ਸ਼ਾਹਕੋਟ (ਗਿਆਨ ਸੈਦਪੁਰੀ)-ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਸਿਆਸਤ ਵਿੱਚ ਹਰੇਕ ਸਿਆਸੀ ਪਾਰਟੀ ਅੰਦਰ ਲੋਕ ਸਭਾਈ ਚੋਣਾਂ ਬਰੂਹਾਂ ’ਤੇ ਆਣ ਢੁਕੀਆਂ ਹੋਣ ਦੇ ਮੱਦੇਨਜ਼ਰ ਜਿੱਥੇ ਸਰਗਰਮੀ ਸ਼ੁਰੂ ਹੋ ਗਈ ਹੈ, ਉੱਥੇ ਕੁਝ ਖੇਮਿਆਂ ਅੰਦਰ ਤਲਖ਼ੀ ਤੇ ਬੇਚੈਨੀ ਵੀ ਮਹਿਸੂਸ ਕੀਤੀ ਜਾ ਸਕਦੀ ਹੈ। ਵਾਰ-ਵਾਰ ਨਿੱਕੇ-ਨਿੱਕੇ ਮਸਲੇ ਉੱਠਣ ’ਤੇ ਕੋਈ ਕੱਛਾਂ ਵਜਾਉਦਾ ਹੈ ਤੇ ਕੋਈ ਨਿਰਾਸ਼ਾ ਦੇ ਆਲਮ ਵਿੱਚ ਚਲਾ ਜਾਂਦਾ ਹੈ। ਇਹ ਸਾਰਾ ਕੁਝ ਸੱਤਾ ਤੱਕ ਪਹੁੰਚਣ ਲਈ ਹੁੰਦਾ ਹੈ। ਇੱਥੇ ਪ੍ਰੋਫੈਸਰ ਹਰਦਿਆਲ ਸਾਗਰ ਦੀ ਗ਼ਜ਼ਲ ਦਾ ਇਹ ਸ਼ੇਅਰ, ‘ਜਿਓਂ-ਜਿਓਂ ਉਲਝਦੇ ਮਸਲੇ, ਇਹ ਤਿਓਂ-ਤਿਓਂ ਮੁਸਕਰਾਉਦੀ ਹੈ ਸਿਆਸਤ, ਮਸਲਿਆਂ ਦੇ ਸਿਰ ’ਤੇ ਹੀ ਸੱਤਾ ’ਚ ਆਉਦੀ ਹੈ,’ ਇਸ ਵਰਤਾਰੇ ’ਤੇ ਪੂਰੀ ਤਰਾਂ ਢੁਕਦਾ ਹੈ।ਹਲਕੇ ਦੀ ਕਾਂਗਰਸ ਦੇ ਮੋਹਰੀ ਆਗੂ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਜਿੱਥੇ ਹਮੇਸ਼ਾ ਸਿਆਸੀ ਤੌਰ ’ਤੇ ਸਰਗਰਮ ਰਹਿੰਦੇ ਹਨ, ਉੱੱਥੇ ਸੁਣਿਆ ਹੈ ਕਿ ਉਹ ਆਮ ਆਦਮੀ ਪਾਰਟੀ ਦੀ ਹਲਕਾ ਇੰਚਾਰਜੀ ਦੇ ਉਲਝੇ ਰਹਿੰਦੇ ਮਸਲੇ ’ਤੇ ਮਹਿਸੂਸ ਕਰਦੇ ਹਨ ਕਿ ਵਿਧਾਨ ਸਭਾ ਦੀਆਂ ਦੁਬਾਰਾ ਬਰੂਹਾਂ ਟੱਪਣੀਆਂ ਉਨ੍ਹਾ ਲਈ ਸੌਖੀਆਂ ਰਹਿਣੀਆਂ ਹਨ।ਆਮ ਆਦਮੀ ਪਾਰਟੀ ਵੱਲੋਂ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਨੂੰ ਹਲਕਾ ਇੰਚਾਰਜ ਲਾ ਦੇਣ ਉਪਰੰਤ ਸਿਆਸਤ ਦੀ ਮੱਸ ਰੱਖਣ ਵਾਲੇ ਕੁਝ ਹਿੱਸਿਆਂ ਵੱਲੋਂ ਸਮਝਿਆ ਜਾ ਰਿਹਾ ਸੀ ਕਿ ਰਾਣਾ ਹਰਦੀਪ ਸਿੰਘ ਹਲਕੇ ਦੀ ਸਿਆਸਤ ਤੋਂ ਪਾਸੇ ਹੋ ਜਾਣਗੇ। ਰਾਣਾ ਵੱਲੋਂ ਹਲਕੇ ਦੀ ਸਿਆਸਤ ਦਾ ਰੁਖ਼ ਬਦਲ ਦੇਣ ਦੇ ਦਾਅਵੇ ਦੇ ਮੱਦੇਨਜ਼ਰ ਵਿਰੋਧੀ ਕੁਝ ਡਰੇ ਵੀ ਹੋਏ ਸਨ। ਉਹ ਡਰ ਤੋਂ ਸੁਰਖਰੂ ਹੋਏ ਵੀ ਮਹਿਸੂਸ ਹੁੰਦੇ ਸਨ। ਪਤਾ ਲੱਗਾ ਹੈ ਕਿ ਰਾਣਾ ਹਰਦੀਪ ਸਿੰਘ ਨਾ ਤਾਂ ਹਲਕੇ ਦੀ ਸਿਆਸਤ ਨੂੰ ਅਲਵਿਦਾ ਕਹਿਣਗੇ ਤੇ ‘ਰੁਖ਼ ਬਦਲ ਦੇਣ’ ਦੇ ਦਾਅਵੇ ਨੂੰ ਸੱਚ ਕਰਨ ਲਈ ਹੋਰ ਸਰਗਰਮ ਹੋ ਗਏ ਹਨ। ਹਲਕੇ ਦੇ ਪਹਿਲਾਂ ਰਹੇ ਇੰਚਾਰਜ ਮਰਹੂਮ ਰਤਨ ਸਿੰਘ ਕਾਕੜ ਕਲਾਂ ਦੀ ਪਤਨੀ ਨੇ ਪਤੀ ਦੀ ਮੌਤ ਤੋਂ ਬਾਅਦ ਸਿਆਸੀ ਸਰਗਰਮੀ ਜਾਰੀ ਰੱਖੀ ਹੋਈ ਸੀ। ਹੁਣ ਉਨ੍ਹਾ ਨੂੰ ਇਨਫੋਟੈਕ ਦਾ ਡਾਇਰੈਕਟਰ ਬਣਾਉਣ ਨਾਲ ਉਨ੍ਹਾ ਦੀ ਸਿਆਸਤ ਹੋਰ ਸੰਜੀਦਾ ਹੋ ਗਈ ਹੈ। ਹਲਕੇ ਅੰਦਰ ਜਥੇਦਾਰ ਅਜੀਤ ਸਿੰਘ ਕੋਹਾੜ ਅਕਾਲੀ ਦਲ (ਬਾਦਲ) ਦੇ ਆਗੂ ਅਤੇ ਭਾਜਪਾ ਦੇ ਆਗੂ ਤਰਸੇਮ ਲਾਲ ਮਿੱਤਲ ਦੀ ਚੰਗੀ ਸਾਂਝ ਰਹੀ ਹੈ। ਕਦੇ-ਕਦੇ ਕੁੜੱਤਣ ਦੇ ਪਲ ਵੀ ਆ ਜਾਂਦੇ ਸਨ। ਜਥੇਦਾਰ ਕੋਹਾੜ ਤਾਂ ਇਸ ਦੁਨੀਆ ਤੋਂ ਰੁਖ਼ਸਤ ਹੋ ਚੁੱਕੇ ਹਨ ਤੇ ਮਿੱਤਲ ਸਾਹਿਬ ਕਾਫੀ ਬਜ਼ੁਰਗ ਹੋ ਜਾਣ ਕਾਰਨ ਲਗਭਗ ਸਿਆਸਤ ਤੋਂ ਪਾਸੇ ਹੋ ਗਏ ਹਨ।ਅਕਾਲੀ ਦਲ (ਬਾਦਲ) ਤੇ ਭਾਜਪਾ ਦਾ ਤੋੜ-ਵਿਛੋੜਾ ਹੋ ਜਾਣ ਤੋਂ ਬਾਅਦ ਹਲਕੇ ਅੰਦਰ ਦੋਵਾਂ ਪਾਰਟੀਆਂ ਦਰਮਿਆਨ ਦੂਰੀਆਂ ਦਾ ਵਧਣਾ ਕੁਦਰਤੀ ਸੀ। ਚੱਲ ਰਹੇ ਕਿਸਾਨ ਅੰਦੋਲਨ ਦੇ ਜਲਦੀ ਹੱਲ ਹੋ ਜਾਣ ਦੀਆਂ ਕਨਸੋਆਂ ਦੌਰਾਨ ਦੋਵਾਂ ਪਾਰਟੀਆਂ ਦੇ ਨਵੇਂ ਆਗੂ ਇਸ ਆਸ ਵਿੱਚ ਹਨ ਕਿ ਦੁਬਾਰਾ ਗਠਜੋੜ ਹੋ ਰਿਹਾ ਹੈ। ਭਾਜਪਾ ਦੇ ਇੱਕ ਆਗੂ ਨੇ ਤਾਂ ਗਠਜੋੜ ਹੋ ਜਾਣ ਦੀ ਤਰੀਕ ਦੀ ਵੀ ਭਵਿੱਖਬਾਣੀ ਕਰ ਦਿੱਤੀ ਹੈ। ਤਰਸੇਮ ਲਾਲ ਮਿੱਤਲ ਦਾ ਲੜਕਾ ਅਸ਼ਨ ਮਿੱਤਲ ਉਨ੍ਹਾ ਦਾ ਸਿਆਸੀ ਵਾਰਿਸ ਬਣ ਕੇ ਸਾਹਮਣੇ ਆਇਆ ਹੈ। ਇਨ੍ਹੀਂ ਦਿਨੀਂ ਭਾਜਪਾ ਵਿੱਚ ਇੱਕ ਹੋਰ ਗੱਲ ਇਹ ਹੋਈ ਹੈ ਕਿ ਅਨੁਸੂਚਿਤ ਜਾਤੀ ਦੇ ਕੁਝ ਆਗੂਆਂ ਨੂੰ ਅਹੁਦੇਦਾਰੀਆਂ ਦੇ ਕੇ ਭਾਜਪਾ ਨੇ ਪਰਵਾਰ ਵਿੱਚ ਵਾਧਾ ਕੀਤਾ ਹੈ। ਉਜ ਭਾਜਪਾ ਦੇ ਹਲਕਾ ਇੰਚਾਰਜ ਨਰਿੰਦਰ ਪਾਲ ਸਿੰਘ ਚੰਦੀ ਹਨ ਤੇ ਉਹ ਜਲੰਧਰ ਰਹਿੰਦੇ ਹਨ।ਆਪਣੇ ਦਾਦਾ ਜਥੇਦਾਰ ਅਜੀਤ ਸਿੰਘ ਕੋਹਾੜ ਦੀ ਸਿਆਸਤ ਦੇ ਵਾਰਿਸ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਸ਼ਾਇਦ ‘ਤੇਲ ਦੇਖੋ ਤੇ ਤੇਲ ਦੀ ਧਾਰ ਦੇਖੋ’ ਦੀ ਧਾਰਨਾ ’ਤੇ ਚੱਲ ਰਹੇ ਹਨ। ਇਸੇ ਕਰਕੇ ਉਨ੍ਹਾ ਦੀ ਸਿਆਸੀ ਸਰਗਰਮੀ ਸੀਮਤ ਹੈ।





