ਲਖਨਊ : ਯੂ ਪੀ ਦੇ ਬਾਰਾਬੰਕੀ ਤੋਂ ਭਾਜਪਾ ਸਾਂਸਦ ਉਪੇਂਦਰ ਸਿੰਘ ਰਾਵਤ ਨੇ ਕਥਿਤ ਅਸ਼ਲੀਲ ਵੀਡੀਓ ਵਾਇਰਲ ਹੋਣ ਦੇ ਬਾਅਦ ਲੋਕ ਸਭਾ ਚੋਣ ਨਾ ਲੜਨ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਨੇ ਉਸ ਨੂੰ ਐਤਕੀਂ ਫਿਰ ਟਿਕਟ ਦਿੱਤੀ ਸੀ। ਉਸ ਨੇ ਪਾਰਟੀ ਪ੍ਰਧਾਨ ਜੇ ਪੀ ਨੱਢਾ ਨੂੰ ਬੇਨਤੀ ਕੀਤੀ ਹੈ ਕਿ ਉਹ ਵੀਡੀਓ ਦੀ ਜਾਂਚ ਕਰਾਉਣ। ਜਦੋਂ ਤੱਕ ਉਹ ਬੇਗੁਨਾਹ ਸਾਬਤ ਨਹੀਂ ਹੁੰਦਾ, ਉਹ ਚੋਣ ਨਹੀਂ ਲੜੇਗਾ। ਵੀਡੀਓ ਵਿਚ ਰਾਵਤ ਵਰਗਾ ਬੰਦਾ ਵਿਦੇਸ਼ੀ ਮਹਿਲਾਵਾਂ ਨਾਲ ਨਜ਼ਰ ਆ ਰਿਹਾ ਹੈ। ਰਾਵਤ ਦਾ ਕਹਿਣਾ ਹੈ ਕਿ ਇਹ ਫੇਕ ਵੀਡੀਓ ਹੈ। ਇਸ ਤੋਂ ਪਹਿਲਾਂ ਭੋਜਪੁਰੀ ਗਾਇਕ ਪਵਨ ਸਿੰਘ ਨੇ ਪੱਛਮੀ ਬੰਗਾਲ ਦੇ ਆਸਨਸੋਲ ਹਲਕੇ ਤੋਂ ਚੋਣ ਨਾ ਲੜਨ ਦਾ ਐਲਾਨ ਕੀਤਾ ਸੀ, ਜਦੋਂ ਉਸ ਦੇ ਮਹਿਲਾਵਾਂ ਬਾਰੇ ਕਥਿਤ ਅਸ਼ਲੀਲ ਗਾਣਿਆਂ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਕਾਫੀ ਵਿਵਾਦ ਛਿੜ ਗਿਆ ਸੀ।





