ਪਟਨਾ : ਆਪੋਜ਼ੀਸ਼ਨ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਨੇ ਐਤਵਾਰ ਪਟਨਾ ਵਿਚ ਜਨ-ਵਿਸ਼ਵਾਸ ਮਹਾਂ ਰੈਲੀ ਕਰਕੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣੀ ਤਿਆਰੀ ਦਾ ਟਰੇਲਰ ਦਿਖਾਇਆ।
ਆਪਣੀ ਯਾਤਰਾ ਵਿੱਚੇ ਛੱਡ ਕੇ ਆਏ ਰਾਹੁਲ ਗਾਂਧੀ ਨੇ 15 ਮਿੰਟ ਦੀ ਤਕਰੀਰ ਵਿਚ ਕਿਹਾ ਕਿ ਮੋਦੀ ਸਰਕਾਰ ਸਿਰਫ ਦੋ-ਤਿੰਨ ਸੁਪਰ ਅਮੀਰਾਂ ਲਈ ਕੰਮ ਕਰ ਰਹੀ ਹੈ ਅਤੇ ਦਲਿਤਾਂ ਤੇ ਪੱਛੜੀਆਂ ਸ਼੍ਰੇਣੀਆਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ, ਜਿਹੜੇ ਕੁਲ ਆਬਾਦੀ ਦਾ 73 ਫੀਸਦੀ ਹਨ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਐੱਨ ਡੀ ਏ ਵੱਲ ਪਲਟੀ ਮਾਰਨ ’ਤੇ ਤਿੱਖਾ ਹਮਲਾ ਕੀਤਾ। ਉਨ੍ਹਾ ਰਾਜਦ ਆਗੂ ਤੇਜਸਵੀ ਯਾਦਵ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾ 17 ਮਹੀਨੇ ਉਪ ਮੁੱਖ ਮੰਤਰੀ ਰਹਿੰਦਿਆਂ ਵੱਡੀ ਗਿਣਤੀ ਵਿਚ ਨੌਕਰੀਆਂ ਪੈਦਾ ਕਰਕੇ ਚੰਗਾ ਕੰਮ ਕੀਤਾ। ਉਨ੍ਹਾ ਤੇਜਸਵੀ ਵੱਲ ਮੁਖਾਤਬ ਹੁੰਦਿਆਂ ਕਿਹਾਤੁਹਾਡੇ ਚਾਚਾ (ਨਿਤੀਸ਼) ਪਲਟੀ ਮਾਰ ਗਏ। ਉਹ ਫਿਰ ਪਲਟੀ ਮਾਰ ਸਕਦੇ ਹਨ, ਪਰ ਹੁਣ ਉਨ੍ਹਾ ਨੂੰ ਜੱਫੀ ਨਾ ਪਾਇਓ।
ਨਿਤੀਸ਼ ’ਤੇ ਸਭ ਤੋਂ ਤਕੜਾ ਹਮਲਾ ਲਾਲੂ ਪ੍ਰਸਾਦ ਨੇ ਬੋਲਿਆ। ਉਨ੍ਹਾ ਰੈਲੀ ਵਿਚ ਜੁੜੇ ਲੋਕਾਂ ਨੂੰ ਕਿਹਾਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਤਾ ਤੋਂ ਲਾਹ ਦਿਓ। ਮੈਂ ਤੁਹਾਡਾ ਹੌਸਲਾ ਵਧਾਉਣ ਲਈ ਤੁਹਾਡੇ ਵਿਚ ਰਹਾਂਗਾ। ਜੇ ਨਿਤੀਸ਼ ਨੇ ਭਾਜਪਾ ਤੋਂ ਤੰਗ ਆ ਕੇ ਫਿਰ ਸਾਡੇ ਵੱਲ ਆਉਣ ਦੀ ਕੋਸ਼ਿਸ਼ ਤਾਂ ਉਨ੍ਹਾ ਨੂੰ ਧੱਕਾ ਮਿਲੇਗਾ।
ਪ੍ਰਧਾਨ ਮੰਤਰੀ ਮੋਦੀ ਵੱਲੋਂ ਵੰਸ਼ਵਾਦ ਦੇ ਦੋਸ਼ ਲਾਉਣ ਦੀ ਪਰਵਾਹ ਕੀਤੇ ਬਿਨਾਂ ਲਾਲੂ ਨੇ ਆਪਣੇ ਬੇਟਿਆਂ ਤੇਜਸਵੀ ਯਾਦਵ, ਤੇਜ ਪ੍ਰਤਾਪ ਯਾਦਵ ਤੇ ਬੇਟੀਆਂ ਪ੍ਰਤੀ ਮੋਹ ਦਾ ਇਜ਼ਹਾਰ ਕਰਦਿਆਂ ਕਿਹਾਜੇ ਮੋਦੀ ਦਾ ਪਰਵਾਰ ਨਹੀਂ ਹੈ ਤਾਂ ਅਸੀਂ ਕੀ ਕਰ ਸਕਦੇ ਹਾਂ। ਉਹ ਰਾਮ ਮੰਦਰ ਬਣਾਉਣ ਦੀਆਂ ਗੱਲਾਂ ਕਰਦੇ ਹਨ, ਪਰ ਉਹ ਅਸਲੀ ਹਿੰਦੂ ਨਹੀਂ। ਹਿੰਦੂ ਰਵਾਇਤ ਹੈ ਕਿ ਆਪਣੇ ਮਾਪਿਆਂ ਦੀ ਮੌਤ ’ਤੇ ਬੇਟਾ ਸਿਰ ਤੇ ਦਾੜ੍ਹੀ ਮੁੰਨਵਾਉਦਾ ਹੈ। ਜਦੋਂ ਮਾਂ ਦੀ ਮੌਤ ਹੋਈ ਤਾਂ ਮੋਦੀ ਨੇ ਸਿਰ ਨਹੀਂ ਮੁੰਨਵਾਇਆ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾਜਬ ਜੋਸ਼ੀਲੇ ਨੌਜਵਾਨ ਮਿਲ ਜਾਤੇ ਹੈਂ, ਬੜੇ-ਬੜੇ ਤਖਤ ਹਿਲ ਜਾਤੇ ਹੈਂ। ਯੂ ਪੀ ਤੇ ਬਿਹਾਰ ਵਿਚ ਲੋਕ ਸਭਾ ਦੀਆਂ 120 ਸੀਟਾਂ ਹਨ ਤੇ ਜੇ ਅਸੀਂ ਇਨ੍ਹਾਂ ਦੋਹਾਂ ਰਾਜਾਂ ਵਿਚ ਭਾਜਪਾ ਨੂੰ ਵਲ੍ਹੇਟ ਦਿੱਤਾ ਤਾਂ ਉਹ ਕੇਂਦਰ ਵਿਚ ਸਰਕਾਰ ਨਹੀਂ ਬਣਾ ਸਕੇਗੀ।
ਸੀ ਪੀ ਆਈ ਦੇ ਜਨਰਲ ਸਕੱਤਰ ਡੀ ਰਾਜਾ, ਸੀ ਪੀ ਆਈ (ਐੱਮ) ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਤੇ ਸੀ ਪੀ ਆਈ (ਐੱਮ ਐੱਲ) ਦੇ ਜਨਰਲ ਸਕੱਤਰ ਦੀਪਾਂਕਰ ਭੱਟਾਚਾਰੀਆ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਨੀਤੀਆਂ ਵੱਡੇ ਬਿਜ਼ਨਸਮੈਨਾਂ ਨੂੰ ਫਾਇਦੇ ਪਹੁੰਚਾ ਰਹੀਆਂ ਹਨ। ਨੌਕਰੀਆਂ ਪੈਦਾ ਕਰਨ ਲਈ ਉਨ੍ਹਾਂ ਤੇਜਸਵੀ ਦੀ ਸਿਫਤ ਕੀਤੀ।
ਤੇਜਸਵੀ ਯਾਦਵ, ਜਿਨ੍ਹਾ ਦੀ ਜਨ-ਵਿਸ਼ਵਾਸ ਯਾਤਰਾ ਦਾ ਸਿਖਰ ਇਹ ਮਹਾਂ ਰੈਲੀ ਸੀ, ਨੇ ਇਸ ਹਿੰਦੀ ਫਿਲਮੀ ਗਾਣੇ ਦੇ ਹਵਾਲੇ ਨਾਲ ਨਿਤੀਸ਼ ’ਤੇ ਹਮਲਾ ਕੀਤਾਇਧਰ ਚਲਾ ਕਭੀ ਉਧਰ ਚਲਾ, ਫਿਸਲ ਗਯਾ। ਰੈਲੀ ਵਿਚ ਭੀੜ ਦੇਖਣ ਵਾਲੀ ਸੀ। ਰਾਜਦ ਦੇ ਕਈ ਹਮਾਇਤੀ ਸ਼ਨੀਵਾਰ ਰਾਤ ਪੁੱਜ ਗਏ ਸਨ। ਲੰਗਰ ਦਾ ਕਾਫੀ ਪ੍ਰਬੰਧ ਸੀ। ਲੋਕ ਗਾਂਧੀ ਮੈਦਾਨ ਵਿਚ ਤੜਕੇ ਹੀ ਪੁੱਜਣ ਲੱਗੇ ਸਨ ਤੇ ਮੀਂਹ ਦੇ ਬਾਵਜੂਦ ਰੈਲੀ ਮੁੱਕਣ ਤੱਕ ਡਟੇ ਰਹੇ।