ਚੰਡੀਗੜ੍ਹ (ਗੁਰਜੀਤ ਬਿੱਲਾ, ਕਿ੍ਰਸ਼ਨ ਗਰਗ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਮਵਾਰ ਰਾਜਪਾਲ ਦੇ ਭਾਸ਼ਣ ਤੋਂ ਭੱਜ ਜਾਣ ਲਈ ਵਿਰੋਧੀ ਧਿਰ ਉਤੇ ਜੰਮ ਕੇ ਵਰ੍ਹਦਿਆਂ ਕਿਹਾ ਕਿ ਅਸਲ ਵਿੱਚ ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਲਈ ਕੀਤੇ ਜਾ ਰਹੇ ਉਪਰਾਲੇ ਵਿਰੋਧੀ ਪਾਰਟੀ ਦੇ ਵਿਧਾਇਕਾਂ ਨੂੰ ਹਜ਼ਮ ਨਹੀਂ ਹੋ ਰਹੇ।
ਸਦਨ ਵਿੱਚ ਰਾਜਪਾਲ ਦੇ ਭਾਸ਼ਣ ਉਤੇ ਚਰਚਾ ਵਿੱਚ ਹਿੱਸਾ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਨੇਤਾਵਾਂ ਨੂੰ ਸੂਬੇ ਦੀ ਭੋਰਾ ਵੀ ਪ੍ਰਵਾਹ ਨਹੀਂ, ਸਗੋਂ ਇਹ ਲੋਕ ਕਿਸੇ ਨਾ ਕਿਸੇ ਢੰਗ ਨਾਲ ਸਿਆਸੀ ਚੌਧਰੀ ਬਣੇ ਰਹਿਣਾ ਚਾਹੁੰਦੇ ਹਨ। ਉਨ੍ਹਾ ਕਿਹਾ ਕਿ ਜਦੋਂ ਉਨ੍ਹਾ ਦੀ ਸਰਕਾਰ ਕਿਸਾਨਾਂ ਦੀ ਭਲਾਈ ਲਈ ਅਣਥੱਕ ਯਤਨ ਕਰ ਰਹੀ ਹੈ ਤਾਂ ਵਿਰੋਧੀ ਪਾਰਟੀ ਅੰਨਦਾਤਿਆਂ ਦੇ ਮੁੱਦਿਆਂ ਉਤੇ ਸਿਰਫ ਮਗਰਮੱਛ ਦੇ ਹੰਝੂ ਵਹਾ ਰਹੀ ਹੈ। ਮਾਨ ਨੇ ਕਿਹਾ ਕਿ ਇਨ੍ਹਾਂ ਲੀਡਰਾਂ ਦੇ ਸ਼ੱਕੀ ਕਿਰਦਾਰ ਕਰਕੇ ਇਨ੍ਹਾਂ ਨੂੰ ਸੂਬੇ ਦੇ ਲੋਕਾਂ ਨੇ ਮੂੰਹ ਨਹੀਂ ਲਾਇਆ ਅਤੇ ਹੁਣ ਅਗਾਮੀ ਲੋਕ ਸਭਾ ਚੋਣਾਂ ਵਿੱਚ ਵੀ ਇਹ ਪੰਜਾਬ ਵਾਸੀ ਇਨ੍ਹਾਂ ਨੂੰ ਸਬਕ ਸਿਖਾਉਣਗੇ।
ਮਾਨ ਨੇ ਕਿਹਾਇਨ੍ਹਾਂ ਲੋਕਾਂ ਦੀਆਂ ਮਾੜੀਆਂ ਨੀਤੀਆਂ ਨੇ ਸੂਬੇ ਦਾ ਭਵਿੱਖ ਤਬਾਹ ਕਰ ਦਿੱਤਾ ਹੈ। ਲੋਕਾਂ ਨੂੰ ਦੋ ਡੰਗ ਦੀ ਰੋਟੀ ਦਾ ਬੰਦੋਬਸਤ ਕਰਨ ਲਈ ਮਾਮੂਲੀ ਜਿਹੀਆਂ ਨੌਕਰੀਆਂ ਕਰਨੀਆਂ ਪਈਆਂ ਹਨ, ਜਦੋਂ ਕਿ ਇਨ੍ਹਾਂ ਲੋਕਾਂ ਨੇ ਆਪਣੇ ਪਿਓ-ਦਾਦਿਆਂ ਦੇ ਤਸਕਰੀ ਦੇ ‘ਸੋਨੇ ਦੇ ਬਿਸਕੁਟਾਂ’ ਦੇ ਸਹਾਰੇ ਜ਼ਿੰਦਗੀ ਦਾ ਆਨੰਦ ਮਾਣਿਆ ਹੈ। ਉਹਨਾ ਕਿਹਾ ਕਿ ਇਨ੍ਹਾਂ ਵਿੱਚੋਂ ਬਹੁਤੇ ਆਗੂ ‘ਮੌਕਾਪ੍ਰਸਤ ਅਤੇ ਦਲ-ਬਦਲੂ’ ਹਨ, ਜੋ ਆਪਣੇ ਸਵਾਰਥਾਂ ਅਨੁਸਾਰ ਵਫਾਦਾਰੀ ਬਦਲ ਲੈਂਦੇ ਹਨ।
ਮੁੱਖ ਮੰਤਰੀ ਨੇ ਸਦਨ ਦੇ ਸਪੀਕਰ ਨੂੰ ਜਿੰਦਰਾ ਭੇਟ ਕਰਕੇ ਵਿਧਾਨ ਸਭਾ ਸਦਨ ਦੇ ਗੇਟ ਨੂੰ ਅੰਦਰੋਂ ਤਾਲਾ ਲਗਾਉਣ ਦੀ ਅਪੀਲ ਕੀਤੀ ਤਾਂ ਜੋ ਵਿਰੋਧੀ ਧਿਰ ਬਾਹਰ ਨਾ ਜਾ ਸਕੇ। ਉਨ੍ਹਾ ਕਿਹਾਰਾਜਪਾਲ ਦੇ ਭਾਸ਼ਣ ਦੌਰਾਨ ਵਿਰੋਧੀ ਧਿਰ ਸਦਨ ਤੋਂ ਭੱਜ ਗਈ ਸੀ, ਸਦਨ ਦੇ ਨਿਗਰਾਨ ਵਜੋਂ ਸਪੀਕਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਵਿਰੋਧੀ ਧਿਰ ਸਦਨ ਤੋਂ ਨਾ ਭੱਜੇ। ਵਿਰੋਧੀ ਧਿਰ ਨੂੰ ਰੋਜ਼ਾਨਾ ਕਿਸੇ ਨਾ ਕਿਸੇ ਬਹਾਨੇ ਸਦਨ ਤੋਂ ਭੱਜਣ ਦੀ ਆਦਤ ਹੈ, ਜਿਸ ਦੀ ਇਜਾਜਤ ਨਹੀਂ ਦਿੱਤੀ ਜਾਣੀ ਚਾਹੀਦੀ, ਕਿਉਂਕਿ ਇਹ ਸਦਨ ਦਾ ਮਜ਼ਾਕ ਹੈ। ਜਮਹੂਰੀਅਤ ਦੇ ਸਮੁੱਚੇ ਇਤਿਹਾਸ ਵਿੱਚ ਸਪੀਕਰ ਨੂੰ ਕਦੇ ਵੀ ਕਿਸੇ ਨੇ ਅਜਿਹਾ ਤੋਹਫਾ ਨਹੀਂ ਦਿੱਤਾ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੇ ਇਨ੍ਹਾਂ ਆਗੂਆਂ ਨੂੰ ਸਦਨ ਦੀ ਕਾਰਵਾਈ ਦੌਰਾਨ ਭੱਜਣ ਲਈ ਨਹੀਂ ਚੁਣਿਆ, ਸਗੋਂ ਇਨ੍ਹਾਂ ਨੂੰ ਬਹਿਸਾਂ ਵਿੱਚ ਹਿੱਸਾ ਲੈਣ ਲਈ ਚੁਣਿਆ ਗਿਆ ਹੈ। ਉਹਨਾ ਦਾ ਸੂਬੇ ਵਿੱਚ ਜਮਹੂਰੀਅਤ ਨੂੰ ਬਚਾਉਣ ਦਾ ਇਕੋ-ਇਕ ਮਕਸਦ ਹੈ ਅਤੇ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਹਨਾ ਕਿਹਾ ਕਿ ਵਿਰੋਧੀ ਧਿਰ ਰਾਜਪਾਲ ਦੇ ਭਾਸ਼ਣ ਤੋਂ ਸਿਰਫ ਇਸ ਲਈ ਭੱਜ ਗਈ, ਕਿਉਂਕਿ ਉਹ ਸੱਚਾਈ ਸੁਣਨਾ ਨਹੀਂ ਚਾਹੁੰਦੇ।
ਮੁੱਖ ਮੰਤਰੀ ਨੇ ਕਿਹਾ ਕਿ ਮੁੱਖ ਮਸਲਿਆਂ ਤੋਂ ਭੱਜ ਜਾਣਾ ਕਾਂਗਰਸ ਦੇ ਡੀ ਐੱਨ ਏ ਵਿੱਚ ਹੈ ਅਤੇ ਏਸੇ ਰਾਹ ਉਤੇ ਸੂਬਾ ਕਾਂਗਰਸ ਚੱਲ ਰਹੀ ਹੈ। ਇਸ ਦੀ ਮਿਸਾਲ ਦਿੰਦਿਆਂ ਉਨ੍ਹਾ ਕਿਹਾ ਕਿ ਜਦੋਂ ਦੇਸ਼ ਵਿੱਚ ਬਜਟ ਅਜਲਾਸ ਚੱਲ ਰਿਹਾ ਸੀ ਤਾਂ ਉਸ ਵੇਲੇ ਕਾਂਗਰਸ ਦਾ ਸੀਨੀਅਰ ਨੇਤਾ ਰਾਹੁਲ ਗਾਂਧੀ ਛੱਤੀਸਗੜ੍ਹ ਦੇ ਜੰਗਲਾਂ ਵਿੱਚ ਭਟਕ ਰਿਹਾ ਸੀ। ਮਾਨ ਨੇ ਕਿਹਾ ਕਿ ਦੇਸ਼ ਵਿੱਚ ਕਾਂਗਰਸ ਸਭ ਤੋਂ ਗੈਰ-ਜ਼ਿੰਮੇਵਾਰਾਨਾ ਪਾਰਟੀ ਹੈ, ਜਿਸ ਨੂੰ ਆਮ ਵਿਅਕਤੀ ਦੀ ਰੱਤੀ ਭਰ ਵੀ ਪ੍ਰਵਾਹ ਨਹੀਂ।
ਉਹਨਾ ਕਿਹਾ ਕਿ ਕਾਂਗਰਸ ਪਾਰਟੀ ਹੁਣ ਗੋਡਿਆਂ ਭਾਰ ਹੋਈ ਹੈ ਅਤੇ ਇਹ ਪਾਰਟੀ ਹਰ ਰੋਜ਼ ‘ਆਪ’ ਕੋਲ ਗਠਜੋੜ ਕਰਨ ਲਈ ਤਰਲੇ ਲੈ ਰਹੀ ਹੈ। ਇਹ ਸਿਆਸੀ ਆਗੂ ਚੱਲ ਹੋਏ ਕਾਰਤੂਸ ਹਨ, ਜਿਨ੍ਹਾਂ ਦਾ ਲੋਕਾਂ ਵਿੱਚ ਕੋਈ ਆਧਾਰ ਨਹੀਂ ਅਤੇ ਲੋਕਾਂ ਵੱਲੋਂ ਇਨ੍ਹਾਂ ਨੂੰ ਪੂਰੀ ਤਰ੍ਹਾਂ ਨਕਾਰਿਆ ਜਾ ਚੁੱਕਾ ਹੈ। ਉਹਨਾ ਕਿਹਾਜਿੱਥੇ ‘ਆਪ’ ਦੇ ਵਿਧਾਇਕ ਬਚਪਨ ਤੋਂ ਹੀ ਆਟੇ ਦੇ ਬਣੇ ਬਿਸਕੁਟ ਖਾਂਦੇ ਆ ਰਹੇ ਹਨ, ਉੱਥੇ ਕਾਂਗਰਸ ਦੇ ਚੋਟੀ ਦੇ ਆਗੂਆਂ ਕੋਲ ਆਪਣੇ ਪਿਓ-ਦਾਦਿਆਂ ਵੱਲੋਂ ਤਸਕਰੀ ਰਾਹੀਂ ਲਿਆਂਦੇ ਗਏ ਸੋਨੇ ਦੇ ਬਿਸਕੁਟ ਸਨ। ਬਾਦਲ ਪਰਵਾਰ ਵੱਲੋਂ ਨਿੱਜੀ ਫਾਇਦਿਆਂ ਲਈ ਸੂਬੇ ਦੇ ਕਰੋੜਾਂ ਰੁਪਏ ਲੁੱਟਣ ਦੀ ਆਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੁਖਵਿਲਾਸ ਹੋਟਲ ਦੀ ਉਸਾਰੀ ਲਈ ਬਾਦਲਾਂ ਨੂੰ ਲਾਭ ਪਹੁੰਚਾਉਣ ਵਾਸਤੇ ਸੱਤ ਸਿਤਾਰਾ ਰਿਜ਼ਾਰਟ ਦੇ ਲਗਜ਼ਰੀ ਟੈਕਸ ਅਤੇ ਹੋਰਨਾਂ ਨੂੰ ਮੁਆਫ ਕੀਤਾ ਗਿਆ। ਇਹ ਬੜਾ ਮੰਦਭਾਗਾ ਹੈ ਕਿ ਇਸ ਰਿਜ਼ਾਰਟ ਦੇ 108 ਕਰੋੜ ਰੁਪਏ ਮੁਆਫ ਕਰ ਦਿੱਤੇ ਗਏ, ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਹੋਇਆ ਹੈ। ਅਸਲ ਵਿੱਚ ਮੈਟਰੋ ਈਕੋ ਗ੍ਰੀਨ ਰਿਜ਼ੋਰਟ ਪਿੰਡ ਪੱਲਣਪੁਰ, ਜਿਸ ਨੂੰ ਹੁਣ ਸੁਖਵਿਲਾਸ ਕਿਹਾ ਜਾਂਦਾ ਹੈ, ਸੂਬੇ ਲਈ ਅਸਲੀ ਦੁੱਖ ਵਿਲਾਸ ਹੈ, ਕਿਉਂਕਿ ਇਹ ਪੰਜਾਬੀਆਂ ਦੇ ਖੂਨ ਨਾਲ ਉਸਾਰਿਆ ਗਿਆ ਹੈ। ਨਵਜੋਤ ਸਿੰਘ ਸਿੱਧੂ ਦੀ ਤੁਲਨਾ ਕਠੂਆ ਤੋਂ ਪੰਜਾਬ ਵੱਲ ਬਿਨਾਂ ਡਰਾਈਵਰ ਦੇ ਚੱਲੀ ਮਾਲ ਗੱਡੀ ਨਾਲ ਕਰਦੇ ਹੋਏ ਮਾਨ ਨੇ ਕਿਹਾਸਿੱਧੂ ਵਨ ਮੈਨ ਸ਼ੋਅ ਹੈ, ਜਿਸ ਨੂੰ ਕਿਸੇ ਦੀ ਪ੍ਰਵਾਹ ਨਹੀਂ। ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਪੁਰਾਣੇ ਮਾਡਲ ਦੀ ਫੀਏਟ ਕਾਰ ਵਾਂਗ ਹੈ, ਜਿਸ ਨੂੰ ਆਧੁਨਿਕ ਲੋੜਾਂ ਮੁਤਾਬਕ ਅਪਡੇਟ ਨਹੀਂ ਕੀਤਾ ਜਾ ਸਕਦਾ।




