ਸਿੰਗਾਪੁਰ : ਸਿੰਗਾਪੁਰ ਨੇ ਵਿਦੇਸ਼ੀ ਕਾਮਿਆਂ ਨੂੰ ਜਾਰੀ ਕੀਤੇ ਰੁਜ਼ਗਾਰ ਪਾਸ (ਈ ਪੀ) ਲਈ ਘੱਟੋ-ਘੱਟ ਯੋਗਤਾ ਮਾਸਕ ਤਨਖਾਹ 5000 ਤੋਂ ਵਧਾ ਕੇ 5600 ਸਿੰਗਾਪੁਰ ਡਾਲਰ ਕਰ ਦਿੱਤੀ ਹੈ। ਵਧੀ ਹੋਈ ਤਨਖਾਹ 1 ਜਨਵਰੀ 2025 ਤੋਂ ਲਾਗੂ ਹੋਵੇਗੀ। ਵਿੱਤੀ ਸੇਵਾਵਾਂ ’ਚ ਕੰਮ ਕਰਨ ਵਾਲਿਆਂ ਲਈ ਘੱਟੋ-ਘੱਟ ਉਜਰਤ 5500 ਤੋਂ 6200 ਸਿੰਗਾਪੁਰ ਡਾਲਰ ਤੱਕ ਵਧਾ ਦਿੱਤੀ ਗਈ ਹੈ। ਅਜਿਹਾ ਇਸ ਸੈਕਟਰ ’ਚ ਵੱਧ ਤਨਖਾਹਾਂ ਦੇ ਰੁਝਾਨ ਨੂੰ ਦੇਖਦੇ ਹੋਏ ਕੀਤਾ ਗਿਆ ਹੈ। ਨਵਾਂ ਤਨਖਾਹ ਸਕੇਲ ਈ ਪੀ ਧਾਰਕਾਂ ’ਤੇ ਉਦੋਂ ਲਾਗੂ ਹੋਵੇਗਾ, ਜਦੋਂ ਉਹ ਇੱਕ ਸਾਲ ਬਾਅਦ ਪਾਸ ਨੂੰ ਰੀਨਿਊ ਕਰਨਗੇ।
ਪਾਕਿਸਤਾਨੀ ਮੁੱਕੇਬਾਜ਼ ਇਟਲੀ ’ਚ ਸਾਥਣ ਦੇ ਪੈਸੇ ਚੁੱਕ ਕੇ ਗਾਇਬ
ਕਰਾਚੀ : ਪਾਕਿਸਤਾਨੀ ਮੁੱਕੇਬਾਜ਼ ਇਟਲੀ ’ਚ ਆਪਣੇ ਸਾਥੀ ਖਿਡਾਰੀ ਦੇ ਬੈਗ ਵਿੱਚੋਂ ਪੈਸੇ ਚੋਰੀ ਕਰਕੇ ਲਾਪਤਾ ਹੋ ਗਿਆ। ਪਾਕਿਸਤਾਨ ਐਮੇਚਿਓਰ ਬਾਕਸਿੰਗ ਫੈਡਰੇਸ਼ਨ ਨੇ ਕਿਹਾ ਕਿ ਜੋਹੇਬ ਰਸ਼ੀਦ ਉਲੰਪਿਕ ਕੁਆਲੀਫਾਇੰਗ ਟੂਰਨਾਮੈਂਟ ’ਚ ਹਿੱਸਾ ਲੈਣ ਲਈ ਇਟਲੀ ਗਿਆ ਸੀ। ਉਸ ਦੀ ਇਹ ਕਾਰਵਾਈ ਫੈਡਰੇਸ਼ਨ ਅਤੇ ਦੇਸ਼ ਲਈ ਬਹੁਤ ਸ਼ਰਮਨਾਕ ਹੈ। ਜੋਹੇਬ ਨੇ ਪਿਛਲੇ ਸਾਲ ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ’ਚ ਕਾਂਸੀ ਦਾ ਤਮਗਾ ਜਿੱਤਿਆ ਸੀ। ਮਹਿਲਾ ਮੁੱਕੇਬਾਜ਼ ਲੌਰਾ ਇਕਰਾਮ ਅਭਿਆਸ ਲਈ ਗਈ ਸੀ ਅਤੇ ਜੋਹੇਬ ਨੇ ਫਰੰਟ ਡੈਸਕ ਤੋਂ ਉਸ ਦੇ ਕਮਰੇ ਦੀ ਚਾਬੀ ਕੱਢੀ ਤੇ ਉਸ ਦੇ ਪਰਸ ਵਿੱਚੋਂ ਵਿਦੇਸ਼ੀ ਕਰੰਸੀ ਕੱਢ ਲਈ। ਇਸ ਤੋਂ ਬਾਅਦ ਉਹ ਹੋਟਲ ਤੋਂ ਗਾਇਬ ਹੋ ਗਿਆ।




