ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਉਚਾਈ ਵਾਲੇ ਖੇਤਰਾਂ ’ਚ ਮਾਰਚ ਮਹੀਨੇ ਦੀ ਸ਼ੁਰੂਆਤ ਬਰਫ਼ਬਾਰੀ ਨਾਲ ਹੋਈ, ਜੋ ਲਗਾਤਾਰ ਜਾਰੀ ਹੈ। ਉਥੇ ਹੀ ਮੈਦਾਨੀ ਇਲਾਕਿਆਂ ’ਚ ਭਾਰੀ ਮੀਂਹ ਕਾਰਨ ਸਮੁੱਚਾ ਖੇਤਰ ਸ਼ੀਤ ਲਹਿਰ ਦੀ ਲਪੇਟ ’ਚ ਆ ਗਿਆ ਹੈ। ਰਾਜਧਾਨੀ ਸ਼ਿਮਲਾ ’ਚ ਸ਼ਨੀਵਾਰ ਸਵੇਰ ਤੋਂ ਮੀਂਹ ਪੈ ਰਿਹਾ ਹੈ। ਹਿਮਾਚਲ ਪ੍ਰਦੇਸ਼ ’ਚ ਮਾਰਚ ਮਹੀਨੇ ਦਾ ਆਗਾਜ਼ ਮੌਸਮ ਦੇ ਤਿੱਖੇ ਤੇਵਰ ਨਾਲ ਹੋਇਆ। ਸੂਬੇ ਦੇ ਪੰਜ ਪਹਾੜੀ ਖੇਤਰਾਂ ’ਚ ਲਗਾਤਾਰ ਦੂਜੇ ਦਿਨ ਵੀ ਬਰਫ਼ਬਾਰੀ ਦਾ ਦੌਰ ਜਾਰੀ ਹੈ। ਸ਼ਨੀਵਾਰ ਸਵੇਰੇ 10 ਵਜੇ ਤੋਂ ਚਾਰ ਰਾਸ਼ਟਰੀ ਰਾਜਮਾਰਗ ਅਤੇ 350 ਸੜਕਾਂ ਆਵਾਜਾਈ ਲਈ ਬੰਦ ਹਨ। 1314 ਟਰਾਂਸਫਾਰਮਰ ਗੁਲ ਹਨ। ਕੁੱਲੂ ਅਤੇ ਲਾਹੌਲ ਸਪਿਤੀ ਜ਼ਿਲ੍ਹੇ ’ਚ ਭਾਰੀ ਮੀਂਹ ਪੈ ਰਿਹਾ ਹੈ। ਕੇਲਾਂਗ ’ਚ 40 ਸੈਂ.ਮੀ., ਉਦੇਪੁਰ 40, ਸਿਸੂ 30, ਦਾਰਖਾ ਰੋਹਤਾਂਗ ’ਚ 90, ਬਰਾਲਾਚਾ ’ਚ 100, ਕੁੰੁਜਮ ਪਾਸ ’ਚ 100, ਸ਼ਿੰਕੁਲਜ ਦਰਾ ’ਚ 110 ਸੈਂਟੀਮੀਟਰ ਬਰਫ਼ਬਾਰੀ ਦਾ ਅਨੁਮਾਨ ਹੈ।
ਭਾਰੀ ਬਰਫਬਾਰੀ ਕਾਰਨ ਮਨਾਲੀ-ਲੇਹ ਹਾਈਵੇ ਸੋਲਾਂਗ ਨਾਲੇ ਤੋਂ ਅੱਗੇ ਕੇਲਾਂਗ ਵੱਲ ਜਾਣ ਵਾਲੀ ਆਮ ਆਵਾਜਾਈ ਲਈ ਬੰਦ ਹੋ ਗਿਆ। ਲਾਹੌਲ ਅਤੇ ਸਪਿਤੀ ਦੇ ਡੀ ਸੀ ਰਾਹੁਲ ਕੁਮਾਰ ਨੇ ਆਮ ਲੋਕਾਂ ਨੂੰ ਆਪਣੇ ਘਰਾਂ ’ਚ ਰਹਿਣ ਅਤੇ ਜ਼ਿਲ੍ਹੇ ’ਚ ਬਰਫ਼ਬਾਰੀ ਦੇ ਖਤਰੇ ਵਾਲੇ ਖੇਤਰਾਂ ’ਚ ਜਾਣ ਤੋਂ ਬਚਣ ਲਈ ਕਿਹਾ ਹੈ।ਲਗਾਤਾਰ ਮੀਂਹ ਕਾਰਨ ਢਿਗਾਂ ਡਿੱਗਣ ਕਾਰਨ ਸ੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਬੰਦ ਹੋ ਗਿਆ।ਸ਼ਨੀਵਾਰ ਹੋਈ ਭਾਰੀ ਗੜੇਮਾਰੀ ਕਾਰਨ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ।ਗੋਨਿਆਣਾ ਬਲਾਕ ਅਤੇ ਬੱਲੂਆਣਾ ਖੇਤਰ ਦੇ ਦਰਜਨ ਪਿੰਡਾਂ ’ਚ ਗੜੇ ਪੈਣ ਨਾਲ ਮਹਿਮਾ ਸਰਜਾ, ਮਹਿਮਾ ਸਰਕਾਰੀ, ਮਹਿਮਾ ਸਵਾਈ, ਮਹਿਮਾ ਬਲਾਹੜ, ਬੁਰਜ ਮਹਿਮਾ, ਵਿਰਕ ਕਲਾਂ, ਵਿਰਕ ਖੁਰਦ, ਕਰਮਗੜ੍ਹ ਛਤਰਾਂ ਤੇ ਸਰਦਾਰਗੜ੍ਹ ਵਿੱਚ ਗੜੇਮਾਰੀ ਕਾਰਨ ਕਣਕ ਅਤੇ ਸਬਜ਼ੀਆਂ ਦਾ ਭਾਰੀ ਨੁਕਸਾਨ ਹੋਇਆ।ਕਿਸਾਨਾਂ ਨੇ ਡਿਪਟੀ ਕਮਿਸ਼ਨਰ ਬਠਿੰਡਾ ਤੋਂ ਵਿਸ਼ੇਸ਼ ਗਿਰਦਾਵਰੀ ਦੀ ਮੰਗ ਕੀਤੀ ਹੈ।