10.4 C
Jalandhar
Monday, December 23, 2024
spot_img

5 ਕਿਲੋ ਹੈਰੋਇਨ ਤੇ 4 ਹਥਿਆਰਾਂ ਸਮੇਤ ਤਿੰਨ ਕਾਬੂ

ਚੰਡੀਗੜ੍ਹ/ਅੰਮਿ੍ਰਤਸਰ (ਨਰਿੰਦਰਜੀਤ ਸਿੰਘ)
ਕਮਿਸ਼ਨਰੇਟ ਅੰਮਿ੍ਰਤਸਰ ਪੁਲਸ ਨੇ 5 ਕਿਲੋ ਹੈਰੋਇਨ ਸਮੇਤ ਨਸ਼ਾ ਤਸਕਰ ਨੂੰ ਕਾਬੂ ਕਰਕੇ ਅਮਰੀਕਾ ਸਥਿਤ ਜਸਮੀਤ ਉਰਫ ਲੱਕੀ ਦੀ ਹਮਾਇਤ ਵਾਲੇ ਅੰਤਰਰਾਸ਼ਟਰੀ ਨਾਰਕੋ ਸਮੱਗਲਿੰਗ ਕਾਰਟੇਲ ਦਾ ਪਰਦਾਫਾਸ਼ ਕੀਤਾ ਹੈ। ਡੀ ਜੀ ਪੀ ਗੌਰਵ ਯਾਦਵ ਨੇ ਸ਼ੁੱਕਰਵਾਰ ਦੱਸਿਆ ਕਿ ਫੜੇ ਗਏ ਨਸ਼ਾ ਤਸਕਰ ਦੀ ਪਛਾਣ ਗੁਰਪ੍ਰੀਤ ਕੁਮਾਰ ਉਰਫ ਦੀਪ (27) ਵਾਸੀ ਨਿਊ ਸ਼ਾਂਤੀ ਨਗਰ ਭਜਵਾੜਾ ਹੁਸ਼ਿਆਰਪੁਰ ਵਜੋਂ ਹੋਈ ਹੈ। ਪੁਲਸ ਟੀਮਾਂ ਨੇ ਹੈਰੋਇਨ ਦੀ ਸਪਲਾਈ ਲਈ ਵਰਤੀ ਜਾ ਰਹੀ ਟਾਟਾ (ਛੋਟਾ ਹਾਥੀ) ਗੱਡੀ ਨੂੰ ਵੀ ਜ਼ਬਤ ਕੀਤਾ ਹੈ।
ਡੀ ਜੀ ਪੀ ਨੇ ਦੱਸਿਆ ਕਿ ਇੱਕ ਹੋਰ ਮਾਮਲੇ ਵਿੱਚ ਕਮਿਸ਼ਨਰੇਟ ਅੰਮਿ੍ਰਤਸਰ ਪੁਲਸ ਵੱਲੋਂ ਦੋ ਵਿਅਕਤੀਆਂ ਨੂੰ ਗਿ੍ਰਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਚਾਰ ਦੇਸੀ ਪਿਸਤੌਲਾਂ ਸਮੇਤ ਚਾਰ ਮੈਗਜ਼ੀਨਾਂ ਅਤੇ 16 ਜ਼ਿੰਦਾ ਕਾਰਤੂਸ ਬਰਾਮਦ ਕਰਕੇ ਐੱਮ.ਪੀ. ਆਧਾਰਤ ਹਥਿਆਰ ਸਪਲਾਈ ਕਰਨ ਵਾਲੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ।
ਗਿ੍ਰਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਹਰਮਿੰਦਰਪਾਲ ਸਿੰਘ (23) ਅਤੇ ਜਤਿੰਦਰਪਾਲ ਸਿੰਘ ਉਰਫ ਬਾਬਾ (20) ਦੋਵੇਂ ਵਾਸੀ ਗੁਰੂ ਨਾਨਕ ਕਾਲੋਨੀ ਅੰਮਿ੍ਰਤਸਰ ਵਜੋਂ ਹੋਈ ਹੈ। ਪੁਲਸ ਟੀਮਾਂ ਨੇ ਉਨ੍ਹਾਂ ਦਾ ਐਕਟਿਵਾ ਸਕੂਟਰ ਵੀ ਕਬਜ਼ੇ ਵਿੱਚ ਲਿਆ ਹੈ, ਜਿਸ ’ਤੇ ਉਹ ਹਥਿਆਰਾਂ ਦੀ ਖੇਪ ਪਹੁੰਚਾਉਣ ਜਾ ਰਹੇ ਸਨ।
ਪੁਲਸ ਕਮਿਸ਼ਨਰ ਅੰਮਿ੍ਰਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਭਰੋਸੇਯੋਗ ਸੂਹ ’ਤੇ ਕਾਰਵਾਈ ਕਰਦਿਆਂ ਡੀ.ਸੀ.ਪੀ ਇਨਵੈਸਟੀਗੇਸ਼ਨ ਹਰਪ੍ਰੀਤ ਸਿੰਘ ਮੰਡੇਰ ਅਤੇ ਡੀ.ਸੀ.ਪੀ. ਸਿਟੀ ਡਾ. ਪ੍ਰਗਿਆ ਜੈਨ ਦੀ ਅਗਵਾਈ ਹੇਠ ਏ.ਡੀ.ਸੀ.ਪੀ. ਇਨਵੈਸਟੀਗੇਸ਼ਨ ਨਵਜੋਤ ਸਿੰਘ, ਏ.ਸੀ.ਪੀ. ਇਨਵੈਸਟੀਗੇਸ਼ਨ ਕੁਲਦੀਪ ਸਿੰਘ ਅਤੇ ਸੀ.ਆਈ.ਏ. ਸਟਾਫ-3 ਇੰਚਾਰਜ ਇੰਸਪੈਕਟਰ ਬਰਿੰਦਰਜੀਤ ਸਿੰਘ ਦੇ ਅਧੀਨ ਪੁਲਸ ਟੀਮਾਂ ਨੇ ਪਿੰਡ ਕਾਜੀਕੋਟ ਤੋਂ ਝਬਾਲ ਰੋਡ ਵੱਲ ਜਾ ਕੇ ਮੁਲਜ਼ਮ ਗੁਰਪ੍ਰੀਤ ਕੁਮਾਰ ਉਰਫ ਦੀਪ ਨੂੰ ਕਾਬੂ ਕੀਤਾ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਗੁਰਪ੍ਰੀਤ ਕੁਮਾਰ ਨੇ ਖੁਲਾਸਾ ਕੀਤਾ ਕਿ ਉਹ ਅਮਰੀਕਾ ਅਧਾਰਤ ਜਸਮੀਤ ਉਰਫ ਲੱਕੀ ਦੇ ਇਸ਼ਾਰੇ ’ਤੇ ਸਰਹੱਦ ਪਾਰ ਤੋਂ ਹੈਰੋਇਨ ਦੀ ਖੇਪ ਲਿਆ ਰਹੇ ਸਨ। ਇਸ ਤੋਂ ਪਹਿਲਾਂ ਅੰਮਿ੍ਰਤਸਰ ਕਮਿਸ਼ਨਰੇਟ ਪੁਲਸ ਨੇ ਜਸਮੀਤ ਉਰਫ ਲੱਕੀ ਮਾਡਿਊਲ ਦੇ ਪੰਜ ਨਸ਼ਾ ਤਸਕਰਾਂ ਨੂੰ ਗਿ੍ਰਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 6.2 ਕਿਲੋ ਹੈਰੋਇਨ, ਇੱਕ ਕਾਰ, 3.80 ਲੱਖ ਰੁਪਏ ਦੀ ਡਰੱਗ ਮਨੀ ਅਤੇ 12 ਸਿਮ ਬਰਾਮਦ ਕੀਤੇ ਸਨ। ਭੁੱਲਰ ਨੇ ਦੱਸਿਆ ਕਿ ਪੁਲਸ ਟੀਮਾਂ ਨੇ ਦੋਵਾਂ ਹਥਿਆਰ ਤਸਕਰਾਂ ਨੂੰ ਪੁਲ ਤਾਰਾਂਵਾਲਾ ਇਲਾਕੇ ਤੋਂ ਨਹਿਰ ਦੇ ਨਾਲ ਲੱਗਦੀ ਸੁਲਤਾਨਵਿੰਡ ਰੋਡ ਤੋਂ ਕਾਬੂ ਕੀਤਾ, ਜਦੋਂ ਉਹ ਪਿਸਤੌਲ ਸਪਲਾਈ ਕਰਨ ਲਈ ਨਿਰਧਾਰਤ ਵਿਅਕਤੀ ਦੀ ਉਡੀਕ ਕਰ ਰਹੇ ਸਨ।
ਉਹ ਇਹ ਪਿਸਤੌਲ ਮੱਧ ਪ੍ਰਦੇਸ਼ ਤੋਂ ਅੰਮਿ੍ਰਤਸਰ ਵਿੱਚ ਅਪਰਾਧਿਕ ਤੱਤਾਂ ਨੂੰ ਸਪਲਾਈ ਕਰਨ ਲਈ ਲਿਆਏ ਸਨ। ਉਨ੍ਹਾਂ ਦੱਸਿਆ ਕਿ ਪੁਲਸ ਟੀਮਾਂ ਮੁਲਜ਼ਮਾਂ ਦੇ ਪਿਛਲੇ ਸੰਬੰਧਾਂ ਦਾ ਪਤਾ ਲਾਉਣ ਤੋਂ ਇਲਾਵਾ ਉਨ੍ਹਾਂ ਦੇ ਬੈਂਕ ਖਾਤਿਆਂ ਅਤੇ ਜਾਇਦਾਦਾਂ ਨੂੰ ਫਰੀਜ ਕਰਨ ਲਈ ਵਿੱਤੀ ਨਜ਼ਰੀਏ ਤੋਂ ਵੀ ਮਾਮਲੇ ਦੀ ਜਾਂਚ ਕਰ ਰਹੀਆਂ ਹਨ।

Related Articles

LEAVE A REPLY

Please enter your comment!
Please enter your name here

Latest Articles