ਸੰਗਰੂਰ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਭਾਕਿਯੂ (ਏਕਤਾ ਉਗਰਾਹਾਂ) ਵਲੋਂ ਮੰਨੀਆਂ ਕਿਸਾਨੀ ਮੰਗਾਂ ਲਾਗੂ ਨਾ ਕਰਨ ‘ਤੇ ਕੇਂਦਰ ਸਰਕਾਰ ਖਿਲਾਫ ਮੰਗਲਵਾਰ ਇਥੇ ਅਨਾਜ ਮੰਡੀ ‘ਚ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਕੀਤੀ ਗਈ, ਜਿਸ ਵਿਚ ਮੰਗਾਂ ਲਾਗੂ ਕਰਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ 31 ਜੁਲਾਈ ਨੂੰ ਲੱਡਾ ਟੋਲ ਪਲਾਜ਼ਾ, ਕਾਲਾਝਾੜ ਟੋਲ ਪਲਾਜ਼ਾ ਅਤੇ ਹਿਸਾਰ ਰੋਡ ‘ਤੇ ਸੜਕੀ ਆਵਾਜਾਈ ਠੱਪ ਕਰਨ ਦਾ ਐਲਾਨ ਕੀਤਾ ਗਿਆ | ਕੇਂਦਰ ਸਰਕਾਰ ‘ਤੇ ਧੋਖਾ ਕਰਨ ਦਾ ਦੋਸ਼ ਲਾਉਂਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਮੋਰਚੇ ਨਾਲ ਐੱਮ ਐੱਸ ਪੀ ਲਾਗੂ ਕਰਨ ਦਾ ਵਾਅਦਾ ਕੀਤਾ ਗਿਆ ਸੀ, ਪਰ ਹੁਣ ਆਪਣਾ ਵਾਅਦਾ ਪੂਰਾ ਕਰਨ ਤੋਂ ਭੱਜ ਰਹੀ ਹੈ | ਦਿੱਲੀ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਵਿਰੁੱਧ ਦਰਜ ਕੇਸ ਅਜੇ ਤੱਕ ਵਾਪਸ ਨਹੀਂ ਲਏ ਗਏ ਅਤੇ ਨਾ ਹੀ ਹੋਰ ਲਟਕਦੀਆਂ ਮੰਗਾਂ ਨੂੰ ਪੂਰਾ ਕੀਤਾ ਗਿਆ ਹੈ | ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਲਗਾਤਾਰ ਪੰਜਾਬ ਅਤੇ ਕਿਸਾਨ ਵਿਰੋਧੀ ਫੈਸਲੇ ਲੈ ਰਹੀ ਹੈ, ਜਿਸ ਕਾਰਨ ਸਮੁੱਚੇ ਕਿਸਾਨ ਵਰਗ ਵਿਚ ਭਾਰੀ ਰੋਸ ਹੈ | ਮੋਰਚੇ ਵੱਲੋਂ 31 ਜੁਲਾਈ ਨੂੰ ਸੜਕਾਂ ਜਾਮ ਕਰਨ ਦੇ ਦਿੱਤੇ ਸੱਦੇ ਨੂੰ ਪੂਰੀ ਤਰਾਂ ਸਫ਼ਲ ਬਣਾਇਆ ਜਾਵੇਗਾ, ਜਿਸ ਲਈ ਕਿਸਾਨਾਂ ਅਤੇ ਹਰ ਵਰਗ ਦੇ ਲੋਕਾਂ ਨੂੰ ਕੇਂਦਰ ਸਰਕਾਰ ਦੇ ਮਾਰੂ ਫੈਸਲਿਆਂ ਵਿਰੁੱਧ ਲਾਮਬੰਦ ਕੀਤਾ ਜਾ ਰਹਾ ਹੈ |