ਨਵੀਂ ਦਿੱਲੀ : ਸੀਨੀਅਰ ਕੇਂਦਰੀ ਮੰਤਰੀ ਤੇ ਭਾਜਪਾ ਦੇ ਸਾਬਕਾ ਕੌਮੀ ਪ੍ਰਧਾਨ ਨਿਤਿਨ ਗਡਕਰੀ ਦੇ ਇੱਕ ਬਿਆਨ ਨੂੰ ਕਾਂਗਰਸ ਨੇ ਸਾਂਝਾ ਕੀਤਾ ਹੈ ਜਿਸ ਵਿਚ ਉਨ੍ਹਾ ਕਿਹਾ ਕਿ ਪਿੰਡਾਂ, ਗਰੀਬਾਂ, ਮਜ਼ਦੂਰਾਂ ਤੇ ਕਿਸਾਨਾਂ ਦੀ ਹਾਲਤ ਖਰਾਬ ਹੈ।
ਗਡਕਰੀ ਨੇ ਇੰਡੀਆ ਟੂਡੇ ਦੀ ਹਿੰਦੀ ਵੈੱਬਸਾਈਟ ‘ਲੱਲਨ ਟਾਪ’ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ-ਅੱਜ ਪਿੰਡ, ਗਰੀਬ, ਮਜ਼ਦੂਰ ਤੇ ਕਿਸਾਨ ਦੁਖੀ ਹਨ। ਪਿੰਡਾਂ ਵਿਚ ਚੰਗੀਆਂ ਸੜਕਾਂ ਨਹੀਂ, ਪੀਣ ਲਈ ਸ਼ੁੱਧ ਪਾਣੀ ਨਹੀਂ, ਚੰਗੇ ਹਸਪਤਾਲ ਨਹੀਂ ਤੇ ਚੰਗੇ ਸਕੂਲ ਨਹੀਂ।
ਗਡਕਰੀ ਨੇ ਕਿਹਾ-ਹਰਿਆਣਾ ਤੇ ਪੰਜਾਬ ਵਿਚ ਕਣਕ ਤੇ ਚੌਲ ਰੱਖਣ ਲਈ ਸਾਨੂੰ ਰੇਲਵੇ ਪਲੇਟਫਾਰਮ ਇਸਤੇਮਾਲ ਕਰਨੇ ਪਏ। ਸਾਡੇ ਕੋਲ ਭੰਡਾਰਨ ਸਮਰੱਥਾ ਨਹੀਂ ਹੈ। ਖਾਦਾਂ ਦੀਆਂ ਕੀਮਤਾਂ ਵਧ ਗਈਆਂ ਹਨ। ਸੀਮਿੰਟ ਤੇ ਸਟੀਲ ਦੀਆਂ ਕੀਮਤਾਂ ਵਧ ਗਈਆਂ ਹਨ, ਪਰ ਅਨਾਜ ਦੀਆਂ ਕੀਮਤਾਂ ਵਿਚ ਫਰਕ ਨਹੀਂ ਪਿਆ। 20 ਸਾਲ ਪਹਿਲਾਂ ਤੇ ਅੱਜ ਦੇ ਭਾਅ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਚੌਲਾਂ ਦੇ ਭਾਅ ਵਿਚ ਕਿੰਨਾ ਫਰਕ ਪਿਆ। ਬਹੁਤਾ ਵਾਧਾ ਨਹੀਂ ਹੋਇਆ। ਇਸ ਕਾਰਨ ਖੇਤੀ ਆਰਥਕ ਤੌਰ ’ਤੇ ਪਾਇਦਾਰ ਨਹੀਂ ਰਹੀ।
ਯੂਥ ਕਾਂਗਰਸ ਨੇਤਾ ਸ੍ਰੀਨਿਵਾਸ ਬੀਵੀ ਨੇ ਕਿਹਾ ਹੈ-ਮੈਨੂੰ ਲੱਗਦਾ ਹੈ ਕਿ ਨਿਤਿਨ ਗਡਕਰੀ ’ਤੇ ਹੁਣ ਕਾਰਵਾਈ ਹੋਵੇਗੀ, ਉਨ੍ਹਾ ਨੂੰ ਦੇਸ਼ਧ੍ਰੋਹੀ ਵੀ ਕਿਹਾ ਜਾ ਸਕਦਾ ਹੈ। ਕਿਸਾਨਾਂ ਦੇ ਹੱਕ ਵਿਚ ਖੜ੍ਹੇ ਹੋ ਕੇ ਉਹ ਸਿੱਧੇ ਤੌਰ ’ਤੇ ਮੋਦੀ ਜੀ ਦਾ ਗਰਾਫ ਹੇਠਾਂ ਸੁੱਟਣ ਦੀ ਸਾਜ਼ਿਸ਼ ਕਰ ਰਹੇ ਹਨ। ਤੁਹਾਨੂੰ ਕੀ ਲੱਗਦਾ ਹੈ? ਗਡਕਰੀ ਨੇ ਪਿਛਲੇ ਮਹੀਨੇ ਕਿਹਾ ਸੀ-ਮੈਂ ਹਮੇਸ਼ਾ ਮਜ਼ਾਕ ਵਿਚ ਕਹਿੰਦਾ ਹਾਂ ਕਿ ਚਾਹੇ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ, ਇੱਕ ਗੱਲ ਤੈਅ ਹੈ ਕਿ ਜੋ ਚੰਗਾ ਕੰਮ ਕਰਦਾ ਹੈ ਉਸ ਨੂੰ ਕਦੇ ਸਨਮਾਨ ਨਹੀਂ ਮਿਲਦਾ ਅਤੇ ਜੋ ਬੁਰਾ ਕੰਮ ਕਰਦਾ ਹੈ ਉਸ ਨੂੰ ਕਦੇ ਸਜ਼ਾ ਨਹੀਂ ਮਿਲਦੀ।
ਕਰੀਬ ਇੱਕ ਸਾਲ ਪਹਿਲਾਂ ਗਡਕਰੀ ਨੇ ਕਿਹਾ ਸੀ-ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਸ਼ੁਰੂ ਕੀਤੇ ਗਏ ਆਰਥਕ ਸੁਧਾਰਾਂ ਲਈ ਦੇਸ਼ ਉਨ੍ਹਾ ਦਾ ਰਿਣੀ ਰਹੇਗਾ। ਇਨ੍ਹਾਂ ਆਰਥਕ ਸੁਧਾਰਾਂ ਕਰਕੇ ਮੈਂ ਮਹਾਰਾਸ਼ਟਰ ਵਿਚ ਮੰਤਰੀ ਹੁੰਦਿਆਂ ਸੜਕਾਂ ਦੇ ਨਿਰਮਾਣ ਲਈ ਧਨ ਜੁਟਾ ਸਕਿਆ।
ਗਡਕਰੀ ਨੇ ਕਿਹਾ ਸੀ ਕਿ ਉਦਾਰ ਆਰਥਕ ਨੀਤੀਆਂ ਗਰੀਬਾਂ ਤੇ ਕਿਸਾਨਾਂ ਲਈ ਹਨ। ਚੀਨ ਇਸਦੀ ਚੰਗੀ ਮਿਸਾਲ ਹੈ ਕਿ ਕਿਸ ਤਰ੍ਹਾਂ ਉਦਾਰ ਆਰਥਕ ਨੀਤੀਆਂ ਕਿਸੇ ਦੇਸ਼ ਦੇ ਵਿਕਾਸ ਵਿਚ ਮਦਦਗਾਰ ਹੋ ਸਕਦੀਆਂ ਹਨ।