ ਕਮਿਊਨਿਸਟ ਸੰਤਾ ਸਿੰਘ ਦਾ ਪੜਪੋਤਾ ਪਾਲ ਸਿੰਘ ਤੇ ਪ੍ਰੋਫੈਸਰ ਗੁਰਦੀਪ ਸਿੰਘ ਦਾ ਪੋਤਰਾ ਆਕਾਸ਼ਦੀਪ ਸਿੰਘ ਵੀ ਸਮਾਗਮ ਵਿੱਚ ਪਹੁੰਚੇ।

Related Articles

LEAVE A REPLY

Please enter your comment!
Please enter your name here

Latest Articles