35.2 C
Jalandhar
Friday, October 18, 2024
spot_img

ਸੁੱਖੂ ਸਰਕਾਰ ਪਹਾੜ ਥੱਲੇ

ਸ਼ਿਮਲਾ : ਹਿਮਾਚਲ ਵਿਚ ਕਾਂਗਰਸ ਨੂੰ ਤਕੜਾ ਝਟਕਾ ਲੱਗਾ, ਜਦੋਂ ਉਹ ਮੰਗਲਵਾਰ 68 ਮੈਂਬਰੀ ਅਸੰਬਲੀ ਵਿਚ 40 ਵਿਧਾਇਕ ਹੋਣ ਦੇ ਬਾਵਜੂਦ ਆਪਣੇ ਉਮੀਦਵਾਰ ਅਭਿਸ਼ੇਕ ਮਨੂੰ ਸਿੰਘਵੀ ਨੂੰ ਰਾਜ ਸਭਾ ਦੀ ਚੋਣ ਨਹੀਂ ਜਿਤਾ ਸਕੀ। ਇਸ ਚੋਣ ਨੇ ਸੁਖਵਿੰਦਰ ਸਿੰਘ ਸੁੱਖੂ ਦੀ ਸਰਕਾਰ ਖਤਰੇ ਵਿਚ ਪਾ ਦਿੱਤੀ ਹੈ। ਭਾਜਪਾ ਵਲੋਂ ਮੰਗ ਕਰਨ ’ਤੇ ਸੁੱਖੂ ਨੂੰ ਬਹੁਮਤ ਸਾਬਤ ਕਰਨਾ ਆਸਾਨ ਨਹੀਂ ਹੋਵੇਗਾ। ਕਾਂਗਰਸ ਦੇ 6 ਤੇ 3 ਆਜ਼ਾਦ ਵਿਧਾਇਕਾਂ ਵੱਲੋਂ ਕਰਾਸ ਵੋਟਿੰਗ ਕਰਨ ਕਰਕੇ ਸਿੰਘਵੀ ਤੇ ਭਾਜਪਾ ਦੇ ਹਰਸ਼ ਮਹਾਜਨ ਨੂੰ 34-34 ਵੋਟਾਂ ਪਈਆਂ। ਫਿਰ ਪਰਚੀ ਕੱਢੀ ਗਈ, ਜਿਸ ਵਿਚ ਮਹਾਜਨ ਜੇਤੂ ਰਹੇ। ਅਸੰਬਲੀ ਵਿਚ ਭਾਜਪਾ ਦੇ 25 ਮੈਂਬਰ ਹਨ। ਤਿੰਨ ਆਜ਼ਾਦ ਹਨ। ਭਾਜਪਾ ਨੇ ਸੀਟ ਨਿਕਲਦੀ ਨਾ ਹੋਣ ਦੇ ਬਾਵਜੂਦ ਮਹਾਜਨ ਨੂੰ ਉਮੀਦਵਾਰ ਬਣਾਇਆ। ਇਸ ਆਸ ਨਾਲ ਕਿ ਕਾਂਗਰਸੀ ਵਿਧਾਇਕ ਟੁੱਟ ਜਾਣਗੇ। ਸਾਬਕਾ ਮੁੱਖ ਮੰਤਰੀ ਤੇ ਭਾਜਪਾ ਆਗੂ ਜੈ ਰਾਮ ਠਾਕੁਰ ਨੇ ਵੋਟਾਂ ਦੀ ਗਿਣਤੀ ਦੌਰਾਨ ਦੋਸ਼ ਲਾਇਆ ਕਿ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਾਂਗਰਸ ਵਿਧਾਇਕ ਸੁਦਰਸ਼ਨ ਬਬਲੂ ਨੂੰ ਹੁਸ਼ਿਆਰਪੁਰ ਦੇ ਹਸਪਤਾਲ ਤੋਂ ਲਿਆਉਣ ਲਈ ਆਪਣਾ ਹੈਲੀਕਾਪਟਰ ਭੇਜ ਕੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ। ਉਨ੍ਹਾ ਕਿਹਾ ਕਿ ਬਬਲੂ ਦੀ ਵੋਟ ਉਦੋਂ ਤਕ ਨਹੀਂ ਗਿਣੀ ਜਾਣੀ ਚਾਹੀਦੀ ਜਦੋਂ ਤਕ ਚੋਣ ਕਮਿਸ਼ਨ ਫੈਸਲਾ ਨਹੀਂ ਦਿੰਦਾ। ਬਬਲੂ ਸੋਮਵਾਰ ਬੀਮਾਰ ਹੋ ਗਏ ਸਨ ਤੇ ਉਨ੍ਹਾ ਸਭ ਤੋਂ ਅਖੀਰ ਵਿਚ ਵੋਟ ਪਾਈ। ਗਿਣਤੀ ਦੌਰਾਨ ਹੀ ਸੁੱਖੂ ਨੇ ਦੋਸ਼ ਲਾਇਆ ਕਿ ਸੀ ਆਰ ਪੀ ਐੱਫ ਤੇ ਹਰਿਆਣਾ ਪੁਲਸ ਛੇ ਕਾਂਗਰਸੀ ਵਿਧਾਇਕਾਂ ਨੂੰ ਚੁੱਕ ਕੇ ਹਰਿਆਣਾ ਲੈ ਗਈ। ਯੂ ਪੀ ਵਿਚ 10 ਸੀਟਾਂ ਲਈ ਵੋਟਿੰਗ ਹੋਈ। ਭਾਜਪਾ ਕੋਲ 7 ਸੀਟਾਂ ਜਿੱਤਣ ਲਾਇਕ ਵਿਧਾਇਕ ਸਨ ਪਰ ਉਸਨੇ 8 ਉਮੀਦਵਾਰ ਖੜ੍ਹੇ ਕੀਤੇ ਸਨ। ਉਸਨੂੰ ਅੱਠਵਾਂ ਉਮੀਦਵਾਰ ਜਿਤਾਉਣ ਲਈ ਜਯੰਤ ਚੌਧਰੀ ਦੇ ਰਾਸ਼ਟਰੀ ਲੋਕ ਦਲ ਤੇ ਸਪਾ ਦੇ ਬਾਗੀਆਂ ਦੀਆਂ ਵੋਟਾਂ ਮਿਲਣ ਦੀ ਆਸ ਸੀ। ਅਖਿਲੇਸ਼ ਯਾਦਵ ਦੀ ਸਪਾ ਦੇ 7, ਐੱਸ ਬੀ ਐੱਸ ਪੀ ਦੇ ਇਕ ਤੇ ਬਸਪਾ ਦੇ ਇਕ ਵਿਧਾਇਕ ਨੇ ਭਾਜਪਾ ਉਮੀਦਵਾਰ ਦੇ ਹੱਕ ਵਿਚ ਵੋਟਿੰਗ ਕਰ ਦਿੱਤੀ।
ਕਰਨਾਟਕ ਵਿਚ ਉਮੀਦ ਮੁਤਾਬਕ ਕਾਂਗਰਸ ਦੇ ਤਿੰਨ ਤੇ ਭਾਜਪਾ ਦਾ ਇਕ ਉਮੀਦਵਾਰ ਜੇਤੂ ਰਹੇ। ਕਾਂਗਰਸ ਦੇ ਸਾਬਕਾ ਕੇਂਦਰੀ ਮੰਤਰੀ ਅਜੇ ਮਾਕਨ ਅਤੇ ਚਲੰਤ ਸਾਂਸਦ ਸਈਅਦ ਨਸੀਰ ਹੁਸੈਨ ਤੇ ਜੀ ਸੀ ਚੰਦਰਸ਼ੇਖਰ ਚੁਣੇ ਗਏ। ਭਾਜਪਾ ਦੇ ਨਾਰਾਇਣਸਾ ਭਡਗੇ ਜੇਤੂ ਰਹੇ। ਜਨਤਾ ਦਲ (ਐੱਸ) ਦੇ ਕੁਪੇਂਦਰ ਰੈੱਡੀ ਹਾਰ ਗਏ, ਜਿਨ੍ਹਾ ਨੂੰ ਕਾਂਗਰਸ ਵਿਚ ਭੰਨਤੋੜ ਕਰ ਕੇ ਜਿਤਾਉਣ ਦੀ ਯੋਜਨਾ ਸੀ। ਉਲਟਾ ਭਾਜਪਾ-ਜਨਤਾ ਦਲ (ਐੱਸ) ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਜਦੋਂ ਭਾਜਪਾ ਦੇ ਇਕ ਵਿਧਾਇਕ ਐੱਸ ਟੀ ਸੋਮਸ਼ੇਖਰ ਨੇ ਕਾਂਗਰਸ ਦੇ ਅਜੇ ਮਾਕਨ ਦੇ ਹੱਕ ਵਿਚ ਵੋਟ ਪਾ ਦਿੱਤੀ। ਇਕ ਹੋਰ ਵਿਧਾਇਕ ਅਰਬੈਲ ਸ਼ਿਵਰਾਮ ਹੈਬਰ ਵੋਟ ਪਾਉਣ ਨਹੀਂ ਆਏ।

Related Articles

LEAVE A REPLY

Please enter your comment!
Please enter your name here

Latest Articles