ਨਵੀਂ ਦਿੱਲੀ : ਪੰਜਾਬ ਸਰਕਾਰ ਨੇ 99 ਸਾਲ ਦੀ ਲੀਜ਼ ਦੀ ਮਿਆਦ ਇਸ ਮਹੀਨੇ ਖਤਮ ਹੋਣ ’ਤੇ ਸ਼ਾਨਨ ਹਾਈਡ੍ਰੋ ਪਾਵਰ ਪ੍ਰੋਜੈਕਟ ਦਾ ਕੰਟਰੋਲ ਉਸ ਤੋਂ ਲੈਣ ਦੀ ਹਿਮਾਚਲ ਸਰਕਾਰ ਦੀ ਕੋਸ਼ਿਸ਼ ਵਿਰੁੱਧ ਆਪਣੇ ਮੁਕੱਦਮੇ ਦੀ ਤੁਰੰਤ ਸੁਣਵਾਈ ਲਈ ਸ਼ੁੱਕਰਵਾਰ ਸੁਪਰੀਮ ਕੋਰਟ ਦਾ ਰੁਖ ਕੀਤਾ। ਚੀਫ ਜਸਟਿਸ ਡੀ ਵਾਈ ਚੰਦਰਚੂੜ ਦੀ ਅਗਵਾਈ ਵਾਲੀ ਬੈਂਚ ਨੇ ਸੋਮਵਾਰ ਸੁਣਵਾਈ ਲਈ ਸਹਿਮਤੀ ਦਿੱਤੀ ਹੈ। ਪੰਜਾਬ ਨੇ ਕਿਹਾ ਕਿ ਸ਼ਾਨਨ ਹਾਈਡ੍ਰੋ ਪਾਵਰ ਪ੍ਰੋਜੈਕਟ ਲਈ 99 ਸਾਲ ਦੀ ਲੀਜ਼ ਦੀ ਮਿਆਦ ਖਤਮ ਹੋ ਰਹੀ ਹੈ ਅਤੇ ਜੇ ਇਸ ਮਾਮਲੇ ਨੂੰ ਤੁਰੰਤ ਨਾ ਲਿਆ ਗਿਆ ਤਾਂ ਹਿਮਾਚਲ ਸਰਕਾਰ ਇਸ ਨੂੰ ਆਪਣੇ ਹੱਥਾਂ ’ਚ ਲੈ ਲਵੇਗੀ। ਹਿਮਾਚਲ ਦੇ ਪਾਲਮਪੁਰ ਤੋਂ 40 ਕਿਲੋਮੀਟਰ ਦੂਰ ਜੋਗਿੰਦਰਨਗਰ ਵਿਖੇ ਅੰਗਰੇਜ਼ਾਂ ਦੇ ਸਮੇਂ ਦੇ ਸ਼ਾਨਨ ਪਣ-ਬਿਜਲੀ ਪ੍ਰੋਜੈਕਟ ਦਾ ਨਿਰਮਾਣ 1925 ’ਚ ਉਸ ਸਮੇਂ ਦੇ ਮੰਡੀ ਰਾਜ ਦੇ ਰਾਜਾ ਜੋਗਿੰਦਰ ਸੇਨ ਅਤੇ ਬਰਤਾਨਵੀ ਨੁਮਾਇੰਦੇ ਕਰਨਲ ਬੀ ਸੀ ਬੈਟੀ ਵਿਚਕਾਰ ਲੀਜ਼ ਦੇ ਤਹਿਤ ਕੀਤਾ ਗਿਆ ਸੀ।