25.8 C
Jalandhar
Monday, September 16, 2024
spot_img

ਇਯਾਲੀ ਵੱਲੋਂ ਰਾਸ਼ਟਰਪਤੀ ਚੋਣ ਦਾ ਬਾਈਕਾਟ

ਜਗਰਾਓਾ (ਅਮਿਤ ਖੰਨਾ) ਮੁੱਲਾਂਪੁਰ ਦਾਖਾ ਤੋਂ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਰਾਸ਼ਟਰਪਤੀ ਚੋਣ ਲਈ ਪੋਲਿੰਗ ਦੌਰਾਨ ਵੱਡਾ ਸਿਆਸੀ ਧਮਾਕਾ ਕਰਦਿਆਂ ਅਕਾਲੀ ਦਲ ਵੱਲੋਂ ਭਾਜਪਾ ਦੀ ਅਗਵਾਈ ਵਾਲੇ ਐੱਨ ਡੀ ਏ ਦੀ ਉਮੀਦਵਾਰ ਦਰੋਪਦੀ ਮੁਰਮੂ ਨੂੰ ਵੋਟ ਪਾਉਣ ਦੇ ਫੈਸਲੇ ਦੇ ਖਿਲਾਫ ਚੋਣ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ | ਉਨ੍ਹਾ ਇਸ ਦੇ ਪਿੱਛੇ ਮੁੱਖ ਕਾਰਨ ਹੁਣ ਤੱਕ ਭਾਜਪਾ ਸਮੇਤ ਕੇਂਦਰ ਦੀਆਂ ਸਾਰੀਆਂ ਸਰਕਾਰਾਂ ਵੱਲੋਂ ਪੰਜਾਬ ਦੇ ਹੱਕਾਂ ‘ਤੇ ਡਾਕਾ ਮਾਰਨਾ ਦੱਸਿਆ |
ਇਯਾਲੀ ਨੇ ਇਕ ਵੀਡੀਓ ਸੰਦੇਸ਼ ਵਿਚ ਕਿਹਾ ਕਿ ਕਾਂਗਰਸ ਤੋਂ ਸਾਨੂੰ ਕੋਈ ਆਸ ਨਹੀਂ ਸੀ, ਪਰ ਭਾਜਪਾ ਸਰਕਾਰ ਵੀ ਪੰਜਾਬ ਨਾਲ ਨਿਆਂ ਨਹੀਂ ਕਰ ਸਕੀ |
ਉਨ੍ਹਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁਰਮੂ ਦੀ ਹਮਾਇਤ ਕਰਨ ਦੇ ਫੈਸਲੇ ਦਾ ਵਿਰੋਧ ਕਰਦਿਆਂ ਕਿਹਾ ਕਿ ਲੀਡਰਸ਼ਿਪ ਨੇ ਇਸ ਦੇ ਲਈ ਉਨ੍ਹਾ ਤੋਂ ਪੁੱਛਿਆ ਤੱਕ ਨਹੀਂ, ਜਦਕਿ ਚਾਹੀਦਾ ਇਹ ਸੀ ਕਿ ਪਾਰਟੀ ਪਹਿਲਾਂ ਵਿਧਾਇਕਾਂ ਦੀ ਰਾਏ ਲੈਂਦੀ ਤੇ ਫਿਰ ਕੋਈ ਫੈਸਲਾ ਕਰਦੀ | ਇੱਥੋਂ ਤੱਕ ਕਿ ਸਿੱਖ ਭਾਈਚਾਰੇ ਤੋਂ ਵੀ ਸਲਾਹ ਨਹੀਂ ਲਈ ਗਈ | ਉਨ੍ਹਾ ਪੰਜਾਬ ਵਿਧਾਨ ਸਭਾ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਦੀ ਬੁਰੀ ਤਰ੍ਹਾਂ ਹਾਰ ਦੇ ਲਈ ਵੀ ਪਾਰਟੀ ਦੇ ਗਲਤ ਫੈਸਲਿਆਂ ਤੇ ਲੀਡਰਸ਼ਿਪ ਵੱਲੋਂ ਆਪਣਾ ਉੱਲੂ ਸਿੱਧਾ ਕਰਨ ਦੀ ਪਾਲਿਸੀ ਨੂੰ ਜ਼ਿੰਮੇਵਾਰ ਠਹਿਰਾਇਆ | ਉਨ੍ਹਾ ਆਪਣੀ ਪਾਰਟੀ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਉਹ ਅਜੇ ਵੀ ਰਾਜ ਸੱਤਾ ਪਿੱਛੇ ਭੱਜਣ ਦੀ ਬਜਾਏ ਪੰਜਾਬ ਅਤੇ ਸਿੱਖ ਕੌਮ ਦੇ ਹੱਕਾਂ ਲਈ ਲੜਾਈ ਲੜੇ ਤਾਂ ਸ਼ਾਇਦ ਕੌਮ ਮੁੜ ਪਾਰਟੀ ‘ਤੇ ਵਿਸ਼ਵਾਸ ਕਰਨ ਲੱਗ ਪਵੇ | ਉਨ੍ਹਾ ਸਾਫ ਕਿਹਾ ਕਿ ਭਾਜਪਾ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਐਲਾਨੀ ਗਈ ਉਮੀਦਵਾਰ ਪੱਛੜੇ ਕਬੀਲੇ ਨਾਲ ਸੰਬੰਧਤ ਹਨ ਤੇ ਉਨ੍ਹਾ ਦਾ ਉਸ ਨਾਲ ਵਿਰੋਧ ਨਹੀਂ ਹੈ, ਪਰ ਕੇਂਦਰ ਸਰਕਾਰ ਪੰਜਾਬ ਦੇ ਹੱਕਾਂ ‘ਤੇ ਡਾਕਾ ਮਾਰ ਰਹੀ ਹੈ | ਚੋਣ ਦਾ ਬਾਈਕਾਟ ਕਰਨ ਦਾ ਫੈਸਲਾ ਉਨ੍ਹਾ ਨੇ ਹਲਕੇ ਦੇ ਵੋਟਰਾਂ, ਬੁੱਧੀਜੀਵੀਆਂ, ਸਿੱਖ ਕੌਮ ਅਤੇ ਹੋਰਾਂ ਦੀ ਰਾਇ ਲੈ ਕੇ ਕੀਤਾ | ਇਯਾਲੀ ਨੇ ਦਰਿਆਈ ਪਾਣੀਆਂ ਦੀ ਵੰਡ ਦੇ ਮੁੱਦੇ ਤੋਂ ਇਲਾਵਾ ਪੰਜਾਬੀ ਭਾਸ਼ੀ ਇਲਾਕੇ ਸੂਬੇ ਨੂੰ ਸੌਂਪਣ ਦਾ ਵੀ ਜ਼ਿਕਰ ਕੀਤਾ | ਉਨ੍ਹਾ ਕਿਹਾ ਕਿ ਭਾਜਪਾ ਦੇ ਸੱਤਾ ਵਿਚ ਆਉਣ ਮਗਰੋਂ ਉਸ ਤੋਂ ਪੰਜਾਬ ਦੇ ਮੁੱਦਿਆਂ ਦੇ ਹੱਲ ਦੀ ਕਾਫੀ ਉਮੀਦ ਸੀ, ਪਰ ਕੁਝ ਨਹੀਂ ਕੀਤਾ ਗਿਆ |
ਯਾਦ ਰਹੇ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੋਰ ਕਮੇਟੀ ਦੀ ਮੀਟਿੰਗ ਮਗਰੋਂ ਐਨ ਡੀ ਏ ਉਮੀਦਵਾਰ ਦਰੋਪਦੀ ਮੁਰਮੂ ਦੀ ਹਮਾਇਤ ਦਾ ਐਲਾਨ ਕੀਤਾ ਸੀ |
ਇਸੇ ਦੌਰਾਨ 16ਵੇਂ ਰਾਸ਼ਟਰਪਤੀ ਦੀ ਚੋਣ ਲਈ ਵੋਟਿੰਗ ਪ੍ਰਕਿਰਿਆ ਸ਼ਾਂਤਮਈ ਢੰਗ ਨਾਲ ਪੂਰੀ ਹੋ ਗਈ | ਦਿੱਲੀ ਵਿਚ ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਸੰਸਦ ਵਿਚ ਕੁੱਲ 99.18 ਫੀਸਦ ਵੋਟਿੰਗ ਹੋਈ | ਸੰਸਦ ਤੋਂ ਇਲਾਵਾ ਦੇਸ਼ ਦੇ ਸਾਰੇ ਸੂੁਬਿਆਂ ਦੀਆਂ ਵਿਧਾਨ ਸਭਾਵਾਂ ਵਿਚ ਵੋਟਿੰਗ ਹੋਈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਭ ਤੋਂ ਪਹਿਲਾਂ ਵੋਟ ਪਾਉਣ ਵਾਲਿਆਂ ਵਿਚ ਸ਼ਾਮਲ ਸਨ | ਵੋਟਾਂ ਦੀ ਗਿਣਤੀ 21 ਜੁਲਾਈ ਨੂੰ ਹੋਵੇਗੀ ਅਤੇ ਅਗਲੇ ਰਾਸ਼ਟਰਪਤੀ ਦਾ ਸਹੁੰ ਚੁੱਕ ਸਮਾਗਮ 25 ਜੁਲਾਈ ਨੂੰ ਹੋਵੇਗਾ |
ਐੱਨ ਡੀ ਏ ਤੋਂ ਦਰੋਪਦੀ ਮੁਰਮੂ ਅਤੇ ਯੂ ਪੀ ਏ ਵੱਲੋਂ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਉਮੀਦਵਾਰ ਹਨ |
ਚੰਡੀਗੜ੍ਹ ਵਿਚ ਪੰਜਾਬ ਅਤੇ ਹਰਿਆਣਾ ਵਿਧਾਨ ਸਭਾਵਾਂ ਦੇ ਕੰਪਲੈਕਸ ਵਿਚ ਪੋਲਿੰਗ ਹੋਈ |

Related Articles

LEAVE A REPLY

Please enter your comment!
Please enter your name here

Latest Articles