ਗੁਹਾਟੀ : ਮੰਗਲਵਾਰ ਰਾਤ ਰਿਹਾਇਸ਼ ’ਤੇ ਹਮਲਾ ਕਰਕੇ ਐਡੀਸ਼ਨਲ ਐੱਸ ਪੀ ਨੂੰ ਅਗਵਾ ਕਰਨ ਖਿਲਾਫ ਗੁੱਸੇ ਵਿਚ ਮਨੀਪੁਰ ਦੇ ਪੁਲਸ ਕਮਾਂਡੋਜ਼ ਨੇ ਵੱਖ-ਵੱਖ ਜ਼ਿਲ੍ਹਿਆਂ ’ਚ ਆਪਣੇ ਹਥਿਆਰ ਭੁੰਜੇ ਰੱਖ ਦਿੱਤੇ। ਮੈਤੇਈ ਗਰੁੱਪ ਅਰਾਮਬਾਈ ਤੇਂਗਗੋਲ ਦੇ ਕਰੀਬ 200 ਹਥਿਆਰਬੰਦ ਮੈਂਬਰਾਂ ਨੇ ਮਨੀਪੁਰ ਪੁਲਸ ਦੇ ਅਪ੍ਰੇਸ਼ਨ ਵਿੰਗ ਵਿਚ ਤਾਇਨਾਤ ਇੰਫਾਲ ਪੱਛਮੀ ਦੇ ਏ ਐੱਸ ਪੀ ਮੋਈਰੰਗਥੇਮ ਅਮਿਤ ਦੀ ਰਿਹਾਇਸ਼ ’ਤੇ ਫਾਇਰਿੰਗ ਕਰਕੇ ਉਨ੍ਹਾ ਤੇ ਉਨ੍ਹਾ ਦੇ ਇਕ ਬਾਡੀਗਾਰਡ ਨੂੰ ਅਗਵਾ ਕਰ ਲਿਆ ਸੀ। ਦੇਰ ਰਾਤ ਉਨ੍ਹਾਂ ਨੂੰ ਛੁਡਾ ਕੇ ਇਲਾਜ ਲਈ ਨਿੱਜੀ ਹਸਪਤਾਲ ਦਾਖਲ ਕਰਾਇਆ ਗਿਆ।
ਅਧਿਕਾਰੀਆਂ ਨੇ ਕਿਹਾ ਹੈ ਕਿ ਉਪਰੋਕਤ ਅਧਿਕਾਰੀ ਨੇ ਗੱਡੀਆਂ ਚੋਰੀ ਕਰਨ ਵਾਲੇ ਗਰੋਹ ਦੇ ਛੇ ਮੈਂਬਰਾਂ ਨੂੰ ਗਿ੍ਰਫਤਾਰ ਕੀਤਾ ਸੀ। ਗਿ੍ਰਫਤਾਰੀ ਦੇ ਬਾਅਦ ਮੈਤੇਈ ਦੇ ਮਹਿਲਾ ਵਿੰਗ ਮੀਰਾ ਪੈਬਿਸ ਨੇ ਪ੍ਰੋਟੈੱਸਟ ਕਰਕੇ ਸੜਕ ਜਾਮ ਕਰ ਦਿੱਤੀ। ਸ਼ਾਮ ਨੂੰ ਅਰਾਮਬਾਈ ਤੇਂਗਗੋਲ ਦੇ ਹਥਿਆਰਬੰਦ ਮੈਂਬਰਾਂ ਨੇ ਅਧਿਕਾਰੀ ਦੀ ਰਿਹਾਇਸ਼ ’ਤੇ ਫਾਇਰਿੰਗ ਕਰਕੇ ਚਾਰ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ। ਪੁਲਸ ਅਧਿਕਾਰੀ ਦੇ ਪਿਤਾ ਐੱਮ ਕੁੱਲਾ ਨੇ ਦੱਸਿਆਅਸੀਂ ਹਥਿਆਰਬੰਦਾਂ ਦੇ ਰਿਹਾਇਸ਼ ਵਿਚ ਵੜਨ ’ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਅਚਾਨਕ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਅਸੀਂ ਅੰਦਰ ਵੜ ਕੇ ਕੁੰਡੇ ਲਾ ਲਏ ਤੇ ਬੇਟੇ ਨੂੰ ਫੋਨ ਕੀਤਾ। ਉਹ ਟੀਮ ਨਾਲ ਪੁੱਜਾ ਤਾਂ ਉਸ ਨੂੰ ਅਗਵਾ ਕਰ ਲਿਆ ਗਿਆ, ਕਿਉਕਿ ਹਮਲਾਵਾਰਾਂ ਦੀ ਗਿਣਤੀ ਕਾਫੀ ਸੀ। ਇਸੇ ਦੌਰਾਨ ਰਾਜਧਾਨੀ ਇੰਫਾਲ ਵਿਚ ਆਸਾਮ ਰਾਈਫਲਜ਼ ਦੀਆਂ ਚਾਰ ਟੁਕੜੀਆਂ ਤਾਇਨਾਤ ਕੀਤੀਆਂ ਗਈਆਂ ਹਨ। ਇਸੇ ਦੌਰਾਨ ਇਕ ਅਧਿਕਾਰੀ ਨੇ ਕਿਹਾ ਕਿ ਕਮਾਂਡੋਜ਼ ਦਾ ਪ੍ਰੋਟੈੱਸਟ ਉਤਲੇ ਅਧਿਕਾਰੀਆਂ ਖਿਲਾਫ ਹੀ ਨਹੀਂ, ਲੋਕਾਂ ਖਿਲਾਫ ਵੀ ਹੈ।