ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮੰਗਲਵਾਰ ਦੋਸ਼ ਲਾਇਆ ਕਿ ਸਰਕਾਰ ਆਪਣੇ ਸ਼ੱਕੀ ਲੈਣ-ਦੇਣ ਨੂੰ ਲੁਕਾਉਣ ਅਤੇ ਚੋਣ ਬਾਂਡ ਨਾਲ ਸੰਬੰਧਤ ਸੁਪਰੀਮ ਕੋਰਟ ਦੇ ਫੈਸਲੇ ਨੂੰ ਦਰਕਿਨਾਰ ਕਰਨ ਲਈ ਸਟੇਟ ਬੈਂਕ ਆਫ ਇੰਡੀਆ ਨੂੰ ਢਾਲ ਵਜੋਂ ਵਰਤ ਰਹੀ ਹੈ। ਬੈਂਕ ਨੇ ਸੋਮਵਾਰ ਸੁਪਰੀਮ ਕੋਰਟ ਨੂੰ ਸਿਆਸੀ ਪਾਰਟੀਆਂ ਵੱਲੋਂ ਜਮ੍ਹਾਂ ਕੀਤੇ ਹਰ ਚੋਣ ਬਾਂਡ ਦੇ ਵੇਰਵਿਆਂ ਦਾ ਖੁਲਾਸਾ ਕਰਨ ਲਈ ਸਮਾਂ 30 ਜੂਨ ਤੱਕ ਵਧਾਉਣ ਦੀ ਬੇਨਤੀ ਕੀਤੀ ਸੀ। ਪਿਛਲੇ ਮਹੀਨੇ ਆਪਣੇ ਫੈਸਲੇ ’ਚ ਸੁਪਰੀਮ ਕੋਰਟ ਨੇ ਉਸ ਨੂੰ 6 ਮਾਰਚ ਤੱਕ ਚੋਣ ਕਮਿਸ਼ਨ ਨੂੰ ਵੇਰਵੇ ਜਮ੍ਹਾਂ ਕਰਨ ਦਾ ਨਿਰਦੇਸ਼ ਦਿੱਤਾ ਸੀ।
ਇਜ਼ਰਾਈਲ ’ਤੇ ਮਿਜ਼ਾਈਲ ਹਮਲੇ ’ਚ ਕੇਰਲਾ ਦੇ ਵਿਅਕਤੀ ਦੀ ਮੌਤ
ਯੇਰੂਸ਼ਲਮ : ਇਜ਼ਰਾਈਲ ਦੀ ਉੱਤਰੀ ਸਰਹੱਦ ’ਤੇ ਸਥਿਤ ਮਾਰਗਲੀਓਟ ਦੇ ਨੇੜੇ ਬਾਗ ’ਚ ਸੋਮਵਾਰ ਨੂੰ ਲਿਬਨਾਨ ਤੋਂ ਦਾਗੀ ਟੈਂਕ ਵਿਰੋਧੀ ਮਿਜ਼ਾਈਲ ਦੀ ਲਪੇਟ ’ਚ ਆਉਣ ਕਾਰਨ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਅਤੇ ਦੋ ਜ਼ਖਮੀ ਹੋ ਗਏ। ਇਹ ਤਿੰਨੋਂ ਕੇਰਲਾ ਦੇ ਰਹਿਣ ਵਾਲੇ ਸਨ। ਮਿਜ਼ਾਈਲ ਸੋਮਵਾਰ ਸਵੇਰੇ ਕਰੀਬ 11 ਵਜੇ ਉੱਤਰੀ ਇਜ਼ਰਾਈਲ ਦੇ ਗੈਲੀਲੀ ਖੇਤਰ ’ਚ ਮਾਰਗਲੀਓਟ ਦੇ ਬਾਗ ’ਚ ਡਿੱਗੀ। ਇਸ ਹਮਲੇ ’ਚ ਕੇਰਲਾ ਦੇ ਕੋਲੱਮ ਵਾਸੀ ਪੈਟਨੀਬਿਨ ਮੈਕਸਵੈੱਲ ਦੀ ਮੌਤ ਹੋ ਗਈ। ਬੁਸ਼ ਜੋਸਫ ਜਾਰਜ ਅਤੇ ਪਾਲ ਮੇਲਵਿਨ ਜ਼ਖਮੀ ਹੋਏ ਹਨ।
ਪਿੱਦੀ ਜਹਾਜ਼ ਖੇਤ ’ਚ ਉਤਰਿਆ
ਗਯਾ : ਬਿਹਾਰ ਦੇ ਗਯਾ ਜ਼ਿਲ੍ਹੇ ਦੇ ਬਗਦਹਾ ਪਿੰਡ ਵਿਚ ਸਿਖਲਾਈ ਲਈ ਵਰਤਿਆ ਜਾਣ ਵਾਲਾ ਛੋਟਾ ਫੌਜੀ ਜਹਾਜ਼ ਮੰਗਲਵਾਰ ਸਵੇਰੇ ਉਡਾਣ ਭਰਨ ਤੋਂ ਤੁਰੰਤ ਬਾਅਦ ਖਰਾਬੀ ਕਾਰਨ ਖੇਤ ਵਿਚ ਉਤਰ ਗਿਆ। ਦੋਵੇਂ ਟਰੇਨੀ ਪਾਇਲਟ ਜ਼ਖਮੀ ਹੋ ਗਏ।




