ਲੋਕ ਸਭਾ ਚੋਣਾਂ ਦੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੱਛਮੀ ਬੰਗਾਲ ਦੇ ਨਾਦੀਆ ਸ਼ਹਿਰ ’ਚ ਸ਼ਨੀਵਾਰ ਕੀਤੀ ਗਈ ਤਕਰੀਰ ਵਿਚ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਲੋਕ ਸਭਾ ਵਿਚ ਮੋਦੀ ਸਰਕਾਰ ’ਤੇ ਤਿੱਖੇ ਹਮਲੇ ਕਰਨ ਵਾਲੀ ਮਹੂਆ ਮੋਇਤਰਾ ਪ੍ਰਤੀ ਅਪਣਾਈ ਗਈ ਖਾਮੋਸ਼ੀ ਨੇ ਸੂਬੇ ਦੇ ਭਾਜਪਾ ਆਗੂਆਂ ਨੂੰ ਕਸੂਤਾ ਫਸਾ ਦਿੱਤਾ ਹੈ। ਮੋਦੀ ਨੇ ਤਿ੍ਰਣਮੂਲ ਕਾਂਗਰਸ ਦੀ ਲੀਡਰਸ਼ਿਪ ’ਤੇ ਨਰੇਗਾ ਸਕੀਮ ’ਚ ਘਪਲੇ ਦੇ ਦੋਸ਼ ਲਾਏ ਤੇ ਸੰਦੇਸ਼ਖਾਲੀ ਵਿਚ ਤਿ੍ਰਣਮੂਲ ਕਾਂਗਰਸ ਦੇ ਆਗੂ ਸ਼ਾਹਜਹਾਂ ਸ਼ੇਖ ਦੇ ਦਮਨ ਦਾ ਜ਼ਿਕਰ ਕੀਤਾ, ਪਰ ਸ਼ੁੱਕਰਵਾਰ ਆਰਾਮਬਾਗ ਦੀ ਰੈਲੀ ਦੇ ਉਲਟ ਮਮਤਾ ਦਾ ਜ਼ਿਕਰ ਨਹੀਂ ਕੀਤਾ। ਮਮਤਾ ਬੈਨਰਜੀ ਨੇ ਇਕ ਦਿਨ ਪਹਿਲਾਂ ਮੋਦੀ ਨਾਲ ਰਾਜ ਭਵਨ ਵਿਚ ਸ਼ਿਸ਼ਟਾਚਾਰ ਮੁਲਾਕਾਤ ਕੀਤੀ ਸੀ। ਮੋਦੀ ਤੋਂ ਪਹਿਲਾਂ ਸੂਬਾਈ ਭਾਜਪਾ ਆਗੂਆਂ ਨੇ ਮਮਤਾ ’ਤੇ ਤਿੱਖੇ ਹਮਲੇ ਕੀਤੇ ਸਨ। ਦਰਅਸਲ ਚੋਣਾਂ ਵਿਚ ਮਮਤਾ ’ਤੇ ਹਮਲੇ ਹੀ ਉਨ੍ਹਾਂ ਦਾ ਮੁੱਖ ਹਥਿਆਰ ਹੈ। ਮੋਦੀ ਦੀ ਖਾਮੋਸ਼ੀ ਤੋਂ ਬਾਅਦ ਭਾਜਪਾ ਆਗੂ ਕਹਿ ਰਹੇ ਹਨ ਕਿ ਉਨ੍ਹਾਂ ਲਈ ਕਾਡਰ ਨੂੰ ਸਮਝਾਉਣਾ ਮੁਸ਼ਕਲ ਹੋ ਜਾਵੇਗਾ ਕਿ ਪਾਰਟੀ ਦੀ ਪਾਲਿਸੀ ਕੀ ਹੈ? ਕਈ ਭਾਜਪਾ ਸੂਤਰਾਂ ਨੇ ਕਿਹਾ ਕਿ ਉਹ ਮੋਦੀ-ਮਮਤਾ ਦੀ ਮੀਟਿੰਗ ਬਾਰੇ ਨਰਵਸ ਹਨ, ਕਿਉਕਿ ਇਸ ਨਾਲ ਖੱਬੀਆਂ ਪਾਰਟੀਆਂ ਤੇ ਕਾਂਗਰਸ ਨੂੰ ਇਹ ਕਹਿਣ ਦਾ ਮੌਕਾ ਮਿਲ ਜਾਣਾ ਕਿ ਮੋਦੀ ਤੇ ਮਮਤਾ ਵਿਚਾਲੇ ਸੌਦੇਬਾਜ਼ੀ ਹੋ ਚੁੱਕੀ ਹੈ। ਮਮਤਾ ਨਾਲ ਰਾਜ ਭਵਨ ਵਿਚ ਮੋਦੀ ਦੀ ਮੀਟਿੰਗ ਸੂਬਾਈ ਪਾਰਟੀ ਯੂਨਿਟ ਲਈ ਚੰਗੀ ਖਬਰ ਨਹੀਂ। ਭਾਜਪਾ ਆਗੂ ਸੋਚ ਰਹੇ ਸਨ ਕਿ ਮੋਦੀ ਮਹੂਆ ਮੋਇਤਰਾ ਦੇ ਹਲਕੇ �ਿਸ਼ਨ ਨਗਰ ਵਿਚ ਮਹੂਆ ’ਤੇ ਹਮਲਾ ਬੋਲਣਗੇ, ਪਰ ਕੁਝ ਨਹੀਂ ਬੋਲੇ। ਮੋਦੀ ਤੋਂ ਪਹਿਲਾਂ ਬੋਲਣ ਵਾਲੇ ਭਾਜਪਾ ਆਗੂਆਂ ਨੇ ਮਹੂਆ ’ਤੇ ਤਿੱਖੇ ਹਮਲੇ ਕੀਤੇ ਸਨ। ਸਿਆਸੀ ਅਬਜ਼ਰਵਰ ਮੋਦੀ ਵੱਲੋਂ ਮਹੂਆ ਦਾ ਜ਼ਿਕਰ ਨਾ ਕਰਨ ਨੂੰ ਚਲਾਕ ਸਿਆਸੀ ਚਾਲ ਮੰਨ ਰਹੇ ਹਨ।
ਮਮਤਾ ਬੈਨਰਜੀ ਆਪੋਜ਼ੀਸ਼ਨ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਦਾ ਹਿੱਸਾ ਹੋਣ ਦੇ ਬਾਵਜੂਦ ਸੀਟਾਂ ਦੀ ਵੰਡ ਦੇ ਮਾਮਲੇ ਵਿਚ ਕਾਂਗਰਸ ਨੂੰ ਬਣਦੀਆਂ ਸੀਟਾਂ ਦੇਣ ਲਈ ਰਾਜ਼ੀ ਨਹੀਂ। ਭਾਜਪਾ ਦੀ 195 ਉਮੀਦਵਾਰਾਂ ਦੀ ਪਹਿਲੀ ਲਿਸਟ ਵਿਚ ਕਈ ਅਜਿਹੇ ਸਾਂਸਦਾਂ ਨੂੰ ਟਿਕਟ ਤੋਂ ਨਾਂਹ ਕਰ ਦਿੱਤੀ ਗਈ ਹੈ, ਜਿਹੜੇ ਫਿਰਕੂ ਜ਼ਹਿਰ ਫੈਲਾਉਣ ਦਾ ਕੰਮ ਕਰਦੇ ਰਹੇ ਹਨ। ਭਾਜਪਾ ਨੂੰ ਸਮਝ ਆ ਗਈ ਲੱਗਦੀ ਹੈ ਕਿ ਫਿਰਕੂ ਕਤਾਰਬੰਦੀ ਐਤਕੀਂ ਕੰਮ ਨਹੀਂ ਆਉਣੀ। ਹਿੰਦੀ ਭਾਸ਼ੀ ਰਾਜਾਂ ਵਿਚ ਉਹ ਜਿੰਨੀਆਂ ਸੀਟਾਂ ਜਿੱਤ ਸਕਦੀ ਸੀ, ਜਿੱਤ ਚੁੱਕੀ ਹੈ, ਹੁਣ ਉਹ ਵਧਣੀਆਂ ਨਹੀਂ, ਸਗੋਂ ਘਟਣੀਆਂ ਹੀ ਹਨ। ਦੱਖਣ ਵਿਚ ਵੀ ਉਸ ਪੱਲੇ ਖਾਸ ਪੈਂਦਾ ਨਹੀਂ ਲੱਗ ਰਿਹਾ। ਮੋਦੀ-ਮਮਤਾ ਦੀ ਮਿਲਣੀ ਨੂੰ ਇਸ ਸੰਦਰਭ ਵਿਚ ਵੀ ਦੇਖਿਆ ਜਾ ਸਕਦਾ ਹੈ। ਮਮਤਾ ਅਟਲ ਬਿਹਾਰੀ ਵਾਜਪਾਈ ਹਕੂਮਤ ਵਿਚ ਰੇਲ ਮੰਤਰੀ ਰਹਿ ਚੁੱਕੀ ਹੈ। ਖੱਬੀਆਂ ਪਾਰਟੀਆਂ ਤੇ ਕਾਂਗਰਸ ਦੇ ਆਪਣੇ ਵਿਰੋਧ ਦੇ ਚਲਦਿਆਂ ਉਹ ਵੀ ਨਿਤੀਸ਼ ਕੁਮਾਰ ਵਰਗਾ ਕੌਤਕ ਕਰ ਸਕਦੀ ਹੈ।