ਆਮ ਆਦਮੀ ਪਾਰਟੀ ਨੇ ਰਾਸ਼ਟਰਪਤੀ ਦੀ ਚੋਣ ਵਿੱਚ ਵਿਰੋਧੀ ਧਿਰਾਂ ਦੇ ਉਮੀਦਵਾਰ ਯਸ਼ਵੰਤ ਸਿਨਹਾ ਨੂੰ ਸਮਰਥਨ ਦੇਣ ਦਾ ਫ਼ੈਸਲਾ ਕੀਤਾ ਹੈ | ਦਿੱਲੀ ਤੇ ਪੰਜਾਬ ਦੇ ਵਿਧਾਇਕਾਂ ਅਤੇ ਰਾਜ ਸਭਾ ਦੇ ਮੈਂਬਰਾਂ ਨੂੰ ਰਲਾ ਕੇ ਆਮ ਆਦਮੀ ਪਾਰਟੀ ਕੋਲ ਜ਼ਿਕਰਯੋਗ ਵੋਟਾਂ ਹਨ | ਇਹ ਸਭ ਨੂੰ ਪਤਾ ਹੈ ਕਿ ਸਿਨਹਾ ਨੇ ਜਿੱਤਣਾ ਤਾਂ ਨਹੀਂ, ਪਰ ਉਹ ਜਿੰਨੀਆਂ ਵੋਟਾਂ ਵੱਧ ਹਾਸਲ ਕਰੇਗਾ, ਉਹ ਵਿਰੋਧੀ ਧਿਰਾਂ ਦੀ ਏਕਤਾ ਲਈ ਅਧਾਰ ਮੁਹੱਈਆ ਕਰਨ ਵਿੱਚ ਜ਼ਰੂਰ ਸਹਾਈ ਹੋਣਗੀਆਂ |
ਆਮ ਆਦਮੀ ਪਾਰਟੀ ਦੇ ਇਸ ਫ਼ੈਸਲੇ ਨੇ ਬਹੁਤ ਸਾਰੇ ਲੋਕਾਂ ਨੂੰ ਹੈਰਾਨ ਕੀਤਾ ਹੈ, ਖਾਸ ਕਰ ਉਨ੍ਹਾਂ ਨੂੰ , ਜਿਹੜੇ ਆਮ ਆਦਮੀ ਪਾਰਟੀ ਨੂੰ ਭਾਜਪਾ ਦੀ ਬੀ ਟੀਮ ਕਹਿਣ ਦਾ ਕੋਈ ਮੌਕਾ ਨਹੀਂ ਸਨ ਖੁੰਝਾਉਂਦੇ | ਉਨ੍ਹਾਂ ਦਾ ਸੋਚਣਾ ਗਲਤ ਵੀ ਨਹੀਂ ਸੀ, ਕਿਉਂਕਿ ਆਮ ਆਦਮੀ ਪਾਰਟੀ ਉਸ ਅੰਨਾ ਅੰਦੋਲਨ ਵਿੱਚੋਂ ਜੰਮੀ ਸੀ, ਜਿਹੜਾ ਆਰ ਐੱਸ ਐੱਸ ਦੀ ਪੈਦਾਵਾਰ ਸੀ |
ਦਿੱਲੀ ਵਿਧਾਨ ਸਭਾ ਦੀਆਂ 2015 ਵਿੱਚ ਹੋਈਆਂ ਚੋਣਾਂ ਵਿੱਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਨੇ 70 ਵਿੱਚੋਂ 67 ਸੀਟਾਂ ਜਿੱਤ ਕੇ ਸਭ ਸਿਆਸੀ ਪੰਡਤਾਂ ਨੂੰ ਹੈਰਾਨ ਕਰ ਦਿੱਤਾ ਸੀ | ਇਨ੍ਹਾਂ ਚੋਣਾਂ ਵਿੱਚ ਕਾਂਗਰਸ ਪੂਰੀ ਤਰ੍ਹਾਂ ਸਾਫ਼ ਹੋ ਗਈ ਸੀ | ਇਨ੍ਹਾਂ ਨਤੀਜਿਆਂ ਨਾਲ ਪਾਰਟੀ ਦੇ ਉਪਰਲੇ ਆਗੂਆਂ ਦੀ ਇਹ ਸਮਝ ਬਣ ਗਈ ਸੀ ਕਿ ਜੇਕਰ ਉਸ ਨੇ ਦੇਸ਼ ਭਰ ਵਿੱਚ ਆਪਣਾ ਵਿਸਥਾਰ ਕਰਨਾ ਹੈ ਤਾਂ ਉਸ ਨੂੰ ਕਾਂਗਰਸ ਦੇ ਬਦਲ ਵਜੋਂ ਮੱਧ-ਮਾਰਗੀ ਸਿਆਸਤ ਦਾ ਰਾਹ ਫੜਨਾ ਪਵੇਗਾ |
ਪਿਛਲੇ ਸੱਤ ਸਾਲਾਂ ਦੌਰਾਨ ਆਮ ਆਦਮੀ ਪਾਰਟੀ ਨੇ ਹਰ ਮਸਲੇ ਉੱਤੇ ਮੱਧ ਮਾਰਗੀ ਪਹੁੰਚ ਅਪਣਾਈ ਰੱਖੀ ਸੀ | ਆਮ ਆਦਮੀ ਪਾਰਟੀ ਦੇ ਯੋਜਨਾ ਘਾੜੇ ਜਾਣਦੇ ਸਨ ਕਿ ਜੇਕਰ ਉਹ ਕਿਸੇ ਮਸਲੇ ਉੱਤੇ ਮੁਸਲਮਾਨਾਂ ਨਾਲ ਖੜ੍ਹੇ ਹੋਣਗੇ ਤਾਂ ਹਿੰਦੂ ਵੋਟ ਬੈਂਕ ਉਸ ਤੋਂ ਦੂਰ ਹੋ ਜਾਵੇਗਾ | ਇਸ ਲਈ ਪਾਰਟੀ ਦੇ ਆਗੂ ਦੋਹਾਂ ਧਿਰਾਂ ਵੱਲ ਸਮਾਨ ਦੂਰੀ ਬਣਾ ਕੇ ਚਲਦੇ ਰਹੇ | ਦੇਸ਼ ਭਰ ਵਿੱਚ ਜਦੋਂ ਨਾਗਰਿਕ ਸੋਧ ਕਾਨੂੰਨਾਂ ਵਿਰੁੱਧ ਅੰਦੋਲਨ ਛਿੜਿਆ ਤਾਂ ਕੇਜਰੀਵਾਲ ਨੇ ਕਿਹਾ ਕਿ ਉਹ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਰਦੇ ਹਨ, ਪਰ ਉਨ੍ਹਾ ਸ਼ਾਹੀਨ ਬਾਗ ਦੇ ਮੋਰਚੇ ਤੋਂ ਦੂਰੀ ਬਣਾਈ ਰੱਖੀ | ਹਿੰਦੂ ਵੋਟ ਬੈਂਕ ਨੂੰ ਖੁਸ਼ ਰੱਖਣ ਲਈ ਉਨ੍ਹਾ ਇਥੋਂ ਤੱਕ ਵੀ ਕਹਿ ਦਿੱਤਾ ਕਿ ਦਿੱਲੀ ਪੁਲਸ ਜੇ ਉਸ ਦੇ ਅਧੀਨ ਹੋਵੇ ਤਾਂ ਉਹ ਦੋ ਘੰਟਿਆਂ ਵਿੱਚ ਰੋਕੀ ਸੜਕ ਖੱੁਲ੍ਹਵਾ ਸਕਦੇ ਹਨ | ਇਸ ਦੇ ਬਾਵਜੂਦ ਆਮ ਆਦਮੀ ਪਾਰਟੀ 2020 ਦੀਆਂ ਵਿਧਾਨ ਸਭਾ ਚੋਣਾਂ ਸ਼ਾਨਦਾਰ ਢੰਗ ਨਾਲ ਜਿੱਤ ਗਈ |
ਇਸ ਦੌਰਾਨ ਪੰਜਾਬ ਨੂੰ ਛੱਡ ਕੇ ਆਮ ਆਦਮੀ ਪਾਰਟੀ ਨੇ ਦਿੱਲੀ ਤੋਂ ਬਾਹਰ ਜਿੰਨੀਆਂ ਵੀ ਚੋਣਾਂ ਲੜੀਆਂ, ਉਸ ਨੂੰ ਕੋਈ ਸਫ਼ਲਤਾ ਹਾਸਲ ਨਾ ਹੋਈ | ਇਸ ਨੇ ਪਾਰਟੀ ਦੇ ਯੋਜਨਾ ਘਾੜਿਆਂ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਉਹ ਕਾਂਗਰਸ ਪਾਰਟੀ ਦੇ ਬਦਲ ਬਣਨ ਦੀ ਨੀਤੀ ਉੱਤੇ ਚੱਲ ਕੇ ਭਾਜਪਾ ਦੀ ਉਮਰ ਤਾਂ ਲੰਮੀ ਕਰ ਸਕਦੇ ਹਨ, ਪਰ ਆਪ ਕੁਝ ਵੀ ਹਾਸਲ ਨਹੀਂ ਕਰ ਸਕਦੇ | ਉਹ ਇਹ ਵੀ ਜਾਣ ਗਏ ਹਨ ਕਿ ਉਹ ਭਾਜਪਾ ਦਾ ਮੁਕਾਬਲਾ ਉਸ ਦੇ ਅੰਨ੍ਹੇ ਵਿਰੋਧ ਨਾਲ ਨਹੀਂ, ਸਗੋਂ ਉਸ ਦੇ ਹਥਿਆਰ ਵਰਤ ਕੇ ਕਰ ਸਕਦੇ ਹਨ |
ਇਸ ਪਾਸੇ ਕਦਮ ਪੁਟਦਿਆਂ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਮੁਸਲਮਾਨਾਂ ਤੋਂ ਇੱਕ ਸੁਰੱਖਿਅਤ ਦੂਰੀ ਰੱਖਣੀ ਸ਼ੁਰੂ ਕਰ ਦਿੱਤੀ | ਹਿੰਦੂਆਂ ਨੂੰ ਖਿੱਚਣ ਲਈ ਆਪਣੇ ਪ੍ਰਚਾਰ ਵਿੱਚ ਹਿੰਦੂਤੱਵ ਦਾ ਤੜਕਾ ਲਾਉਣਾ ਸ਼ੁਰੂ ਕਰ ਦਿੱਤਾ | ਦੀਵਾਲੀ ਦੇ ਮੌਕੇ ਉੱਤੇ ਦਿੱਲੀ ਵਿੱਚ ਅਯੁੱਧਿਆ ਵਿੱਚ ਬਣ ਰਹੇ ਰਾਮ ਮੰਦਰ ਦੀ ਤਰਜ਼ ਉੱਤੇ ਵੱਡੇ ਪੰਡਾਲ ਬਣਾਏ ਗਏ | ਕੇਜਰੀਵਾਲ ਨੇ ਕਈ ਟੀ ਵੀ ਚੈਨਲਾਂ ‘ਤੇ ਇੰਟਰਵਿਊ ਦੌਰਾਨ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ | ਪਾਰਟੀ ਦੇ ਮੈਂਬਰਾਂ ਨੇ ਕਈ ਹਨੂੰਮਾਨ ਰੈਲੀਆਂ ਕੱਢੀਆਂ ਤੇ ਸੁੰਦਰ ਕਾਂਡ ਦੇ ਪਾਠ ਕੀਤੇ |
ਪਿੱਛੇ ਜਿਹੇ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਨਵੀਂ ਨੀਤੀ ਦੇ ਸਿੱਟੇ ਸਾਹਮਣੇ ਆਏ ਹਨ | ਗੋਆ ਤੇ ਉਤਰਾਖੰਡ ਚੋਣਾਂ ਉਸ ਨੇ ਕਾਂਗਰਸ ਦੇ ਵਿਰੋਧ ਨੂੰ ਮੁੱਖ ਰੱਖ ਕੇ ਪੁਰਾਣੀ ਨੀਤੀ ਅਨੁਸਾਰ ਲੜੀਆਂ ਸਨ | ਸਿੱਟੇ ਵਜੋਂ ਕਾਂਗਰਸ ਹਾਰ ਗਈ ਤੇ ਭਾਜਪਾ ਜਿੱਤ ਗਈ, ਪਰ ਆਮ ਆਦਮੀ ਪਾਰਟੀ ਦੇ ਪੱਲੇ ਕੁਝ ਨਾ ਪਿਆ | ਪੰਜਾਬ ਵਿੱਚ ਇਸ ਨੇ ਨਵੀਂ ਨੀਤੀ ਅਨੁਸਾਰ ਚੋਣਾਂ ਲੜੀਆਂ | ਸ਼ਹਿਰਾਂ ਵਿੱਚ ਤਿਰੰਗਾ ਯਾਤਰਾਵਾਂ ਕੱਢੀਆਂ ਗਈਆਂ | ਪਾਰਟੀ ਦਾ ਪੂਰਾ ਫੋਕਸ ਉਸ ਹਿੰਦੂ ਵੋਟ ਬੈਂਕ ਉੱਤੇ ਰਿਹਾ, ਜਿਹੜਾ ਵਿਚਾਰਧਾਰਾ ਪੱਖੋਂ ਭਾਜਪਾ ਨਾਲ ਹੈ, ਪਰ ਬੇਰੁਜ਼ਗਾਰੀ, ਮਹਿੰਗਾਈ ਤੇ ਵਿਕਾਸ ਦੇ ਮੁੱਦਿਆਂ ਉੱਤੇ ਉਸ ਨਾਲ ਨਰਾਜ਼ ਹੈ | ਆਮ ਆਦਮੀ ਪਾਰਟੀ ਦੀ ਇਹ ਨੀਤੀ ਸਫ਼ਲ ਰਹੀ, ਸਿੱਟੇ ਵਜੋਂ ਉਹ ਜਲੰਧਰ ਉੱਤਰੀ ਦੀ ਇੱਕ ਸੀਟ ਨੂੰ ਛੱਡ ਕੇ ਪੰਜਾਬ ਦੀਆਂ ਸਭ ਸ਼ਹਿਰੀ ਸੀਟਾਂ ਜਿੱਤ ਗਈ | ਇਸ ਨੇ ਆਮ ਆਦਮੀ ਪਾਰਟੀ ਦੀ ਉਸ ਸਮਝ ਨੂੰ ਹੋਰ ਪੱਕਿਆਂ ਕੀਤਾ ਹੈ ਕਿ ਜੇਕਰ ਭਾਜਪਾ ਦੀ ਥਾਂ ਲੈਣੀ ਹੈ ਤਾਂ ਉਸ ਨੂੰ ਉਸੇ ਦੇ ਦਾਅਪੇਚਾਂ ਨਾਲ ਹਰਾਉਣਾ ਪਵੇਗਾ |
ਅਪ੍ਰੈਲ ਵਿੱਚ ਦਿੱਲੀ ਦੇ ਜਹਾਂਗੀਰਪੁਰੀ ਵਿੱਚ ਹੋਏ ਦੰਗਿਆਂ ਸਮੇਂ ਪਾਰਟੀ ਦੇ ਬਿਆਨ ਵੀ ਪਾਰਟੀ ਦੀ ਨਵੀਂ ਸੋਚ ਦੀ ਸੇਧ ਵਿੱਚ ਸਨ | ਇਨ੍ਹਾਂ ਦੰਗਿਆਂ ਬਾਰੇ ਪ੍ਰਤੀਕ੍ਰਿਆ ਪ੍ਰਗਟ ਕਰਦਿਆਂ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਭਾਜਪਾ ਦੰਗੇ ਕਰਾਉਣ ਲਈ ਪਿਛਲੇ ਸੱਤ ਸਾਲਾਂ ਤੋਂ ਬੰਗਲਾਦੇਸ਼ੀਆਂ ਤੇ ਰੋਹਿੰਗਿਆਂ ਨੂੰ ਦੇਸ਼ ਭਰ ਵਿੱਚ ਵਸਾਉਂਦੀ ਰਹੀ ਹੈ | ਜਹਾਂਗੀਰਪੁਰੀ ਦੇ ਦੰਗੇ ਇਸੇ ਦੀ ਬਦੌਲਤ ਹੋਏ ਹਨ | ਇਸੇ ਦੌਰਾਨ ‘ਆਪ’ ਦੇ ਮੁੱਖ ਆਗੂ ਸੰਜੇ ਸਿੰਘ ਦਾ ਇਹ ਬਿਆਨ ਵੀ ਵੱਡੇ ਮਾਇਨੇ ਰੱਖਦਾ ਹੈ ਕਿ ਉਨ੍ਹਾ ਦੀ ਪਾਰਟੀ ਉੱਤਰ ਪ੍ਰਦੇਸ਼ ਦੇ ਸਾਰੇ ਸ਼ਹਿਰਾਂ ਤੇ ਪਿੰਡਾਂ ਵਿੱਚ ਤਿਰੰਗਾ ਸ਼ਾਖਾਵਾਂ ਖੋਲ੍ਹੇਗੀ | ਇਹ ਸਿੱਧੇ ਤੌਰ ਉੱਤੇ ਆਰ ਐੱਸ ਐੱਸ ਦੀਆਂ ਸ਼ਾਖਾਵਾਂ ਦਾ ਬਦਲ ਪੇਸ਼ ਕਰਨ ਦੀ ਨੀਤੀ ਹੋ ਸਕਦੀ ਹੈ | ਯੂ ਪੀ ਵਿੱਚ ਇਨ੍ਹਾਂ ਸ਼ਾਖਾਵਾਂ ਨੇ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ | ਇਨ੍ਹਾਂ ਤਿਰੰਗਾ ਸ਼ਾਖਾਵਾਂ ਦੇ ਕਾਰਕੁੰਨ ਇਸ ਸਮੇਂ ‘ਸਵੱਛ ਸਰੋਵਰ ਮੁਹਿੰਮ’ ਦੇ ਨਾਂਅ ਉੱਤੇ ਨਦੀਆਂ-ਨਾਲਿਆਂ ਦੀ ਸਫ਼ਾਈ ਦੀ ਮੁਹਿੰਮ ਚਲਾ ਰਹੇ ਹਨ |
ਕੁਝ ਟਿੱਪਣੀਕਾਰਾਂ ਦਾ ਕਹਿਣਾ ਹੈ ਕਿ ਇਸ ਨਵੀਂ ਨੀਤੀ ਕਾਰਣ ਘੱਟ-ਗਿਣਤੀਆਂ ਦੇ ਲੋਕ, ਖਾਸ ਕਰ ਮੁਸਲਮਾਨ ਆਮ ਆਦਮੀ ਪਾਰਟੀ ਤੋਂ ਦੂਰ ਹੋ ਜਾਣਗੇ | ਸਾਡੀ ਸਮਝ ਮੁਤਾਬਕ ਇਹ ਨਹੀਂ ਹੋਵੇਗਾ, ਕਿਉਂਕਿ ਮੁਸਲਮਾਨ ਇਸ ਸਮੇਂ ਜਿੰਨਾ ਸੰਤਾਪ ਭੋਗ ਰਹੇ ਹਨ, ਉਹ ਤਾਂ ਤਿਣਕੇ ਦਾ ਸਹਾਰਾ ਭਾਲਦੇ ਹਨ | ਉਨ੍ਹਾਂ ਦੀ ਤਾਂ ਇੱਕ ਇੱਛਾ ਹੈ ਕਿ ਸਾਨੂੰ ਭਾਵੇਂ ਨਿੱਤ ਗਾਹਲਾਂ ਕੱਢੀ ਜਾਵੋ, ਪਰ ਭੀੜਤੰਤਰੀ ਬੱੁਚੜਾਂ ਦੇ ਪਾਲਣਹਾਰਿਆਂ ਤੋਂ ਖਹਿੜਾ ਛੁਡਾ ਦਿਓ |
ਅਜਿਹੀ ਸਥਿਤੀ ਵਿੱਚ ਆਮ ਆਦਮੀ ਪਾਰਟੀ, ਜਿਸ ਨਵੀਂ ਸੋਚ ਨੂੰ ਲੈ ਕੇ ਵਧ ਰਹੀ ਹੈ, ਰਾਸ਼ਟਰਪਤੀ ਦੀ ਚੋਣ ਵਿੱਚ ਸਿਨਹਾ ਦੀ ਮਦਦ ਦਾ ਫੈਸਲਾ ਉਸੇ ਸੋਚ ਵਿੱਚੋਂ ਨਿਕਲਿਆ ਹੋਇਆ ਹੈ | ਭਾਜਪਾ ਦੀ ਥਾਂ ਲੈਣੀ ਹੈ ਤਾਂ ਉਸ ਤੋਂ ਵੱਖਰਾ ਪੈਂਤੜਾ ਲੈਣਾ ਹੀ ਪੈਣਾ ਸੀ | ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਜਾਣਦੀ ਹੈ ਕਿ ਭਾਜਪਾ ਦਾ ਸਥਾਨ ਕੋਈ ਇੱਕ ਪਾਰਟੀ ਨਹੀਂ ਲੈ ਸਕਦੀ | ਇਸ ਲਈ ਵੱਧ ਤੋਂ ਵੱਧ ਧਿਰਾਂ ਨੂੰ ਇਕੱਠਿਆਂ ਕਰਨਾ ਪਵੇਗਾ | ਪਾਰਟੀ ਦੇ ਇਸ ਫ਼ੈਸਲੇ ਤੋਂ ਲੱਗਦਾ ਹੈ ਕਿ ਉਹ ਵਿਰੋਧੀ ਪਾਰਟੀਆਂ ਵਿੱਚੋਂ ਵੱਡੀ ਧਿਰ ਬਣਨ ਲਈ ਚੋਣਾਂ ਵਿੱਚ ਕੁਝ ਪਾਰਟੀਆਂ ਨਾਲ ਸਮਝੌਤੇ ਕਰਨ ਬਾਰੇ ਵੀ ਸੋਚ ਸਕਦੀ ਹੈ | ਕੁਝ ਵੀ ਹੋਵੇ ਫਾਸ਼ੀਵਾਦੀ ਹਾਕਮਾਂ ਨੂੰ ਹਰਾਉਣ ਲਈ ਆਮ ਆਦਮੀ ਪਾਰਟੀ ਵੱਲੋਂ ਚੁੱਕਿਆ ਗਿਆ ਇਹ ਕਦਮ ਸ਼ਲਾਘਾਯੋਗ ਹੈ |
-ਚੰਦ ਫਤਿਹਪੁਰੀ