ਚੰਡੀਗੜ੍ਹ : ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲਾ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਮੰਗਲਵਾਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਰਲ ਗਿਆ। ਢੀਂਡਸਾ ਸਾਥੀ ਆਗੂਆਂ ਨਾਲ ਚੰਡੀਗੜ੍ਹ ਸਥਿਤ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕੋਠੀ ਪੁੱਜੇ ਤੇ ਸੁਖਬੀਰ ਨੇ ਉਨ੍ਹਾ ਨੂੰ ਦਲ ਦਾ ਸਰਪ੍ਰਸਤ ਐਲਾਨਿਆ। ਸਾਂਝੀ ਪ੍ਰੈੱਸ ਕਾਨਫਰੰਸ ਵਿਚ ਢੀਂਡਸਾ ਨੇ ਕਿਹਾ ਕਿ ਦੋਵੇਂ ਪਾਰਟੀਆਂ ਪੰਜਾਬ ਨੂੰ ਬਚਾਉਣ ਲਈ ਰਲੀਆਂ ਹਨ। ਇਸ ਰਲੇਵੇਂ ਨਾਲ ਲੋਕ ਸਭਾ ਚੋਣਾਂ ਲਈ ਪਾਰਟੀ ਮਜ਼ਬੂਤ ਹੋ ਕੇ ਮੈਦਾਨ ’ਚ ਨਿੱਤਰੇਗੀ। ਇਹ ਪੁੱਛਣ ਕਿ ਕੀ ਉਨ੍ਹਾ ਸੁਖਬੀਰ ਨੂੰ ਪ੍ਰਧਾਨ ਮੰਨ ਲਿਆ ਹੈ, ਢੀਂਡਸਾ ਨੇ ਕਿਹਾਇਹ ਵੇਲਾ ਅਜਿਹੀਆਂ ਗੱਲਾਂ ਦਾ ਨਹੀਂ, ਪੰਥ ਦੇ ਵੱਡੇ ਮੁੱਦੇ ਸੁਲਝਾਉਣ ਦਾ ਹੈ। ਢੀਂਡਸਾ ਦੇ ਬੇਟੇ ਪਰਮਿੰਦਰ ਸਿੰਘ ਢੀਂਡਸਾ 2012-17 ਵਿਚ ਅਕਾਲੀ-ਭਾਜਪਾ ਸਰਕਾਰ ਵਿਚ ਵਿੱਤ ਮੰਤਰੀ ਰਹਿ ਚੁੱਕੇ ਹਨ ਤੇ ਰਿਪੋਰਟਾਂ ਹਨ ਕਿ ਉਨ੍ਹਾ ਨੂੰ ਸੰਗਰੂਰ ਤੋਂ ਲੋਕ ਸਭਾ ਚੋਣ ਲੜਾਈ ਜਾਵੇਗੀ।





